arrow

'ਸੁਰੱਖਿਅਤ ਹਨ ਗਾਂਧੀ ਦੇ ਹੱਤਿਆ ਦੇ ਰਿਕਾਰਡ'- ਰਾਜਨਾਥ

ਨਵੀਂ ਦਿੱਲੀ , 12 ਜੁਲਾਈ-

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਰਦੇਸ਼ 'ਤੇ ਗ੍ਰਹਿ ਮੰਤਰਾਲੇ ਵਿਚ ਡੇਢ ਲੱਖ ਫਾਈਲਾਂ ਨਸ਼ਟ ਕੀਤੇ ਜਾਣ ਦੇ ਦੋਸ਼ਾਂ ਨੂੰ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਖਾਰਜ ਕਰ ਦਿੱਤਾ।

ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਹੱਤਿਆ ਨਾਲ ਸੰਬੰਧਤ 62 ਫਾਈਲਾਂ ਸਮੇਤ ਸਾਰੇ ਦਸਤਾਵੇਜ਼ ਪੂਰੀ ਤਰ੍ਹਾਂ ਸੁਰੱਖਿਅਤ ਹਨ। ਗ੍ਰਹਿ ਮੰਤਰੀ ਨੇ ਰਾਜ ਸਭਾ ਵਿਚ ਆਪਣੇ ਬਿਆਨ 'ਚ ਕਿਹਾ ਕਿ ਇਕ ਸੰਸਦ ਮੈਂਬਰ ਨੇ ਮੀਡੀਆ ਖ਼ਬਰਾਂ ਦੇ ਆਧਾਰ 'ਤੇ ਇਹ ਜ਼ਿਕਰ ਕੀਤਾ ਸੀ ਕਿ ਪ੍ਰਧਾਨ ਮੰਤਰੀ ਦੇ ਨਿਰਦੇਸ਼ 'ਤੇ ਗ੍ਰਹਿ ਮੰਤਰਾਲੇ ਨੇ ਡੇਢ ਲੱਖ ਫਾਈਲਾਂ ਨੂੰ ਨਸ਼ਟ ਕਰ ਦਿੱਤਾ, ਜਿਨਾਂ ਵਿਚ ਰਾਸ਼ਟਰਪਤੀ ਮਹਾਤਮਾ ਗਾਂਧੀ ਦੀ ਹੱਤਿਆ ਨਾਲ ਸੰਬੰਧਤ ਫਾਈਲਾਂ ਵੀ ਸਨ।

ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਚਾਰ ਜੂਨ ਨੂੰ ਕੇਂਦਰ ਸਰਕਾਰ ਦੇ ਸਾਰੇ ਸਕੱਤਰਾਂ ਨੂੰ ਮੰਤਰਾਲਿਆਂ ਦੇ ਦਫਤਰਾਂ, ਕਾਰਜ ਸਥਲਾਂ 'ਤੇ ਸਾਫ-ਸਫਾਈ ਬਣਾਏ ਰੱਖਣ ਨਾਲ ਹੀ ਕੰਮ ਦਾ ਇਕ ਚੰਗਾ ਮਾਹੌਲ ਬਣਾਉਣ 'ਤੇ ਜ਼ੋਰ ਦਿੱਤਾ ਸੀ। ਰਾਜਨਾਥ ਸਿੰਘ ਨੇ ਕਿਹਾ ਕਿ ਇਸ ਨਿਰਦੇਸ਼ ਮੁਤਾਬਕ 5 ਤੋਂ 8 ਜੁਲਾਈ ਤੱਕ ਗ੍ਰਹਿ ਮੰਤਰਾਲੇ ਦੇ ਵੱਖ-ਵੱਖ ਭਾਗਾਂ ਵਿਚ ਰੱਖੀਆਂ ਗਈਆਂ ਫਾਈਲਾਂ ਦੀ ਸਮੀਖਿਆ ਕੀਤੀ ਗਈ ਅਤੇ ਕੁਲ 11,100 ਫਾਈਲਾਂ ਨਸ਼ਟ ਕੀਤੀਆਂ ਗਈਆਂ ਹਨ।

ਇਨ੍ਹਾਂ ਫਾਈਲਾਂ 'ਚੋਂ ਇਕ ਵੀ ਮਹਾਤਮਾ ਗਾਂਧੀ ਦੀ ਹੱਤਿਆ, ਡਾ. ਰਾਜਿੰਦਰ ਪ੍ਰਸਾਦ, ਲਾਲ ਬਹਾਦਰ ਸ਼ਾਸਤਰੀ ਜਾਂ ਲਾਰਡ ਮਾਊਂਟਬੇਟਨ ਨਾਲ ਸੰਬੰਧਤ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਮਹਾਤਮਾ ਗਾਂਧੀ ਦੀ ਹੱਤਿਆ ਨਾਲ ਸੰਬੰਧਤ 62 ਫਾਈਲਾਂ ਸਮੇਤ ਹਜ਼ਾਰਾਂ ਦਸਤਾਵੇਜ਼ ਭਾਰਤੀ ਅਭਿਲੇਖਾਗਾਰ ਵਿਚ ਪੂਰੀ ਤਰ੍ਹਾਂ ਸੁਰੱਖਿਅਤ ਰੱਖੇ ਹਨ।