arrow

ਪੰਜਾਬ 'ਚ ਬਿਜਲੀ ਦਾ ਮੰਦਾ ਹਾਲ- ਭਗਵੰਤ ਮਾਨ

ਹੰਡਿਆਇਆ , 12 ਜੁਲਾਈ-

ਸੰਗਰੂਰ ਤੋਂ ਲੋਕਸਭਾ ਦੇ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਉਹ ਪੰਜਾਬ 'ਚ ਬਿਜਲੀ ਦਾ ਮੰਦਾ ਹਾਲ ਹੋਣ ਕਾਰਨ ਉਹ ਪੂਰੇ ਪੰਜਾਬ ਦੇ ਬਿਜਲੀ ਗਰਿੱਡਾਂ ਨੂੰ ਘੇਰਾ ਪਾ ਕੇ ਪੰਜਾਬ ਸਰਕਾਰ ਨੂੰ ਉਨ੍ਹਾਂ ਦੇ ਵਾਅਦਿਆਂ ਦਾ ਚੇਤਾ ਕਰਾਉਣਗੇ।

ਭਗਵੰਤ ਮਾਨ ਜੋ ਕਿ ਪਾਰਲੀਮੈਂਟ ਸੈਸ਼ਨ ਚੱਲਦਾ ਹੋਣ ਕਾਰਨ ਦਿੱਲੀ 'ਚ ਹਨ, ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਪੂਰੇ ਪੰਜਾਬ ਤੋਂ ਬਹੁਤ ਫ਼ੋਨ ਆ ਰਹੇ ਹਨ ਕਿ ਪੰਜਾਬ 'ਚ ਬਿਜਲੀ ਦਾ ਬਹੁਤ ਬੁਰਾ ਹਾਲ ਹੈ, ਬੱਚੇ, ਬਜ਼ੁਰਗ, ਮਰੀਜ਼ ਅਤੇ ਕਿਸਾਨਾਂ ਦਾ ਬਿਜਲੀ ਤੋਂ ਬਿਨ੍ਹਾਂ ਜਿਊਣਾ ਮੁਸ਼ਕਲ ਹੋ ਗਿਆ ਹੈ। ਸੋ ਉਸ ਨੇ ਫੈਸਲਾ ਕੀਤਾ ਹੈ ਕਿ ਉਹ ਦਿੱਲੀ ਦੇ ਆਪਣੇ ਰੁਝੇਵਿਆਂ ਨੂੰ ਰੱਦ ਕਰਕੇ ਸ਼ਨੀਵਾਰ ਨੂੰ ਸਰਕਾਰ ਨੂੰ ਇਹ ਅਹਿਸਾਸ ਦਿਵਾਉਣ ਲਈ ਕਿ ਪੰਜਾਬ 'ਚ ਬਿਜਲੀ ਦਾ ਬਹੁਤ ਬੁਰਾ ਹਾਲ ਹੈ ਸੰਗਰੂਰ ਹਲਕੇ ਦੇ ਬਹੁਤ ਸਾਰੇ ਗਰਿੱਡਾਂ ਘੇਰਾ ਪਾਉਣਗੇ।

ਜਿਸ 'ਚ ਆਮ ਆਦਮੀ ਪਾਰਟੀ ਦੇ ਸਾਰੇ ਵਰਕਰਾਂ, ਬੱਚੇ-ਬੀਬੀਆਂ ਸ਼ਾਮਲ ਹੋਣਗੇ ਜੋ ਬਿਜਲੀ ਦੀਆਂ ਨੰਗੀਆਂ ਤਾਰਾਂ ਫੜ੍ਹ ਕੇ ਪ੍ਰਦਰਸ਼ਨ ਕਰਨਗੇ। ਭਗਵੰਤ ਮਾਨ ਨੇ ਕਿਹਾ ਕਿ ਜੇਕਰ ਫ਼ਿਰ ਵੀ ਪੰਜਾਬ ਸਰਕਾਰ ਨੇ ਸਾਨੂੰ ਪੂਰੇ 24 ਘੰਟੇ ਬਿਜਲੀ ਨਾ ਦਿੱਤੀ ਤਾਂ ਪੂਰੇ ਪੰਜਾਬ 'ਚ ਇਹ 'ਗਰਿੱਡ ਘੇਰੋ ਪ੍ਰੋਗਰਾਮ' ਫੈਲ ਜਾਊਗਾ। ਭਗਵੰਤ ਮਾਨ ਨੇ ਕਿਹਾ, 'ਤੁਸੀਂ ਜਿੱਥੇ ਮੈਨੂੰ ਬਲਾਊਂਗੇ ਮੈਂ ਉੱਥੇ ਹਾਜ਼ਰ ਹੋਵਾਂਗਾ ਕਿਉਂਕਿ ਤੁਹਾਡੇ ਲਈ ਹੀ ਅਸੀਂ ਪਾਰਲੀਮੈਂਟ ਪਹੁੰਚੇ ਹਾਂ ਅਤੇ ਤੁਹਾਡੇ ਲਈ ਹੀ ਅਸੀਂ ਸੜਕਾਂ 'ਤੇ ਆਏ ਹਾਂ। ਇਨਕਲਾਬ ਜ਼ਿੰਦਾਬਾਦ।'

ਮੈਂ ਉਮੀਦਾਂ 'ਤੇ ਖਰਾ ਉੱਤਰਨ ਦਾ ਯਤਨ ਕਰਾਂਗਾ- ਭਗਵੰਤ ਮਾਨ

ਹੰਡਿਆਇਆ- ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਐਮ.ਪੀ. ਭਗਵੰਤ ਮਾਨ ਦੀ ਜਿੱਤ ਦੀ ਖ਼ੁਸ਼ੀ ਵਿਚ ਗੁਰਦੁਆਰਾ ਅੜੀਸਰ ਸਾਹਿਬ ਕੋਠੇ ਚੂੰਘਾਂ (ਹੰਡਿਆਇਆ) ਵਿਖੇ ਸ੍ਰੀ ਅਖੰਡ ਸਾਹਿਬ ਦੇ ਪਾਰਟੀ ਵੱਲੋਂ ਭੋਗ ਪਾਏ ਗਏ।

ਇਸ ਮੌਕੇ ਪੁੱਜੇ ਭਗਵੰਤ ਮਾਨ ਨੇ ਕਿਹਾ ਕਿ ਮੈਂ ਲੋਕਾਂ ਵੱਲੋਂ ਦਿੱਤੇ ਫ਼ਤਵੇ ਨੂੰ ਕਬੂਲਦਾ ਹੋਇਆ ਉਮੀਦਾਂ 'ਤੇ ਪੂਰਾ ਉੱਤਰਨ ਦਾ ਯਤਨ ਕਰਾਂਗਾ। ਉਨ੍ਹਾਂ ਕਿਹਾ ਕਿ ਲੋਕਾਂ ਦੇ ਮਸਲੇ ਤੇ ਸਾਂਝੇ ਕੰਮ ਪਹਿਲ ਦੇ ਆਧਾਰ 'ਤੇ ਕਰਵਾਏ ਜਾਣਗੇ। ਭਗਵੰਤ ਮਾਨ ਨੇ ਗੁਰਦੁਆਰਾ ਅੜੀਸਰ ਸਾਹਿਬ ਵਿਖੇ ਲੰਗਰ ਵੀ ਛਕਿਆ।