arrow

ਕਾਗਜ਼ਾਂ 'ਚ ਹੀ ਬਣੇਗੀ ਹਰਿਆਣਾ ਗੁਰਦੁਆਰਾ ਕਮੇਟੀ- ਬਾਦਲ

ਚੰਡੀਗੜ੍ਹ , 12 ਜੁਲਾਈ-

ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦਾ ਕਹਿਣਾ ਹੈ ਕਿ ਹਰਿਆਣਾ ਦੀ ਵੱਖਰੀ ਗੁਰਦੁਆਰਾ ਕਮੇਟੀ ਸਿਰਫ ਕਾਗਜ਼ਾਂ ਵਿਚ ਹੀ ਬਣੇਗੀ। ਸ. ਬਾਦਲ ਨੇ ਕਿਹਾ ਕਿ ਕਾਂਗਰਸ ਜਾਣਬੁੱਝ ਕੇ ਇਸ ਮਸਲੇ ਨੂੰ ਭਖਾ ਰਹੀ ਹੈ ਜਦੋਂ ਕਿ ਇਹ ਸਾਰੀ ਕਾਰਵਾਈ ਸੰਵਿਧਾਨ ਦੇ ਖਿਲਾਫ ਹੈ। ਮੁੱਖ ਮੰਤਰੀ ਨੇ ਇਸ ਨੂੰ ਚੁਣਾਵੀ ਸਟੰਟ ਦੱਸਿਆ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸ. ਬਾਦਲ ਚੰਡੀਗੜ੍ਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।

ਵੀਰਵਾਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਵਲੋਂ ਵੱਖਰੀ ਕਮੇਟੀ ਦਾ ਐਲਾਨ ਅਤੇ ਸ਼ੁੱਕਰਵਾਰ ਨੂੰ ਵਿਧਾਨ ਸਭਾ ਵਲੋਂ ਕਮੇਟੀ ਬਿੱਲ ਪਾਸ ਕਰਨ ਤੋਂ ਬਾਅਦ ਪੰਜਾਬ ਵਿਚ ਇਸ ਨੂੰ ਲੈ ਕੇ ਸਿਆਸਤ ਤੇਜ਼ ਹੋ ਗਈ ਹੈ। ਹਰਿਆਣਾ ਕਾਂਗਰਸ ਇਸ ਨੂੰ ਜਿਥੇ ਆਪਣੀ ਜਿੱਤ ਸਮਝ ਰਹੀ ਹੈ ਉਥੇ ਅਕਾਲੀ ਦਲ ਇਸ ਨੂੰ ਸਟੰਟ ਦੱਸ ਰਿਹਾ ਹੈ। ਸ੍ਰੀ ਆਨੰਦਪੁਰ ਸਾਹਿਬ ਤੋਂ ਅਕਾਲੀ ਦਲ ਦੇ ਐਮ.ਪੀ. ਪ੍ਰੇਮ ਸਿਘ ਚੰਦੂਮਾਜਰਾ ਨੇ ਹਰਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਦਾ ਲੋਕ ਸਭਾ 'ਚ ਚੁੱਕਿਆ ਹੈ।

ਇਸ ਗੱਲ ਦੀ ਜਾਣਕਾਰੀ ਖੁਦ ਚੰਦੂਮਾਜਰਾ ਨੇ ਸ਼ਨੀਵਾਰ ਨੂੰ ਚੰਡੀਗੜ੍ਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤੀ। ਉਨ੍ਹਾਂ ਕਿਹਾ ਕਿ ਇਸ ਗੈਰ ਵਿਧਾਨਿਕ ਕਮੇਟੀ ਬਾਰੇ ਉਨ੍ਹਾਂ ਲੋਕ ਸਭਾ 'ਚ ਮੁੱਦਾ ਚੁੱਕ ਕੇ ਇਸ ਬਾਬਤ ਦੇਸ਼ ਦੇ ਗ੍ਰਹਿ ਮੰਤਰੀ ਨੂੰ ਜਾਣਕਾਰੀ ਦਿੱਤੀ ਹੈ। ਚੰਦੂਮਾਜਰਾ ਨੇ ਕਿਹਾ ਕਿ ਹਰਿਆਣਾ 'ਚ ਵੱਖਰੀ ਕਮੇਟੀ ਬਣਾਉਣ ਦੀ ਗੱਲ ਕਦੇ ਵੀ ਸਿਰੇ ਨਹੀਂ ਚੜ੍ਹ ਸਕਦੀ।