arrow

ਅੰਮ੍ਰਿਤਸਰ 'ਚ ਖੁੱਲ੍ਹੇਗਾ ਪੰਜਾਬ ਲਈ ਐਲਾਨਿਆ 'ਆਈ. ਆਈ. ਐੱਮ.'- ਸੁਖਬੀਰ

ਅੰਮ੍ਰਿਤਸਰ , 11 ਜੂਲਾਈ

ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸ਼ੁੱਕਰਵਾਰ ਨੂੰ ਅੰਮ੍ਰਿਤਸਰ 'ਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਬਜਟ 'ਚ ਪੰਜਾਬ ਲਈ ਐਲਾਨਿਆ ਗਿਆ ਇੰਡੀਅਨ ਇੰਸਟੀਚਿਊਟ ਆਫ ਮੈਨਜਮੈਂਟ (ਆਈ. ਆਈ. ਐੱਮ) ਪੰਜਾਬ ਦੇ ਸ਼ਹਿਰ ਅੰਮ੍ਰਿਤਸਰ 'ਚ ਖੋਲ੍ਹਿਆ ਜਾਵੇਗਾ। ਸੁਖਬੀਰ ਬਾਦਲ ਨੇ ਸ਼ੁੱਕਰਵਾਰ ਨੂੰ ਸ਼੍ਰੀ ਹਰਿਮੰਦਰ ਸਾਹਿਬ 'ਚ ਮੱਥਾ ਟੇਕਿਆ ਅਤੇ ਗੁਰੂ ਘਰ 'ਚ ਰਖਵਾਏ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।

ਇਸ ਮੌਕੇ ਸੁਖਬੀਰ ਬਾਦਲ ਨੇ ਸ਼ਹਿਰ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਵੀ ਲਿਆ ਅਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਇਸ ਵਾਰ ਜਿਹੜਾ ਆਮ ਬਜਟ ਪੇਸ਼ ਕੀਤਾ ਗਿਆ, ਉਹ ਕਾਫੀ ਵਧੀਆ ਹੈ ਅਤੇ ਰੇਲ ਬਜਟ 'ਚ ਵੀ ਪੰਜਾਬ ਨੂੰ ਕਾਫੀ ਤਰਜੀਹ ਦਿੱਤੀ ਗਈ। ਰੇਲ ਬਜਟ 'ਚ ਪੰਜਾਬ ਦੇ ਹਿੱਸੇ 4 ਨਵੀਆਂ ਟਰੇਨਾਂ ਆਈਆਂ। ਸੁਖਬੀਰ ਬਾਦਲ ਨੇ ਕਿਹਾ ਕਿ ਵੀਰਵਾਰ ਨੂੰ ਪੇਸ਼ ਕੀਤੇ ਆਮ ਬਜਟ 'ਚ ਪੰਜਾਬ 'ਚ ਇਕ ਆਈ. ਆਈ. ਐੱਮ. ਦਾ ਐਲਾਨ ਕੀਤਾ ਗਿਆ ਹੈ, ਜਿਹੜਾ ਕਿ ਅੰਮ੍ਰਿਤਸਰ 'ਚ ਖੋਲ੍ਹਿਆ ਜਾਵੇਗਾ।

ਸੁਖਬੀਰ ਬਾਦਲ ਨੇ ਕਿਹਾ ਕਿ ਇਹ ਪਹਿਲਾ ਅਜਿਹਾ ਬਜਟ ਹੈ, ਜਿਸ 'ਚ ਪੰਜਾਬ ਨੂੰ ਤਰਜੀਹ ਦਿੱਤੀ ਗਈ ਹੈ। ਜਦੋਂ ਪੱਤਰਕਾਰਾਂ ਨੇ ਅੰਮ੍ਰਿਤਸਰ ਦੇ ਨਗਰ ਨਿਗਮ ਸੰਬੰਧੀ ਸੁਖਬੀਰ ਨੂੰ ਸਵਾਲ ਕੀਤਾ ਕਿ ਇੱਥੋਂ ਦੇ ਮੇਅਰ ਅਕਸਰ ਕਹਿੰਦੇ ਹਨ ਕਿ ਨਿਗਮ ਕੋਲ ਪੈਸਾ ਨਹੀਂ ਹੈ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਇਸ ਸੰਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।

ਹੁੱਡਾ ਸਰਕਾਰ ਜਾਂਦੇ ਹੋਏ ਵੀ ਸਿੱਖਾਂ ਨੂੰ ਉਜਾੜਨ 'ਚ ਲੱਗੀ ਹੈ- ਸੁਖਬੀਰ

ਅੰਮ੍ਰਿਤਸਰ-ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਸ਼ੁੱਕਰਵਾਰ ਨੂੰ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਪ੍ਰੈਸ ਕਾਨਫਰੰਸ ਦੌਰਾਨ ਭੁਪਿੰਦਰ ਸਿੰਘ ਹੁੱਡਾ ਬਾਰੇ ਬੋਲਦਿਆਂ ਕਿਹਾ ਕਿ ਹਰਿਆਣਾ ਸਰਕਾਰ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਸਤਾਵ ਨੂੰ ਹਾਊਸ 'ਚ ਪਾਸ ਕਰ ਵੀ ਦਿੰਦੀ ਹੈ ਤਾਂ ਇਸ ਦੀ ਕੋਈ ਕੀਮਤ ਨਹੀਂ ਹੋਵੇਗੀ। ਉਨ੍ਹਾਂ ਨੇ ਇਸ ਮਾਮਲੇ ਸੰਬੰਧੀ ਗਾਂਧੀ ਪਰਿਵਾਰ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਇਸ ਪਰਿਵਾਰ ਨੇ ਹਮੇਸ਼ਾ ਸਿੱਖਾਂ ਨੂੰ ਵੱਖ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਇਹ ਪਾਰਟੀ ਹਮੇਸ਼ਾ ਸਿੱਖਾਂ ਦੇ ਖਿਲਾਫ ਰਹੀ ਹੈ।

ਉਨ੍ਹਾਂ ਕਿਹਾ ਕਿ ਅੱਜ ਵੀ ਹਰਿਆਣਾ 'ਚ ਸਰਕਾਰ ਖਤਮ ਹੋਣ ਜਾ ਰਹੀ ਹੈ ਤਾਂ ਉਹ ਜਾਂਦੇ-ਜਾਂਦੇ ਇਕ ਵਾਰ ਫਿਰ ਸਿੱਖਾਂ ਨੂੰ ਉਜਾੜਨ 'ਚ ਲੱਗੀ ਹੋਈ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਇਹ ਉਨ੍ਹਾਂ ਦੀ ਸਾਜਿਸ਼ ਹੈ। ਉਨ੍ਹਾਂ ਕਿਹਾ ਕਿ 10 ਸਾਲਾਂ ਤੱਕ ਯੂ. ਪੀ. ਏ. ਦੀ ਸਰਕਾਰ ਸੱਤਾ 'ਚ ਰਹੀ ਪਰ ਉਸ ਸਮੇਂ ਉਨ੍ਹਾਂ ਨੇ ਅਜਿਹਾ ਕੁਝ ਨਹੀਂ ਕੀਤਾ ਪਰ ਹੁਣ ਇਸ ਤਰ੍ਹਾਂ ਕਿਉਂ ਕਰ ਰਹੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਹਰਿਆਣਾ 'ਚ ਸਿੱਖਾਂ ਨੂੰ ਇਕ ਕੀਤਾ ਜਾਵੇਗਾ।