arrow

ਬਾਦਲ ਨੇ ਨਬਾਰਡ ਨੂੰ ਹੁਨਰ ਵਿਕਾਸ ਕੇਂਦਰ ਦਾ ਨੈਟਵਰਕ ਸਥਾਪਿਤ ਕਰਨ ਲਈ ਆਖਿਆ

ਚੰਡੀਗੜ੍ਹ, 12 ਜੁਲਾਈ-

ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਵਾਸਤੇ ਹੁਨਮੰਦ ਬਨਾਉਣ ਲਈ ਨਬਾਰਡ ਨੂੰ ਰਾਜ ਭਰ ਦੇ ਪਿੰਡਾਂ ਵਿੱਚ ਹੁਨਰ ਵਿਕਾਸ ਕੇਂਦਰ ਸਥਾਪਿਤ ਕਰਨ ਲਈ ਵਿਸ਼ੇਸ ਸਕੀਮ ਤਿਆਰ ਕਰਨ ਲਈ ਆਖਿਆ ਹੈ ਤਾਂ ਜੋ ਸੂਬੇ ਦੇ ਨੌਜਵਾਨ ਇੱਕ ਪਾਸੇ ਅਪਣੇ ਜੀਵਨ ਬਸਰ ਕਰਨ ਲਈ ਕਮਾਈ ਕਰ ਸਕਣ ਅਤੇ ਦੂਜੇ ਪਾਸੇ ਨਸ਼ਿਆਂ ਦੀ ਲਾਹਨਤ ਤੋਂ ਦੂਰ ਰਹਿ ਸਕਣ।

ਨਬਾਰਡ ਦੇ 33ਵੇਂ ਸਥਾਪਨਾ ਦਿਵਸ ਮੌਕੇ ਇੱਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਰਵਿਸ ਸੈਕਟਰ, ਖਾਸ ਕਰ ਸਰਕਾਰੀ ਸੈਕਟਰ ਵਿੱਚ ਸਮੁੱਚੇ ਨੌਜਵਾਨਾਂ ਨੂੰ ਖਪਾਉਣਾ ਸੰਭਵ ਨਹੀਂ ਹੈ ਕਿਉਂਕਿ ਇਨ੍ਹਾਂ ਖੇਤਰਾਂ ਵਿੱਚ ਰੋਜ਼ਗਾਰ ਦੇ ਮੌਕੇ ਬਹੁਤ ਸੀਮਤ ਹੋ ਗਏ ਹਨ ਅਤੇ ਮੈਰਿਟ ਬਹੁਤ ਉਪਰ ਜਾਣ ਲੱਗ ਪਈ ਹੈ। ਇਸ ਸੰਦਰਭ ਵਿੱਚ ਨੌਜਵਾਨਾਂ ਨੂੰ ਆਪਣੇ ਪੈਰਾਂ ਦੇ ਖੜ੍ਹੇ ਕਰਨ ਲਈ ਹੁਨਰ ਵਿਕਾਸ ਸਿਖਲਾਈ ਮੁਹੱਇਆ ਕਰਵਾਉਣ ਦਾ ਹੀ ਇੱਕ ਬਦਲ ਰਹਿ ਗਿਆ ਹੈ। ਉਨ੍ਹਾਂ ਨੇ ਨਬਾਰਡ ਨੂੰ ਅਜਿਹੀ ਸਕੀਮ ਲਾਗੂ ਕਰਨ ਲਈ ਰੂਪ ਰੇਖਾ ਤਿਆਰ ਕਰਨ ਤੋਂ ਪਹਿਲਾ ਰਾਜ ਸਰਕਾਰ ਨਾਲ ਸਲਾਹ ਮਸ਼ਵਰਾ ਕਰਨ 'ਤੇ ਵੀ ਜੋਰ ਦਿੱਤਾ ਹੈ।

ਨਸ਼ਿਆਂ ਦੀ ਲਹਾਨਤ ਦਾ ਖਾਤਮਾ ਕਰਨ ਵਾਸਤੇ ਮੁੜ ਵਸੇਬਾ ਕੇਂਦਰ ਸਥਾਪਿਤ ਕਰਨ ਲਈ ਰਾਜ ਸਰਕਾਰ ਨੂੰ ਨਬਾਰਡ ਅਤੇ ਇਸ ਦੀਆਂ ਭਾਈਵਾਲ ਬੈਂਕਾਂ ਵੱਲੋਂ ਫੰਡਾਂ ਲਈ ਪੂਰੀ ਮਦਦ ਅਤੇ ਸਹਿਯੋਗ ਦੇਣ ਦੀ ਮੰਗ ਕਰਦੇ ਹੋਏ ਮੁੱਖ ਮੰਤਰੀ ਨੇ ਨਬਾਰਡ ਨੂੰ ਇਸ ਭਲੇ ਦੇ ਕਾਰਜ ਲਈ ਕਾਰਪੋਰੇਟ ਸੋਸ਼ਲ ਰਿਪੋਂਸੀਬੈਲਟੀ (ਸੀ.ਐਸ.ਆਰ) ਦੇ ਹੇਠ ਪੂਰਾ ਯੋਗਦਾਨ ਪਾਉਣ ਲਈ ਆਖਿਆ ਹੈ। ਰਾਜ ਦੀ ਖੁਸ਼ਹਾਲੀ ਅਤੇ ਸਮੁੱਚੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਪੂਰੀ ਮਦਦ ਦੇਣ ਵਾਸਤੇ ਨਬਾਰਡ ਦਾ ਧੰਨਵਾਦ ਕਰਦੇ ਹੋਏ ਸ. ਬਾਦਲ ਨੇ ਮੱਛੀ ਪਾਲਣ, ਡੇਅਰੀ, ਬਾਗਬਾਨੀ ਵਰਗੇ ਖੇਤੀ ਸਹਾਇਕ ਧੰਦਿਆਂ ਦੇ ਰਾਹੀਂ ਖੇਤੀ ਵਿਭਿੰਨਤਾ ਨੂੰ ਬੜ੍ਹਵਾ ਦੇਣ ਵਾਸਤੇ ਵੀ ਨਬਾਰਡ ਨੂੰ ਫੰਡਾਂ ਦੀ ਪੂਰੀ ਮਦਦ ਦੇਣ 'ਤੇ ਜੋਰ ਪਾਇਆ ਹੈ।

ਦਿਹਾਤੀ ਵਿਕਾਸ ਅਤੇ ਖੇਤੀਬਾੜੀ ਵਿਕਾਸ ਲਈ ਨਬਾਰਡ ਵੱਲੋ ਦਿੱਤੇ ਗਏ ਵਿਲਖਣ ਯੋਗਦਾਨ ਦੀ ਪ੍ਰਸੰਸਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਖੇਤਰਾਂ ਵਿੱਚ ਅਜੇ ਹੋਰ ਵੀ ਬਹੁਤ ਕੁੱਝ ਕਰਨ ਦੀ ਲੋੜ ਹੈ ਕਿਉਂਕਿ ਸਰੋਤਾਂ ਤੋਂ ਸਖਣੇ ਬਹੁਮੱਤ ਲੋਕ ਪਿੰਡਾਂ ਵਿੱਚ ਰਹਿ ਰਹੇ ਹਨ ਅਤੇ ਉਨ੍ਹਾਂ ਦੀਆਂ ਹਾਲਤਾਂ ਬਹੁਤ ਤਰਸਯੋਗ ਹਨ। ਉਨ੍ਹਾਂ ਕੋਲ ਸ਼ਹਿਰੀ ਸੁਵਿਧਾਵਾਂ, ਸਿੱਖਿਆ ਅਤੇ ਸਿਹਤ ਸਹੂਲਤਾਂ ਦੀ ਬਹੁਤ ਘਾਟ ਹੈ। ਉਨ੍ਹਾਂ ਨੇ ਨਬਾਰਡ ਨੂੰ ਉਨ੍ਹਾਂ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਵਾਸਤੇ ਆਪਣੀ ਨੀਤੀ ਅਤੇ ਪ੍ਰੋਗਰਾਮ ਬਨਾਉਣ ਦੀ ਅਪੀਲ ਕੀਤੀ ਜਿਨਾਂ ਨੂੰ ਅਜੇ ਵੀ ਦੋ ਵਕਤ ਦੀ ਰੋਟੀ ਠੀਕ ਤਰੀਕੇ ਨਾਲ ਨਹੀਂ ਮਿਲਦੀ।

ਇਸ ਤੋਂ ਪਹਿਲਾ ਨਬਾਰਡ ਦੇ ਚੀਫ ਜਨਰਲ ਮੈਨੇਜਰ ਸ੍ਰੀ ਨਾਰੇਸ਼ ਗੁਪਤਾ ਨੇ ਸਵਾਗਤੀ ਭਾਸ਼ਣ ਦਿੱਤਾ ਅਤੇ ਆਰ.ਆਈ.ਵੀ.ਐਫ ਦੇ ਹੇਠ ਸਕੀਮਾਂ ਦੀ ਜਾਣਕਾਰੀ ਦਿੱਤੀ। ਇਨ੍ਹਾਂ ਸਕੀਮਾਂ ਵਿੱਚ ਪੰਜਾਬ ਨੇ ਵਧੀਆ ਕਾਰਗੁਜਾਰੀ ਦਿਖਾਈ ਹੈ ਅਤੇ ਵਿਲੱਖਣ ਪ੍ਰਗਤੀ ਕੀਤੀ ਹੈ ਇਨ੍ਹਾਂ ਸਕੀਮਾਂ ਵਿੱਚ ਜਲ ਸਪਲਾਈ ਅਤੇ ਸੈਨੀਟੇਸ਼ਨ, ਸਿੰਚਾਈ, ਡੇਅਰੀ ਅਤੇ ਮੱਛੀ ਪਾਲਣ ਸ਼ਾਮਲ ਹਨ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਨਬਾਰਡ ਪੰਜਾਬ ਦੇ ਸਕੀਮਾਂ ਨੂੰ ਲਾਗੂ ਕਰਨ ਸਬੰਧੀ ਵਧੀਆਂ ਰਿਕਾਰਡ ਦੇ ਮੱਦੇਨਜ਼ਰ ਰਾਜ ਨੂੰ ਦਿਹਾਤੀ ਵਿਕਾਸ ਸਬੰਧੀ ਪ੍ਰੋਗਰਾਮਾਂ ਲਈ ਫੰਡ ਮੁਹੱਇਆ ਕਰਾਉਣ ਵਾਸਤੇ ਤਿਆਰ ਹੈ। ਉਨ੍ਹਾਂ ਕਿਹਾ ਕਿ ਦਿਹਾਤੀ ਵਿਕਾਸ ਅਤੇ ਖੇਤੀ ਆਰਥਿਕਤਾ ਨੂੰ ਉੱਚਾ ਚੁੱਕਣ ਲਈ ਨਬਾਰਡ ਨਿਯਮਾਂ ਵਿੱਚ ਢਿੱਲ ਦੇਣ ਲਈ ਵੀ ਤਿਆਰ ਹੈ।

ਇਸ ਮੌਕੇ ਮੁੱਖ ਮੰਤਰੀ ਨੇ ਨਬਾਰਡ ਦੀਆਂ ਸਕੀਮਾਂ ਨੂੰ ਵਧੀਆਂ ਤਰੀਕੇ ਨਾਲ ਲਾਗੂ ਕਰਨ ਲਈ ਉਤਮ ਯੋਗ ਦੇਣ ਵਾਲੇ ਬੈਂਕਾਂ, ਸਵੈ ਹੈਲਪ ਗਰੁੱਪਾਂ ਅਤੇ ਨਬਾਰਡ ਵਿੱਚ ਰਾਜ ਸਰਕਾਰ ਦੇ ਸੀਨੀਅਰ ਭਾਈਵਾਲ ਵਿੱਚੋਂ 55 ਨੂੰ ਦਾ ਸਨਮਾਨ ਕੀਤਾ। ਸ੍ਰ: ਬਾਦਲ ਨੇ ਸੈਂਟਰ ਕੋਟਪਰੇਟਿਵ ਬੈਂਕ ਹੁਸਿਆਰਪੁਰ ਦੀ ਵੈਬਸਾਈਟ ਵੀ ਜਾਰੀ ਕੀਤੀ ਅਤੇ ਜਲੰਧਰ, ਅੰਮਿਤਸਰ ਅਤੇ ਹੁਸ਼ਿਆਰਪੁਰ ਜ਼ਿਲਿਆਂ ਦੀ ਵਿਸ਼ੇਸ ਡੇਅਰੀ ਸਕੀਮ ਨੂੰ ਵੀ ਜਾਰੀ ਕੀਤਾ।