arrow

...ਕਿਤੇ ਯਮੁਨਾ ਮੈਲੀ ਦੀ ਮੈਲੀ ਹੀ ਨਾ ਰਹਿ ਜਾਵੇ

ਸਮਾਲਖਾ, 11 ਜੁਲਾਈ-

ਲੱਖ ਕੌਸ਼ਿਸ਼ ਕਰਨ 'ਤੇ ਵੀ ਯਮੁਨਾ ਨਦੀ ਦੀ ਸਾਫ਼-ਸਫ਼ਾਈ ਨਹੀਂ ਹੋ ਰਹੀ ਹੈ। ਅੱਜ ਵੀ ਯਮੁਨਾ ਨਦੀ ਗੰਦਗੀ ਫੈਲਨ ਨਾਲ ਆਪਣੀ ਬਦਸੂਰਤੀ 'ਤੇ ਹੰਝੂ ਵਹਾ ਰਹੀ ਹੈ। ਦੂਜੇ ਪਾਸੇ ਸਰਕਾਰ ਸਫ਼ਾਈ ਨੂੰ ਲੈ ਕੇ ਕਰੋੜਾਂ ਰੁਪਏ ਪਾਣੀ ਦੀ ਤਰ੍ਹਾਂ ਰੋੜ੍ਹ ਰਹੀ ਹੈ ਤੇ ਸਮਾਜਿਕ ਸੰਸਥਾਵਾਂ ਵੀ ਜਾਗਰੂਕਤਾ ਮੁਹਿੰਮ ਚਲਾਉਣ 'ਚ ਕੋਈ ਕਸਰ ਨਹੀਂ ਛੱਡ ਰਹੀਆਂ ਹਨ।

ਫਿਰ ਵੀ ਯਮੁਨਾ ਨਦੀ ਦੇ ਕੰਢਿਆਂ ਦੇ ਨਾਲ-ਨਾਲ ਵਿਚਕਾਰ ਪਈ ਰੇਤ ਦੇ ਟਿੱਬਿਆਂ 'ਤੇ ਗੰਦਗੀ ਦਾ ਬੋਲਬਾਲਾ ਹੈ। ਇਹ ਜਾਗਰੂਕਤਾ ਦੀ ਘਾਟ ਹੈ ਜਾਂ ਫਿਰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਅਣਦੇਖੀ ਹੈ। ਯਮੁਨਾ ਨਦੀ ਦੇ ਪਵਿੱਤਰ ਪਾਣੀ 'ਚ ਗੰਦਗੀ ਹੋਣ ਨਾਲ ਜਿੱਥੇ ਇਕ ਪਾਸੇ ਸ਼ਰਧਾਲੂਆਂ ਦੀ ਭਾਵਨਾਵਾਂ ਨੂੰ ਠੇਸ ਪੁੱਜ ਰਹੀ ਹੈ। ਦੂਜੇ ਪਾਸੇ ਕੈਮੀਕਲ ਵਾਲਾ ਪਾਣੀ ਹੋਣ ਨਾਲ ਜਲ ਜੀਵ ਵੀ ਖ਼ਤਮ ਹੁੰਦੇ ਜਾ ਰਹੇ ਹਨ।

ਯਮੁਨਾ ਨਦੀ 'ਚ ਸ਼ਰਧਾਲੂ ਨਹਾਉਣ ਤੋਂ ਕਤਰਾਉਣ ਲੱਗੇ ਹਨ ਅਤੇ ਆਪਣੀ ਸ਼ਰਧਾ ਬਣਾਈ ਰੱਖਣ ਲਈ ਮੂੰਹ ਹੱਥ ਧੋ ਕੇ ਹੀ ਸਾਰ ਲੈਂਦੇ ਹਨ। ਨਦੀ ਦਾ ਪਾਣੀ ਕੈਮੀਕਲ ਯੁਕਤ ਹੋਣ ਨਾਲ ਚਮੜੀ ਦੀਆਂ ਬਿਮਾਰੀਆਂ ਹੋਣ ਡਰ ਬਣਿਆ ਰਹਿੰਦਾ ਹੈ। ਉਂਝ ਤਾਂ ਮੋਦੀ ਸਰਕਾਰ ਨੇ ਗੰਗਾ ਤੇ ਇਸ ਦੀਆਂ ਸਹਿਯੋਗੀ ਨਦੀਆਂ ਦੀ ਸਫ਼ਾਈ ਤੇ ਵਿਕਾਸ ਲਈ ਵੱਖ ਤੋਂ ਮੰਤਰਾਲਾ ਬਣਾ ਦਿੱਤਾ ਹੈ ਜਿਸ 'ਚ ਯਮੁਨਾ ਨਦੀ ਦਾ ਜ਼ਿਕਰ ਮੁੱਖ ਕੀਤਾ ਗਿਆ ਹੈ। ਇਸ ਲਈ ਸ਼ਰਧਾਲੂਆਂ ਨੂੰ ਕੁਝ ਆਸ਼ ਬੱਝੀ ਹੈ ਪਰ ਹੁਣ ਤੱਕ ਯਮੁਨਾ ਨਦੀ ਵੱਲ ਕੋਈ ਧਿਆਨ ਨਾ ਦਿੱਤੇ ਜਾਣ ਕਾਰਨ ਉਨ੍ਹਾਂ ਨੂੰ ਡਰ ਹੈ ਕਿ ਕਿਤੇ ਉਨ੍ਹਾਂ ਦੀ ਯਮੁਨਾ ਮੈਲੀ ਦੀ ਮੈਲੀ ਹੀ ਨਾ ਰਹਿ ਜਾਵੇ।