arrow

ਰੇਲ ਬਜਟ ਲੀਕ ਹੋਣ ਸਬੰਧੀ ਰਾਜ ਸਭਾ 'ਚ ਰੌਲਾ-ਰੱਪਾ

ਨਵੀਂ ਦਿੱਲੀ, 12 ਜੁਲਾਈ-

ਬੀਤੇ ਦਿਨੀਂ ਪੇਸ਼ ਕੀਤੇ ਰੇਲ ਬਜਟ ਦੇ ਮੀਡੀਆ 'ਚ ਲੀਕ ਹੋਣ ਬਾਰੇ ਕਾਂਗਰਸ ਵਲੋਂ ਪਾਏ ਰੌਲੇ-ਰੱਪੇ ਤੋਂ ਬਾਅਦ ਰਾਜ ਸਭਾ ਦੇ ਚੇਅਰਮੈਨ ਹਾਮਿਦ ਅੰਸਾਰੀ ਨੇ ਅੱਜ ਕਿਹਾ ਕਿ ਜੇਕਰ ਨਿਯਮਾਂ ਦੀ ਉਲੰਘਣਾ ਹੋਈ ਹੈ ਤਾਂ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਪਰ ਉਨ੍ਹਾਂ ਨੇ ਮਰਿਆਦਾ ਮਤਾ ਪਾਸ ਕਰਨ ਤੋਂ ਨਾਂਹ ਕਰ ਦਿੱਤੀ।

ਰੌਲੇ-ਰੱਪੇ ਦੌਰਾਨ ਸੰਸਦੀ ਮਾਮਲਿਆਂ ਬਾਰੇ ਮੰਤਰੀ ਐਮ. ਵੈਂਕਈਆ ਨਾਇਡੂ ਨੇ ਹਾਊਸ ਨੂੰ ਦੱਸਿਆ ਕਿ ਸਰਕਾਰ ਇਸ ਮਾਮਲੇ ਦੀ ਜਾਂਚ ਕਰੇਗੀ। ਅੰਸਾਰੀ ਨੇ ਕਿਹਾ ਕਿ ਉਨ੍ਹਾਂ ਨੂੰ 6 ਮੈਂਬਰਾਂ ਵਲੋਂ ਰੇਲ ਬਜਟ ਦੇ ਲੀਕ ਹੋਣ ਬਾਰੇ ਮਰਿਆਦਾ ਦੀ ਉਲੰਘਣਾ ਦੇ ਨੋਟਿਸ ਮਿਲੇ ਹਨ।

ਉਨ੍ਹਾਂ ਕਿਹਾ ਕਿ ਇਹ ਮਾਮਲਾ ਰੇਲ ਬਜਟ ਪੇਸ਼ ਕਰਨ ਵਾਲੇ ਦਿਨ 8 ਜੁਲਾਈ ਨੂੰ ਵੀ ਚੁੱਕਿਆ ਗਿਆ ਸੀ। ਅੰਸਾਰੀ ਨੇ ਕਿਹਾ ਕਿ ਇਹ ਸੱਚਾਈ ਹੈ ਕਿ ਰੇਲ ਬਜਟ ਪੇਸ਼ ਹੋਣ ਵਾਲੇ ਦਿਨ ਸਰਕਾਰ ਦੇ ਕੁਝ ਪ੍ਰਸਤਾਵ ਇਕ ਅਖਬਾਰ ਨੇ ਛਾਪੇ ਸਨ। ਉਨ੍ਹਾਂ ਕਿਹਾ ਕਿ ਰੇਲ ਮੰਤਰੀ ਦਾ ਬਜਟ ਭਾਸ਼ਣ ਮੀਡੀਆ 'ਚ ਲੀਕ ਹੋਣਾ ਮੰਦਭਾਗਾ ਹੈ।