arrow

ਆਲੂ, ਟਮਾਟਰ, ਪਿਆਜ਼ ਵਾਂਗ ਵਿਕਦੇ ਹਨ ਨਵਜਾਤ ਬੱਚੇ- ਕੋਰਟ

ਨਵੀਂ ਦਿੱਲੀ, 12 ਜੁਲਾਈ-

ਦਿੱਲੀ ਦੀ ਇੱਕ ਅਦਾਲਤ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਗੋਦ ਲੈਣ ਦੇ ਨਾਮ 'ਤੇ ਬੱਚੇ ਵੇਚਣਾ ਗੈਰਕਾਨੂੰਨੀ ਹੈ। ਅਦਾਲਤ ਨੇ ਕਿਹਾ ਕਿ ਬੱਚਾ ਵੇਚਣ ਨੂੰ ਭਾਰਤੀ ਸਜ਼ਾ ਸੰਹਿਤਾ ਦੇ ਅਨੁਸਾਰ ਸਜ਼ਾਯੋਗ ਅਪਰਾਧ ਬਣਾਇਆ ਜਾਣਾ ਚਾਹੀਦਾ ਹੈ।

ਵਧੀਕ ਸੈਸ਼ਨ ਜੱਜ ਕਾਮਨੀ ਲਾਉ ਨੇ ਕਿਹਾ ਕਿ ਬੱਚੇ, ਨਵਜਾਤ ਬੱਚੇ ਗੋਦ ਲੈਣ ਦੇ ਨਾਮ 'ਤੇ ਬੱਚਾ ਬਾਜ਼ਾਰ 'ਚ ਆਲੂ, ਟਮਾਟਰ ਤੇ ਪਿਆਜ ਦੀ ਤਰ੍ਹਾਂ ਵੇਚੇ ਜਾਂਦੇ ਹਨ। ਅਦਾਲਤ ਨੇ ਕਿਹਾ ਕਿ ਗੋਦ ਲੈਣ ਦੇ ਨਾਮ 'ਤੇ ਬੱਚਿਆਂ ਨੂੰ ਗੈਰਕਾਨੂਨੀ ਤਰੀਕੇ ਨਾਲ ਵੇਚਣ ਵਾਲਾ ਵੱਡਾ ਗਰੋਹ ਕਈ ਰਾਜਾਂ 'ਚ ਸਰਗਰਮ ਹੈ। ਉਨ੍ਹਾਂ ਨੇ ਕਿਹਾ ਕਿ ਕਈ ਦੇਸ਼ਾਂ 'ਚ ਬੱਚਾ ਖਰੀਦਣਾ ਤੇ ਵੇਚਣਾ ਅਪਰਾਧ ਹੈ ਤੇ ਇਹ ਗੋਦ ਲੈਣ ਸਬੰਧੀ ਧੋਖਾਧੜੀ ਦੀ ਸ਼੍ਰੇਣੀ 'ਚ ਆਉਂਦਾ ਹੈ।

ਅਦਾਲਤ ਨੇ ਵਿਧੀ ਕਮਿਸ਼ਨ ਦੀ 21 ਸਾਲ ਪੁਰਾਣੀਆਂ ਉਨ੍ਹਾਂ ਸਿਫਾਰਿਸ਼ਾਂ ਦਾ ਸਮਰਥਨ ਕੀਤਾ, ਜਿਸ 'ਚ ਔਰਤ ਜਾਂ ਬੱਚੇ ਨੂੰ ਵੇਚਣ ਨੂੰ ਸਜ਼ਾਯੋਗ ਅਪਰਾਧ ਬਣਾਉਂਦੇ ਹੋਏ ਸੱਤ ਸਾਲ ਦੇ ਸਜ਼ਾ ਦੀ ਗੱਲ ਕਹੀ ਗਈ ਸੀ। ਅਦਾਲਤ ਨੇ ਇੱਕ ਅਜਿਹੇ ਮਾਮਲੇ 'ਚ ਆਦੇਸ਼ ਸੁਣਾਇਆ ਜਿੱਥੇ ਇੱਕ ਮਹੀਨੇ ਦੀ ਬੱਚੀ ਨੂੰ ਉਸਦੀ ਮਾਂ ਲਾਵਾਰਸ ਛੱਡ ਗਈ ਤੇ ਹਸਪਤਾਲ ਦੀ ਇੱਕ ਦਾਈ ਇਸ ਬੱਚੀ ਨੂੰ ਇੱਕ ਲੱਖ ਰੁਪਏ 'ਚ ਵੇਚਣ ਦੀ ਤਿਆਰੀ 'ਚ ਸੀ ਲੇਕਿਨ ਪੁਲਿਸ ਨੇ ਜਾਲ ਵਿਛਾ ਕੇ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਤੇ ਤਿੰਨਾਂ ਦੋਸ਼ੀਆਂ ਨੂੰ ਤਿੰਨ - ਤਿੰਨ ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ।