arrow

ਇਸ਼ਾਂਤ ਤੇ ਭੁਵੀ ਨੇ ਇੰਗਲੈਂਡ ਨੂੰ ਝਿੰਜੋੜਿਆ

ਨਾਟਿੰਘਮ , 12 ਜੁਲਾਈ-

ਇਸ਼ਾਂਤ ਸ਼ਰਮਾ ਦੀ ਘਾਤਕ ਸਪੈੱਲ ਤੇ ਭੁਵਨੇਸ਼ਵਰ ਕੁਮਾਰ ਦੇ ਕਰੀਅਰ ਦੇ ਸਰਵਸ੍ਰੇਸ਼ਠ ਪ੍ਰਦਰਸ਼ਨ ਨਾਲ ਭਾਰਟ ਨੇ ਟ੍ਰੇਂਟਬ੍ਰਿਜ ਦੀ 'ਬੇਜਾਨ'  ਪਿੱਚ 'ਤੇ ਖੇਡੇ ਜਾ ਰਹੇ ਪਹਿਲੇ ਟੈਸਟ ਕ੍ਰਿਕਟ ਮੈਚ ਵਿਚ ਅੱਜ ਕੁਝ ਜਾਨ ਪਾ ਕੇ ਤੀਜੇ ਦਿਨ ਵੀ ਇੰਗਲੈਂਡ ਨੂੰ ਬੈਕਫੁੱਟ 'ਤੇ ਰੱਖਿਆ।

ਇਸ਼ਾਂਤ ਨੇ 109 ਦੌੜਾਂ ਦੇ ਕੇ 3 ਵਿਕਟਾਂ ਲਈਆਂ ਜਦਕਿ ਭੁਵਨੇਸ਼ਵਰ ਕੁਮਾਰ (61 ਦੌੜਾਂ 'ਤੇ ਚਾਰ ਵਿਕਟਾਂ) ਨੇ ਆਪਣੇ ਕਰੀਅਰ ਵਿਚ ਪਹਿਲੀ ਵਾਰ ਚਾਰ ਵਿਕਟਾਂ ਹਾਸਲ ਕੀਤੀਆਂ ਪਰ ਜੋਏ ਰੂਟ (ਅਜੇਤੂ 78) ਨੇ ਪੁੱਛਲੇ ਬੱਲੇਬਾਜ਼ਾਂ ਸਟੂਅਰਟ ਬ੍ਰਾਡ (47) ਤੇ ਜੇਮਸ ਐਂਡਰਸਨ (ਅਜੇਤੂ 23) ਨਾਲ ਅਰਧ ਸੈਂਕੜਾ ਬਣਾ ਕੇ ਤੀਜੇ ਦਿਨ ਦੀ ਖੇਡ ਖਤਮ ਹੋਣ ਤਕ ਇੰਗਲੈਂਡ ਦਾ ਸਕੋਰ 9 ਵਿਕਟਾਂ 'ਤੇ 352 ਦੌੜਾਂ 'ਤੇ ਪਹੁੰਚਾ ਦਿੱਤਾ। ਇੰਗਲੈਂਡ ਹੁਣ ਵੀ ਭਾਰਤ ਤੋਂ 105 ਦੌੜਾਂ ਪਿੱਛੇ ਹੈ, ਜਿਸ ਨੇ ਆਪਣੀ ਪਹਿਲੀ ਪਾਰੀ ਵਿਚ 457 ਦੌੜਾਂ ਬਣਾਈਆਂ ਸਨ।

ਦਿਨ ਦਾ ਪਹਿਲਾ ਤੇ ਤੀਜੇ ਸੈਸ਼ਨ ਦੇ ਪ੍ਰਦਰਸ਼ਨ ਨਾਲ ਇੰਗਲੈਂਡ ਨੂੰ ਖੁਸ਼ੀ ਹੋਵੇਗੀ ਪਰ ਦੂਜਾ ਸੈਸ਼ਨ ਪੂਰੀ ਤਰ੍ਹਾਂ ਭਾਰਤ ਦੇ ਨਾਂ ਰਿਹਾ। ਸਵੇਰ ਦੇ ਸੈਸ਼ਨ ਵਿਚ ਭਾਰਤੀ ਗੇਂਦਬਾਜ਼ਾਂ ਨੂੰ ਕੋਈ ਵਿਕਟ ਨਹੀਂ ਮਿਲੀ ਪਰ ਦੂਜੇ ਸੈਸ਼ਨ ਵਿਚ ਇਸ਼ਾਂਤ ਦੇ ਖੌਫਨਾਕ ਸਪੈੱਲ ਦੀ ਬਦੌਲਤ ਭਾਰਤ ਨੇ 74 ਦੌੜਾਂ ਦੇ ਅੰਦਰ ਇੰਗਲੈਂਡ ਦੀਆਂ ਛੇ ਵਿਕਟਾਂ ਲੈ ਲਈਆਂ। ਕੁਝ ਫੈਸਲੇ ਹਾਲਾਂਕਿ ਵਿਵਾਦਪੂਰਨ ਵੀ ਰਹੇ। ਰੂਟ ਦੇ ਇਲਾਵਾ ਇੰਗਲੈਂਡ ਵਲੋਂ ਸੈਮ ਰੌਬਸਨ (59) ਤੇ ਗੈਰੀ ਬੈਲੇਂਸ (71) ਨੇ ਅਰਧ ਸੈਂਕੜੇ ਲਗਾਏ।

ਭੁਵਨੇਸ਼ਵਰ ਤੇ ਸ਼ੰਮੀ ਨੇ ਜਿਸ ਤਰ੍ਹਾਂ ਨਾਲ ਭਾਰਤੀ ਪਾਰੀ ਵਿਚ 10ਵੀਂ ਵਿਕਟ ਲਈ 111 ਦੌੜਾਂ ਦੀ ਸਾਂਝੇਦਾਰੀ ਕੀਤੀ, ਉਸੇ ਤਰ੍ਹਾਂ ਨਾਲ ਐਂਡਰਸਨ ਨੇ ਅਜੇ ਤਕ ਰੂਟ ਦਾ ਚੰਗਾ ਸਾਥ ਦਿੱਤਾ ਹੈ। ਇਨ੍ਹਾਂ ਦੋਵਾਂ ਨੇ ਭਾਰਤ ਦੀ ਇੰਗਲੈਂਡ ਦੀ ਪਾਰੀ ਤੀਜੇ ਦਿਨ ਹੀ ਖਤਮ ਕਰਨ ਦੀ ਇੱਛਾ ਪੂਰੀ ਨਾ ਹੋਣ ਦਿੱਤੀ। ਰੂਟ ਤੇ ਐਂਡਰਸਨ  ਨੇ ਆਖਰੀ ਵਿਕਟ ਲਈ ਹੁਣ ਤਕ 54 ਦੌੜਾਂ ਜੋੜ ਲਈਆਂ ਹਨ।

ਭਾਰਤ ਨੂੰ ਕੱਲ ਕਪਤਾਨ ਐਲਿਸਟੀਅਰ ਕੁਕ ਦੇ ਰੂਪ ਵਿਚ ਪਹਿਲੀ ਸਫਲਤਾ ਦਿਵਾਉਣ ਵਾਲੇ ਸ਼ੰਮੀ ਨੇ 98 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ ਹਨ।  ਧੋਨੀ ਨੇ ਰਵਿੰਦਰ ਜਡੇਜਾ ਤੇ ਸਟੂਅਰਟ ਬਿੰਨੀ ਤੋਂ ਵੀ ਗੇਂਦਬਾਜ਼ੀ ਕਰਵਾਈ ਪਰ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ। ਆਪਣਾ ਪਹਿਲਾ ਟੈਸਟ ਮੈਚ ਖੇਡ ਰਹੇ ਬਿੰਨੀ ਨੇ ਸਿਰਫ ਛੇ ਓਵਰ ਕੀਤੇ।