arrow

ਜਨਸੰਖਿਆ ਵੱਧਣ ਨਾਲ ਗਰੀਬੀ, ਭੁੱਖਮਰੀ ਵਰਗੀਆਂ ਸਮੱਸਿਆਵਾਂ ਵੱਧ ਰਹੀਆਂ ਹਨ- ਡਾ. ਜਿੰਦਲ

ਨਾਰਾਇਣਗੜ੍ਹ, 12 ਜੁਲਾਈ-

ਸ੍ਰੀਰਾਮ ਮੁਲਖ਼ ਗਰੁੱਪ ਆਫ਼ ਪ੍ਰੋਫੈਸ਼ਨਲ ਇੰਸਟੀਚਿਊਟਸ 'ਚ ਸੰਸਾਰ ਜਨਸੰਖਿਆ ਦਿਵਸ ਮਨਾਇਆ ਗਿਆ। ਸਾਰੇ ਸੰਸਾਰ 'ਚ ਜਨਸੰਖਿਆ ਵੱਧਣ ਨਾਲ ਹੋਣ ਵਾਲੀਆਂ ਸਮੱਸਿਆਵਾਂ, ਲਿੰਗ ਅਸਮਾਨਤਾ, ਗਰੀਬੀ ਵਰਗੇ ਕਾਰਕਾਂ ਪ੍ਰਤੀ ਵਿਦਿਆਰਥੀਆਂ ਤੇ ਕਾਲਜ ਸਟਾਫ਼ ਨੂੰ ਇਸ ਵਿਸ਼ੇਸ਼ ਦਿਵਸ 'ਤੇ ਜਾਗਰੂਕ ਕੀਤਾ ਗਿਆ।

ਸਟਾਫ਼ ਮੈਂਬਰ ਤੇ ਵਿਦਿਆਰਥੀਆਂ ਨੇ ਜਨਸੰਖਿਆ ਵੱਧਣ ਨਾਲ ਹੋਣ ਵਾਲੀਆਂ ਸਮੱਸਿਆਵਾਂ, ਪਰਿਵਾਰ ਨਿਯੋਜਨ ਦੀ ਲੋੜ, ਮਨੁੱਖੀ ਅਧਿਕਾਰਾਂ ਦਾ ਘਾਨ੍ਹ ਵਿਸ਼ਿਆਂ 'ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਐਸ.ਆਰ.ਐਮ. ਗਲੋਬਲ ਗਰੁੱਪ ਦੇ ਚੇਅਰਮੈਨ ਡਾ: ਰੋਸ਼ਨ ਲਾਲ ਜਿੰਦਲ ਨੇ ਕਿਹਾ ਕਿ ਸਾਰੇ ਸੰਸਾਰ 'ਚ ਅੱਜ ਦੇ ਦਿਨ ਲੋਕਾਂ 'ਚ ਜਾਗਰੂਤਾ ਲਿਆਉਣ ਲਈ ਸੰਸਾਰ ਜਨਸੰਖਿਆ ਦਿਵਸ ਮਨਾਇਆ ਜਾ ਰਿਹਾ ਹੈ। ਇਕ ਪਾਸੇ ਜਿੱਥੇ ਜਨਸੰਖਿਆ ਵੱਧ ਰਹੀ ਹੈ ਦੂਜੇ ਪਾਸੇ ਇਸ ਨਾਲ ਗਰੀਬੀ, ਭੁੱਖਮਰੀ ਵਰਗੀਆਂ ਸਮੱਸਿਆਵਾਂ ਵੀ ਵੱਧ ਰਹੀਆਂ ਹਨ।

ਡਾ: ਜਿੰਦਲ ਨੇ ਕਿਹਾ ਕਿ ਪਰਿਵਾਰ ਵੱਧਣ ਦਾ ਮੁੱਖ ਕਾਰਨ ਪਰਿਵਾਰ ਵੱਲੋਂ ਲੜਕਾ ਹੋਣ ਦੀ ਇੱਛਾ ਰੱਖਣਾ ਹੈ ਜਿਹੜਾ ਕਿ ਦੇਸ਼ ਲਈ ਇਕ ਚੰਗਾ ਸੁਨੇਹਾ ਨਹੀਂ ਹੈ। ਨੌਜਵਾਨਾਂ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਪਰਿਵਾਰ ਦੀ ਇੱਛਾ ਦਾ ਵਿਰੋਧ ਕਰਨਾ ਚਾਹੀਦਾ ਹੈ ਤੇ ਪਰਿਵਾਰ ਨੂੰ ਲੜਕੇ ਤੇ ਲੜਕੀ 'ਚ ਫਰਕ ਨਾ ਹੋਣ ਸਬੰਧੀ ਜਾਗਰੂਕ ਕਰਨਾ ਚਾਹੀਦਾ ਹੈ। ਇੰਸਟੀਚਿਊਟਸ ਦੀ ਚੇਅਰਪਰਸਨ ਰੀਤੂ ਜਿੰਦਲ ਨੇ ਕਿਹਾ ਕਿ ਜਨਸੰਖਿਆ ਵੱਧਣ ਨਾਲ ਪਰਿਵਾਰ 'ਚ ਮੈਂਬਰਾਂ ਦੀ ਗਿਣਤੀ ਵੀ ਵੱਧਦੀ ਹੈ ਜਿਸ ਕਾਰਨ ਪਰਿਵਾਰ ਦੇ ਮੈਂਬਰਾਂ 'ਚ ਵਿਤਕਰੇ ਵੱਧਣ ਲਗਦੇ ਹਨ। ਇਸ ਤੋਂ ਇਲਾਵਾ ਲੋਕਾਂ ਦੀ ਜਿੰਦਗੀ ਦਾ ਪੱਧਰ ਵੀ ਡਿਗਦਾ ਹੈ। ਜਨਸੰਖਿਆ ਵੱਧਣ ਦਾ ਮੁੱਖ ਕਾਰਨ ਅਨਪੜ੍ਹਤਾ ਤੇ ਗਰੀਬੀ ਵੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਜਨਸੰਖਿਆ ਕੰਟਰੋਲ ਕਰਨ ਲਈ ਸਖ਼ਤ ਕਾਨੂੰਨ ਲਾਗੂ ਕਰਨੇ ਚਾਹੀਦੇ ਹਨ।