arrow

ਮੀਂਹ ਨਾ ਪੈਣ ਕਾਰਨ ਸੋਕੇ ਵਰਗੇ ਹਾਲਾਤ

ਚੰਡੀਗੜ੍ਹ, 12 ਜੁਲਾਈ-

ਉਤਰੀ ਖੇਤਰ ਵਿਚ ਮੌਨਸੂਨ ਪ੍ਰਗਤੀ ਦੀ ਸੁਸਤ ਰਫਤਾਰ ਕਾਰਨ ਪੰਜਾਬ ਪਿਛਲੇ ਸਾਲ ਦੀ ਤੁਲਨਾ 'ਚ ਝੋਨੇ ਤੇ ਹੋਰ ਫਸਲਾਂ ਦੀ ਬਿਜਾਈ ਵਿਚ ਪੱਛੜ ਗਿਆ ਹੈ। ਬਾਰਿਸ਼ ਨਾ ਪੈਣ ਕਾਰਨ ਭਾਖੜਾ ਤੇ ਪੌਂਗ ਡੈਮਾਂ ਵਿਚ ਪਿਛਲੇ ਸਾਲ ਦੇ ਇਸੇ ਸਮੇਂ ਦੀ ਤੁਲਨਾ ਵਿਚ ਪਾਣੀ ਦਾ ਪੱਧਰ ਘਟ ਗਿਆ ਹੈ।

ਇਕ ਅਧਿਕਾਰੀ ਨੇ ਦਸਿਆ ਕਿ ਸਥਿੱਤੀ ਦੇ ਮੱਦੇਨਜਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ ਨੂੰ ਹਰ ਤਰਾਂ ਦੇ ਖਪਤਕਾਰਾਂ ਉਪਰ ਕੱਟ ਲਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਹੁਣ ਤਕ ਇਸ ਸਾਲ ਆਮ ਬਾਰਿਸ਼ ਦੀ ਤੁਲਨਾ ਵਿਚ 51% ਘਟ ਬਾਰਿਸ਼ ਹੋਈ ਹੈ। ਇਸ ਨਾਲ ਵਿਸ਼ੇਸ਼ ਤੌਰ 'ਤੇ ਝੋਨੇ, ਕਣਕ ਤੇ ਕਪਾਹ ਦੀ ਬਿਜਾਈ ਪ੍ਰਭਾਵਿਤ ਹੋਈ ਹੈ। ਪੰਜਾਬ ਖੇਤੀਬਾੜੀ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਸਾਲ 22.97 ਲੱਖ ਹੈਕਟੇਅਰ ਰਕਬੇ ਵਿਚ ਝੋਨੇ ਦੀ ਬਿਜਾਈ ਹੋਈ ਹੈ ਜਦ ਕਿ ਪਿੱਛਲੇ ਸਾਲ ਦੇ ਇਸੇ ਸਮੇਂ ਦੌਰਾਨ 23.80 ਲੱਖ ਹੈਕਟੇਅਰ ਵਿਚ ਝੋਨੇ ਦੀ ਬਿਜਾਈ ਹੋ ਚੁੱਕੀ ਸੀ। ਪਾਣੀ ਦੀ ਘਾਟ ਕਾਰਨ ਹੁਣ ਤੱਕ ਪੰਜਾਬ 83000 ਹੈਕਟੇਅਰ ਰਕਬੇ ਵਿਚ ਝੋਨੇ ਦੀ ਬਿਜਾਈ ਕਰਨ 'ਚ ਪੱਛੜ ਚੁੱਕਾ ਹੈ।

ਪੰਜਾਬ ਚਾਵਲਾਂ ਦੇ ਕੇਂਦਰੀ ਭੰਡਾਰ ਵਿਚ 30 ਤੋਂ 35% ਤਕ ਯੋਗਦਾਨ ਪਾਉਂਦਾ ਹੈ। ਇਸ ਸਾਲ 26.50 ਲੱਖ ਹੈਕਟੇਅਰ ਰਕਬੇ 'ਤੇ ਝੋਨੇ ਦੀ ਬਿਜਾਈ ਕੀਤੀ ਜਾਣੀ ਹੈ। ਇਸੇ ਤਰਾਂ ਮੱਕੀ ਦੀ ਬਿਜਾਈ 1.29 ਲੱਖ ਹੈਕਟੇਅਰ ਵਿਚ ਹੀ ਹੋ ਸਕੀ ਹੈ। ਅਧਿਕਾਰੀਆਂ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਜੇਕਰ ਹਾਲਾਤ ਇਸ ਤਰਾਂ ਹੀ ਰਹੇ ਤਾਂ ਇਸ ਸਾਲ 2 ਲੱਖ ਹੈਕਟੇਅਰ ਵਿਚ ਮੱਕੀ ਬੀਜਣ ਦਾ ਟੀਚਾ ਪੂਰਾ ਕਰਨਾ ਮੁਸ਼ਕਿਲ ਹੋ ਜਾਵੇਗਾ। ਪੰਜਾਬ ਸਰਕਾਰ ਆਪਣੀ ਫਸਲੀ ਵਿਭਿੰਨਤਾ ਯੋਜਨਾ ਤਹਿਤ ਮੱਕੀ ਦੀ ਬਿਜਾਈ ਨੂੰ ਉਤਸ਼ਾਹਿਤ ਕਰ ਰਹੀ ਹੈ।

ਇਸ ਸੀਜਨ ਵਿਚ ਕਪਾਹ ਹੇਠ ਰਕਬੇ ਵਿਚ ਵਾਧਾ ਨਹੀਂ ਹੋ ਸਕਿਆ ਤੇ ਇਸ ਸਮੇਂ ਤਕ 4.50 ਲੱਖ ਹੈਕਟੇਅਰ ਵਿਚ ਹੀ ਕਪਾਹ ਦੀ ਬਿਜਾਈ ਹੋ ਸਕੀ ਹੈ ਜਦ ਕਿ ਟੀਚਾ 5.30 ਲੱਖ ਹੈਕਟੇਅਰ ਵਿਚ ਬਿਜਾਈ ਕਰਨ ਦਾ ਹੈ। ਮੌਨਸੂਨ ਵਿਚ ਦੇਰੀ ਤੇ ਸੋਕੇ ਵਾਲੀ ਹਾਲਾਤ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਪਹਿਲਾਂ ਹੀ ਕੇਂਦਰ ਤੋਂ 2300 ਕਰੋੜ ਰੁਪਏ ਦੀ ਮੰਗ ਕਰ ਚੁੱਕੀ ਹੈ। ਬਾਰਿਸ਼ ਦੀ ਘਾਟ ਤੇ ਬਰਫ ਪਿਘਲਣ ਦੀ ਸੁਸਤ ਰਫਤਾਰ ਕਾਰਨ ਭਾਖੜਾ ਤੇ ਪੌਂਗ ਡੈਮਾਂ ਵਿਚ ਪਾਣੀ ਦਾ ਪੱਧਰ ਪਿਛਲੇ ਸਾਲ ਦੇ ਇਸੇ ਸਮੇਂ ਦੀ ਤੁਲਨਾ ਵਿਚ ਕ੍ਰਮਵਾਰ 17.33 ਫੁੱਟ ਤੇ 27.07 ਫੁੱਟ ਘਟ ਹੈ।

ਭਾਖੜਾ ਬਿਆਸ ਪ੍ਰਬੰਧਕੀ ਬੋਰਡ ਦੇ ਇਕ ਅਧਿਕਾਰੀ ਅਨੁਸਾਰ ਭਾਖੜਾ ਵਿਚ ਇਸ ਸਮੇਂ ਪਾਣੀ ਦਾ ਪੱਧਰ 1613. 77 ਫੁੱਟ ਹੈ ਜੋ ਕਿ ਪਿਛਲੇ ਸਾਲ 1631.10 ਫੁੱਟ ਸੀ। ਇਸੇ ਤਰਾਂ ਪੌਂਗ ਡੈਮ ਵਿਚ ਪਾਣੀ ਦਾ ਪੱਧਰ 1314.06 ਫੁੱਟ ਹੈ ਜੋ ਕਿ ਪਿਛਲੇ ਸਾਲ 1341.13 ਫੁੱਟ ਸੀ।