arrow

ਅਮਿਤ ਸ਼ਾਹ ਦੇ ਵਕੀਲ ਬਣਨਗੇ ਹੁਣ ਸੁਪਰੀਮ ਕੋਰਟ ਦੇ ਜੱਜ

ਨਵੀਂ ਦਿੱਲੀ, 12 ਜੁਲਾਈ-

ਨਰਿੰਦਰ ਮੋਦੀ ਦੇ ਅਤਿ ਨਜ਼ਦੀਕੀ ਅਮਿਤ ਸ਼ਾਹ ਦੀ ਦੋ ਮਹੱਤਵਪੂਰਨ ਮਾਮਲਿਆਂ 'ਚ ਪੈਰਵੀ ਕਰਨ ਵਾਲੇ ਸੀਨੀਅਰ ਵਕੀਲ ਉਦੇ ਯੂ ਲਲਿਤ ਨੂੰ ਸੁਪਰੀਮ ਕੋਰਟ ਦਾ ਜੱਜ ਬਣਾਇਆ ਜਾ ਰਿਹਾ ਹੈ। ਸੁਪਰੀਮ ਕੋਰਟ ਦੇ ਕੋਲੀਜੀਅਮ ਨੇ ਉਨ੍ਹਾਂ ਦੇ ਨਾਂਅ ਦੀ ਸਿਫ਼ਾਰਿਸ਼ ਕਰ ਦਿੱਤੀ ਹੈ।

ਸੂਤਰਾਂ ਨੇ ਦੱਸਿਆ ਕਿ ਚੀਫ਼ ਜਸਟਿਸ ਆਰ. ਐਮ. ਲੋਧਾ ਦੀ ਅਗਵਾਈ ਵਾਲੇ ਕੋਲੀਜੀਅਮ ਵਲੋਂ ਉਦੇ ਲਲਿਤ ਦੇ ਨਾਂਅ ਦੀ ਸਿਫ਼ਾਰਿਸ਼ ਸਬੰਧੀ ਫਾਈਲ ਕਾਨੂੰਨ ਮੰਤਰਾਲੇ ਨੂੰ ਭੇਜੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਐਨ. ਡੀ. ਏ. ਸਰਕਾਰ ਨੇ ਸੁਪਰੀਮ ਕੋਰਟ ਦੇ ਜੱਜ ਲਈ ਉੱਘੇ ਵਕੀਲ ਗੋਪਾਲ ਸੁਬਰਾਮਣੀਅਮ ਦੇ ਨਾਂਅ ਨੂੰ ਖਾਰਜ ਕਰ ਦਿੱਤਾ ਸੀ, ਜਿਸ 'ਤੇ ਚੀਫ਼ ਜਸਟਿਸ ਆਰ. ਐਮ. ਲੋਧਾ ਨੇ ਕਾਫ਼ੀ ਨਾਰਾਜ਼ਗੀ ਪ੍ਰਗਟ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦੀ ਜਾਣਕਾਰੀ ਤੇ ਸਹਿਮਤੀ ਤੋਂ ਬਿਨਾਂ ਹੀ ਸੁਬਰਾਮਣੀਅਮ ਦਾ ਨਾਂਅ ਖਾਰਜ ਕਰ ਦਿੱਤਾ ਗਿਆ।

ਲਲਿਤ ਦੇ ਨਾਲ ਹੀ ਹਾਈਕੋਰਟ ਦੇ ਦੋ ਜੱਜਾਂ ਨੂੰ ਵੀ ਸੁਪਰੀਮ ਕੋਰਟ ਦਾ ਜੱਜ ਬਣਾਉਣ ਲਈ ਸਿਫ਼ਾਰਿਸ਼ ਕੀਤੀ ਗਈ ਹੈ। ਉਦੇ ਲਲਿਤ ਸੋਹਰਾਬੂਦੀਨ ਸ਼ੇਖ ਤੇ ਤੁਲਸੀ ਪ੍ਰਤਾਪਤੀ ਫਰਜ਼ੀ ਮੁਕਾਬਲੇ ਸਬੰਧੀ ਮਾਮਲਿਆਂ 'ਚ ਅਮਿਤ ਸ਼ਾਹ ਦੀ ਅਦਾਲਤ 'ਚ ਪੈਰਵੀ ਕਰ ਚੁੱਕੇ ਹਨ। ਦੋਹਾਂ ਮਾਮਲਿਆਂ 'ਚ ਅਮਿਤ ਸ਼ਾਹ ਹੱਤਿਆ ਦੀ ਸਾਜਿਸ਼ ਰਚਣ ਦੇ ਦੋਸ਼ੀ ਹਨ। ਜੇਕਰ ਸਰਕਾਰ ਸੁਪਰੀਮ ਕੋਰਟ ਦੇ ਕੋਲੀਜੀਅ ਦੀ ਸਿਫਾਰਿਸ਼ ਮੰਨ ਲੈਂਦੀ ਹੈ ਤਾਂ ਉਦੇ ਲਲਿਤ 6ਵੇਂ ਵਕੀਲ ਹੋਣਗੇ, ਜਿਨ੍ਹਾਂ ਨੂੰ ਸਿੱਧਾ ਸੁਪਰੀਮ ਕੋਰਟ ਦਾ ਜੱਜ ਬਣਾਇਆ ਜਾ ਰਿਹਾ ਹੈ।

ਜਸਟਿਸ ਐਚ. ਐਲ. ਦੱਤੂ, ਟੀ. ਐਸ. ਠਾਕੁਰ, ਅਨਿਲ ਆਰ. ਦਵੇ ਅਤੇ ਸੀ. ਕੇ. ਪ੍ਰਸਾਦ ਦੇ ਪੈਨਲ ਨੇ ਲਲਿਤ ਤੋਂ ਇਲਾਵਾ ਮੇਘਾਲਿਆ ਹਾਈਕੋਰਟ ਦੇ ਚੀਫ ਜਸਟਿਸ ਪ੍ਰਫੁਲ ਚੰਦਰਾ ਪੰਤ, ਗੁਹਾਟੀ ਹਾਈਕੋਰਟ ਦੇ ਚੀਫ਼ ਜਸਟਿਸ ਅਭੈ ਮਨੋਹਰ ਸਪਾਰੇ ਅਤੇ ਝਰਖੰਡ ਹਾਈਕੋਰਟ ਦੇ ਚੀਫ ਜਸਟਿਸ ਆਰ. ਭਾਨੂਮਤੀ ਦੇ ਨਾਂਅ ਦੀ ਸਿਫਾਰਸ਼ ਕੀਤੀ। ਸ੍ਰੀ ਲਲਿਤ ਹੋਰ ਵੀ ਕਈ ਪ੍ਰਸਿੱਧ ਕੇਸਾਂ ਨਾਲ ਜੁੜੇ ਹੋਏ ਹਨ। 2011 ਦੇ 2 ਜੀ ਘੁਟਾਲੇ ਕੇਸ 'ਚ ਉਹ ਵਿਸ਼ੇਸ਼ ਸਰਕਾਰੀ ਵਕੀਲ ਸਨ। ਇਸ ਤੋਂ ਇਲਾਵਾ ਜਨਰਲ ਬਿਕਰਮ ਸਿੰਘ, ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਅਤੇ ਸੀਨੀਅਰ ਕਾਂਗਰਸੀ ਨੇਤਾਵਾਂ ਐਸ. ਐਮ. ਕ੍ਰਿਸ਼ਨਾ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਕੇਸਾਂ 'ਚ ਵੀ ਉਹ ਵਕੀਲ ਦੇ ਤੌਰ 'ਤੇ ਸੰਬੰਧਿਤ ਰਹੇ ਹਨ।