arrow

ਦੇਸ਼ 'ਚ ਵਧਿਆ ਸੋਕੇ ਦਾ ਖਤਰਾ

ਨਵੀਂ ਦਿੱਲੀ , 12 ਜੁਲਾਈ-

ਮੋਦੀ ਸਰਕਾਰ ਚੰਗੇ ਦਿਨਾਂ ਦਾ ਭਰੋਸਾ ਦੇ ਰਹੀ ਹੈ, ਪਰ ਕਮਜ਼ੋਰ ਮਾਨਸੂਨ ਨਾਲ ਦੇਸ਼ 'ਚ ਸੋਕਾ ਪੈਣ ਦਾ ਖਤਰਾ ਪੈਦਾ ਹੋ ਗਿਆ ਹੈ। ਇਸ ਦਾ ਸਿੱਧਾ ਅਸਰ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ 'ਤੇ ਪਵੇਗਾ। ਮਹਿੰਗਾਈ ਦੀ ਉੱਚੀ ਦਰ ਦੇ ਕਾਰਨ ਆਮ ਜਨਤਾ ਦੇ ਨਾਲ-ਨਾਲ ਸਰਕਾਰ ਵੀ ਪਹਿਲੇ ਤੋਂ ਪਰੇਸ਼ਾਨ ਹੈ।

ਕਮਜ਼ੋਰ ਮਾਨਸੂਨ ਨੇ ਆਮ ਲੋਕਾਂ ਅਤੇ ਕਿਸਾਨਾਂ ਤੋਂ ਲੈ ਕੇ ਸਰਕਾਰ ਤੱਕ ਦੀ ਨੀਂਦ ਉਡਾ ਦਿੱਤੀ ਹੈ। ਪਿਛਲੇ ਪੰਜ ਸਾਲਾਂ 'ਚ ਪਹਿਲੀ ਵਾਰ ਦੇਸ਼ 'ਚ ਸੋਕੇ ਦਾ ਖਤਰਾ ਪੈਦਾ ਹੋ ਗਿਆ ਹੈ। ਮੌਸਮ ਵਿਭਾਗ ਦੇ ਮੁਤਾਬਕ ਦੇਸ਼ 'ਚ ਅਜੇ ਤੱਕ 43 ਫੀਸਦੀ ਘੱਟ ਵਰਖਾ ਹੋਈ ਹੈ। ਮੌਸਮ ਵਿਭਾਗ ਦੇ ਮੁਤਾਬਕ ਕਈ ਸੂਬਿਆਂ ਵਿਚ ਸੋਕੇ ਵਾਲੀ ਸਥਿਤੀ ਪੈਦਾ ਹੋ ਚੁੱਕੀ ਹੈ। ਮਿੱਟੀ ਵਿਚ ਨਮੀ ਘੱਟ ਹੋ ਚੁੱਕੀ ਹੈ।

ਮੌਸਮ ਵਿਭਾਗ ਦੇ ਮੁਤਾਬਕ ਪੱਛਮੀ ਪੰਜਾਬ, ਹਰਿਆਣਾ, ਦੱਖਣੀ-ਪੱਛਮੀ ਜੰਮੂ-ਕਸ਼ਮੀਰ, ਯੂ. ਪੀ., ਰਾਜਸਥਾਨ, ਗੁਜਰਾਤ, ਤੇਲੰਗਾਨਾ, ਸੈਂਟਰਲ ਮਹਾਰਾਸ਼ਟਰ, ਕੋਸਟਲ ਆਂਧਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੇ ਜ਼ਿਆਦਾਤਰ ਹਿੱਸਿਆਂ ਵਿਚ ਸੋਕੇ ਦੀ ਸਥਿਤੀ ਦਿਖ ਰਹੀ ਹੈ। ਸੋਕੇ ਦੇ ਕਾਰਨ ਸਿਰਫ ਮੌਜੂਦਾ ਫਸਲ ਹੀ ਨਹੀਂ ਸਗੋਂ ਹਾੜੀ ਦੀ ਅਗਲੀ ਫਸਲ ਵੀ ਪ੍ਰਭਾਵਿਤ ਹੋ ਸਕਦੀ ਹੈ। ਸੋਕੇ ਦੇ ਖਦਸ਼ੇ ਨੂੰ ਦੇਖਦੇ ਹੋਏ ਸਰਕਾਰ ਨੇ ਕਈ ਕਦਮ ਚੁੱਕੇ ਹਨ। ਸੋਕੇ ਦੇ ਖਤਰੇ ਤੋਂ ਫਿਕਰਮੰਦ ਕੇਂਦਰੀ ਪੇਂਡੂ ਵਿਕਾਸ ਰਾਜਮੰਤਰੀ ਉਪੇਂਦਰ ਕੁਸ਼ਵਾਹਾ ਦਾ ਕਹਿਣਾ ਹੈ ਕਿ ਸਰਕਾਰ ਇਸ ਤੋਂ ਨਜਿੱਠਣ ਦੇ ਲਈ ਤਿਆਰੀ ਕਰ ਰਹੀ ਹੈ।