arrow

ਭਾਰਤ ਬਣਾ ਰਿਹਾ ਹੈ ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਪੁਲ

ਜੰਮੂ, 12 ਜੁਲਾਈ-

ਦੁਨੀਆ ਦੇ ਸਭ ਤੋਂ ਵੱਡੇ ਰੇਲ ਨੈੱਟਵਰਕ 'ਚ ਭਾਰਤੀ ਰੇਲਵੇ ਇਕ ਨਵਾਂ ਰਿਕਾਰਡ ਬਣਾਉਣ ਜਾ ਰਿਹਾ ਹੈ। ਰੇਲਵੇ ਦੁਨੀਆ ਦਾ ਸਭ ਤੋਂ ਉੱਚਾ ਪੁਲ ਬਣਾ ਰਿਹਾ ਹੈ ਜੋ ਏਫਿਲ ਟਾਵਰ ਤੋਂ ਵੀ 35 ਮੀਟਰ ਉੱਚਾ ਹੋਵੇਗਾ।

ਫਿਲਹਾਲ ਉੱਤਰੀ ਜੰਮੂ ਅਤੇ ਕਸ਼ਮੀਰ ਨੂੰ ਜੋੜਨ ਲਈ ਚਿਨਾਵ ਨਦੀ 'ਤੇ ਪੁਲ ਦਾ ਕੰਮ ਚੱਲ ਰਿਹਾ ਹੈ। ਰੇਲਵੇ ਅਨੁਸਾਰ ਇਸ ਪੁਲ ਦੀ ਉਚਾਈ 359 ਮੀਟਰ (1177 ਫੁੱਟ) ਹੋਵੇਗੀ। 2016 'ਚ ਜਦੋਂ ਇਹ ਪੂਰਾ ਬਣ ਕੇ ਤਿਆਰ ਹੋ ਜਾਵੇਗਾ ਤਾਂ ਇਹ ਚੀਨ ਦੇ ਬੇਪੇਜਿੰਯਾਗ ਨਦੀ 'ਤੇ ਬਣੇ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਪੁਲ ਤੋਂ ਵੀ ਵੱਡਾ ਹੋਵੇਗਾ। ਚੀਨ ਦਾ ਇਹ ਰੇਲਵੇ ਪੁਲ 275 ਮੀਟਰ ਉੱਚਾ ਹੈ। ਇਕ ਰੇਲਵੇ ਅਧਿਕਾਰੀ ਅਨੁਸਾਰ ਦਸੰਬਰ, 2016 ਤੱਕ ਤਿਆਰ ਹੋ ਜਾਣ ਵਾਲੇ ਇਸ ਪੁਲ ਦਾ ਡਿਜ਼ਾਈਨ ਇਸ ਤਰ੍ਹਾਂ ਨਾਲ ਤਿਆਰ ਕੀਤਾ ਗਿਆ ਹੈ ਕਿ ਇਹ ਖ਼ਤਰਨਾਕ ਤੇਜ਼ ਹਵਾਵਾਂ ਅਤੇ ਹੋਰ ਹਲਚਲਾਂ ਨੂੰ ਝੱਲਣ ਦੇ ਸਮਰੱਥ ਹੋਵੇਗਾ।

ਰੇਲਵੇ ਕਾਰਪੋਰੇਸ਼ਨ ਦੀ ਦੇਖ ਰੇਖ 'ਚ ਬਣ ਰਹੇ ਇਸ ਸਭ ਤੋਂ ਉੱਚੇ ਪੁਲ ਦੀ ਲਾਗਤ ਕਰੀਬ 92 ਮਿਲੀਅਨ (920 ਲੱਖ ਰੁਪਏ) ਆਵੇਗੀ। ਇਹ ਪੁਲ ਬਾਰਾਮੂਲਾ ਨੂੰ ਜੰਮੂ ਨਾਲ ਜੋੜੇਗਾ। ਪੁਲ ਬਣ ਜਾਣ ਦੇ ਬਾਅਦ ਇਸ ਰਸਤੇ 'ਤੇ ਲੱਗਣ ਵਾਲਾ ਸਮਾਂ ਅੱਧਾ ਹੀ ਰਹਿ ਜਾਵੇਗਾ। ਪੁਲ ਨੂੰ ਬਣਾਉਣ ਲਈ 25,000 ਟੰਨ ਸਟੀਲ ਦੀ ਵਰਤੋਂ ਹੋਵੇਗੀ। ਸਟੀਲ ਸਮੇਤ ਹੋਰ ਸਾਮਾਨ ਨੂੰ ਹੈਲੀਕਾਪਟਰ ਰਾਹੀਂ ਪਹੁੰਚਾਇਆ ਜਾ ਰਿਹਾ ਹੈ ਕਿਉਂਕਿ ਇਸ ਖੇਤਰ 'ਚ ਰਸਤੇ ਬੇਹੱਦ ਖ਼ਤਰਨਾਕ ਹਨ।