arrow

ਸ੍ਰੀ ਹੇਮਕੁੰਟ ਸਾਹਿਬ ਵਿਖੇ ਪਿਛਲੇ ਸਾਲ ਨਾਲੋਂ ਸੰਗਤਾਂ ਦੀ ਆਮਦ ਘਟੀ

ਘਨੌਲੀ, 12 ਜੁਲਾਈ-

24 ਮਈ ਨੂੰ ਗੋਬਿੰਦਘਾਟ ਤੋਂ ਰਵਾਨਾ ਹੋਏ ਪਹਿਲੇ ਜਥੇ ਨਾਲ ਸ਼ੁਰੂ ਹੋਈ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਨਿਰਵਿਘਨ ਜਾਰੀ ਹੈ ਅਤੇ ਪੰਜਾਬ ਸਮੇਤ ਦੇਸ਼-ਵਿਦੇਸ਼ ਦੀਆਂ ਸੰਗਤਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਪਹੁੰਚ ਰਹੀਆਂ ਹਨ।

ਪਿਛਲੇ ਸਾਲ ਜੂਨ ਮਹੀਨੇ ਹੋਈ ਭਿਆਨਕ ਤਬਾਹੀ ਤੋਂ ਇਸ ਸਾਲ ਸੰਗਤਾਂ ਦੇ ਮਨ 'ਚ ਡਰ ਹੋਣ ਕਾਰਨ ਪਿਛਲੇ ਸਾਲਾਂ ਨਾਲੋਂ ਅੱਧੀ ਗਿਣਤੀ ਸੰਗਤ ਹੀ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਲਈ ਪਹੁੰਚੀ ਹੈ ਅਤੇ ਹੁਣ ਤੱਕ ਡੇਢ ਮਹੀਨੇ ਵਿਚ 1 ਲੱਖ ਦੇ ਕਰੀਬ ਸੰਗਤ ਨੇ ਹੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਹਨ। ਜਦੋਂਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਅਤੇ ਉੱਤਰਾਖੰਡ ਸਰਕਾਰ ਵੱਲੋਂ ਸੰਗਤਾਂ ਦੇ ਸਗਿਯੋਗ ਲਈ ਅਤੇ ਯਾਤਰਾ ਲਈ ਸਾਰੇ ਪ੍ਰਬੰਧ ਕਰ ਲਏ ਜਾਣ ਦੇ ਦਾਅਵੇ ਕੀਤੇ ਹਨ।

ਇਸ ਸਬੰਧੀ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਗੋਬਿੰਦਘਾਟ ਦੇ ਮੈਨੇਜਰ ਸੇਵਾ ਸਿੰਘ ਜੋ ਇਨ੍ਹੀਂ ਦਿਨੀ ਆਪਣੇ ਪਿੰਡ ਅਲੀਪੁਰ ਨੇੜੇ ਘਨੌਲੀ ਆਏ ਹੋਏ ਹਨ ਨੇ ਦੱਸਿਆ ਕਿ ਹਰ ਸਾਲ ਪੰਜਾਬ ਸਮੇਤ ਉੱਤਰ ਭਾਰਤ 'ਚੋਂ ਜੂਨ ਮਹੀਨੇ ਵੱਡੀ ਗਿਣਤੀ ਵਿਚ ਸੰਗਤਾਂ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਪਹੁੰਚਦੀਆਂ ਹਨ ਅਤੇ 10 ਜੁਲਾਈ ਤੋਂ 10 ਅਗਸਤ ਤੱਕ ਕਰੀਬ 1 ਮਹੀਨਾ ਸੰਗਤਾਂ ਦੀ ਆਮਦ ਘੱਟ ਜਾਂਦੀ ਹੈ ਪਰ ਇਸ ਸਾਲ ਤਾਂ ਸ਼ੁਰੂ ਤੋਂ ਹੀ ਸੰਗਤਾਂ ਦੀ ਆਮਦ ਘੱਟ ਰਹੀ ਹੈ।

ਉਨ੍ਹਾਂ ਦੱਸਿਆ ਕਿ ਹੁਣ ਜਿਥੇ ਗੁਰਦੁਆਰਾ ਸਾਹਿਬ ਦੇ ਸਰੋਵਰ ਦੀ ਬਰਫ ਸਾਫ ਹੋ ਚੁੱਕੀ ਹੈ ਉਥੇ ਹੀ ਰਸਤਿਆਂ ਦੀ ਬਰਫ ਵੀ ਕਾਫੀ ਘੱਟ ਗਈ ਹੈ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਗੋਬਿੰਦਘਾਟ ਉਤਰਾਖੰਡ ਦੀ ਮੈਨੇਜਮੈਂਟ ਅਤੇ ਉਤਰਾਖੰਡ ਸਰਕਾਰ ਵੱਲੋਂ ਸੜਕੀ ਮਾਰਗ, ਰਿਹਾਇਸ਼ੀ ਇਮਾਰਤਾਂ, ਯਾਤਰਾ ਦਾ ਪੈਦਲ ਰਸਤਾ, ਨਵੀਆਂ ਉਸਾਰੀਆਂ, ਲੰਗਰ ਅਤੇ ਮੈਡੀਕਲ ਸਹੂਲਤਾਂ ਆਦਿ ਦੇ ਯੋਗ ਪ੍ਰਬੰਧ ਕੀਤੇ ਹੋਏ ਹਨ ਅਤੇ ਬੀਤੇ ਦਿਨੀਂ ਟਰੱਸਟ ਵੱਲੋਂ ਗੋਬਿੰਦਘਾਟ ਵਿਖੇ ਹਸਪਤਾਲ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਵੀ ਰੱਖਿਆ ਜਾ ਚੁੱਕਾ ਹੈ।

ਇਸ ਤੋਂ ਇਲਾਵਾ ਸਰਕਾਰ ਵੱਲੋਂ ਪਹਿਲਾ ਬਣਾ ਕੇ ਸੰਗਤਾਂ ਨੂੰ ਸਮਰਪਿਤ ਕੀਤੇ ਦੋ ਪੁਲਾਂ ਤੋਂ ਬਾਅਦ ਗੋਬਿੰਦਘਾਟ ਵਿਖੇ 4 ਕਰੋੜ ਦੀ ਲਾਗਤ ਨਾਲ ਬਣਾਏ ਤੀਸਰੇ ਮੋਟਰਏਵਲ ਪੁਲ ਨੂੰ ਵੀ ਅਗਸਤ ਮਹੀਨੇ ਦੇ ਦੂਜੇ ਹਫ਼ਤੇ ਸੰਗਤਾਂ ਲਈ ਖੋਲ੍ਹ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੋ ਕੁਝ ਲੋਕ ਗੋਬਿੰਦਘਾਟ ਤੋਂ ਗੋਬਿੰਦਧਾਮ ਤੱਕ ਦਾ ਰਸਤਾ ਵੱਧ ਜਾਣ ਸਬੰਧੀ ਕਹਿ ਰਹੇ ਹਨ ਉਹ ਗਲਤ ਹਨ ਕਿਉਂਕਿ ਜੋ ਨਵਾਂ ਰਸਤਾ ਬਣਾਇਆ ਗਿਆ ਹੈ ਉਹ ਉਸੇ ਪਹਾੜੀ ਦੇ ਜੰਗਲ ਨੂੰ ਕੱਟ ਕੇ ਬਣਾਇਆ ਗਿਆ ਹੈ ਜਿਸ ਵਿਚ ਕੁਝ ਕੁ ਮੀਟਰ ਦਾ ਫਰਕ ਤਾਂ ਹੋ ਸਕਦਾ ਹੈ ਪਰ ਜੋ ਕਈ ਕਿਲੋਮੀਟਰ ਰਸਤਾ ਵੱਧ ਜਾਣ ਦੀਆਂ ਗੱਲਾਂ ਹਨ ਉਹ ਗਲਤ ਹਨ। ਉਨ੍ਹਾਂ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਕਿਹਾ ਕਿ ਉਹ ਅਫਵਾਹਾਂ ਤੋਂ ਦੂਰ ਰਹਿ ਕਿ ਬਿਨ੍ਹਾ ਕਿਸੇ ਡਰ ਤੋਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਲਈ ਆਉਣ।