arrow

ਬਾਜਵਾ ਨੇ ਨੀਮ ਫੌਜ਼ੀ ਦਸਤਿਆਂ ਲਈ ਵਨ ਰੈਂਕ ਵਨ ਪੈਨਸ਼ਨ ਦੀ ਮੰਗ ਕੀਤੀ

ਚੰਡੀਗੜ੍ਹ, 11 ਜੁਲਾਈ-

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਨੀਮ ਫੌਜ਼ੀ ਦਸਤਿਆਂ ਤੋਂ ਰਿਟਾਇਰਡ ਅਫਸਰਾਂ ਲਈ ਵੀ ਵਨ ਰੈਂਕ ਵਨ ਪੈਨਸ਼ਨ ਲਾਗੂ ਕੀਤੇ ਜਾਣ ਦੀ ਮੰਗ ਕੀਤੀ ਹੈ।

ਬਾਜਵਾ ਨੇ ਵਿੱਤ ਮੰਤਰੀ ਅਰੂਨ ਜੇਤਲੀ ਵੱਲੋਂ ਬੀਤੇ ਦਿਨ ਸਾਬਕਾ ਫੌਜ਼ੀਆਂ ਲਈ ਵਨ ਰੈਂਕ ਵਨ ਪੈਨਸ਼ਨ ਅਧੀਨ 1000 ਕਰੋੜ ਰੁਪਏ ਜ਼ਾਰੀ ਕਰਨ ਬਾਰੇ ਕੀਤੇ ਐਲਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਵਰਤਮਾਨ ਸਰਕਾਰ ਵੱਲੋਂ ਪਿਛਲੀ ਯੂ.ਪੀ.ਏ ਦੇ ਫੈਸਲਿਆਂ ਨੂੰ ਅੱਗੇ ਵਧਾਉਣਾ ਸ਼ਲਾਘਾਯੋਗ ਹੈ। ਇਸਦੇ ਨਾਲ ਹੀ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਰਾਸ਼ੀ ਨੂੰ ਵਧਾ ਕੇ 3000 ਕਰੋੜ ਰੁਪਏ ਕਰਨਾ ਚਾਹੀਦਾ ਹੈ। ਬਾਜਵਾ ਨੇ ਨੀਮ ਫੌਜ਼ੀ ਦਸਤਿਆਂ ਦੇ ਮਾਮਲੇ 'ਚ ਅਪੀਲ ਕਰਦਿਆਂ ਕਿਹਾ ਕਿ ਨੀਮ ਫੌਜ਼ੀ ਦਸਤਿਆਂ 'ਚ ਤੈਨਾਤ ਆਦਮੀਆਂ ਤੇ ਔਰਤਾਂ ਨੂੰ ਅੰਤਰਰਾਸ਼ਟਰੀ ਬਾਰਡਰਾਂ ਸਮੇਤ ਕਈ ਮੁਸ਼ਕਿਲ ਹਾਲਾਤਾਂ 'ਚ ਕੰਮ ਕਰਨਾ ਪੈਂਦਾ ਹੈ। ਇਸ ਲੜੀ ਹੇਠ ਨੀਮ ਫੌਜ਼ੀ ਦਸਤੇ ਹੀ ਘਰੇਲੂ ਝਗੜਿਆਂ ਨਾਲ ਡੀਲ ਕਰਦੇ ਹਨ।

ਉਨ੍ਹਾਂ ਨੇ ਕਿਹਾ ਕਿ ਮੱਧ ਭਾਰਤ ਲਾਲ ਅੱਤਵਾਦ ਤੇ ਉਤਰ ਪੂਰਬੀ ਤੇ ਕਸ਼ਮੀਰ 'ਚ ਅੱਤਵਾਦੀਆਂ ਲੜਾਈ 'ਚ ਇਨ੍ਹਾਂ ਦਸਤਿਆਂ ਨੇ ਸ਼ਲਾਘਾਯੋਗ ਭੂਮਿਕਾ ਅਦਾ ਕੀਤੀ ਹੈ ਤੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਣਾਏ ਰੱਖਣ ਲਈ ਇਨ੍ਹਾਂ ਨੇ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ ਹਨ। ਇਹ ਸਮਾਂ ਇਨ੍ਹਾਂ ਦੇ ਯੋਗਦਾਨ ਤੇ ਬਲਿਦਾਨ ਨੂੰ ਬਣਦਾ ਸਨਮਾਨ ਦੇਣ ਦਾ ਹੈ। ਪ੍ਰਦੇਸ਼ ਕਾਂਗਰਸ ਪ੍ਰਧਾਨ ਦਾ ਪ੍ਰਸਤਾਅ ਹੈ ਕਿ ਇਨ੍ਹਾਂ ਦੀਆਂ ਸੇਵਾਵਾਂ ਪ੍ਰਤੀ ਸਨਮਾਨ ਪ੍ਰਗਟ ਕਰਦਿਆਂ ਇਨ੍ਹਾਂ ਨੂੰ ਰਿਟਾਇਰਮੈਂਟ ਉਪਰੰਤ ਲਾਭਾਂ 'ਚ ਰੱਖਿਆ ਸੇਵਾਵਾਂ ਦੀ ਬਰਾਬਰੀ ਮਿਲਣੀ ਚਾਹੀਦੀ ਹੈ। ਅਜਿਹੇ 'ਚ ਇਨ੍ਹਾਂ ਦਸਤਿਆਂ ਵਾਸਤੇ ਸਮਾਨ ਸਕੀਮ ਲਾਗੂ ਕਰਨਾ ਬਹੁਤ ਹੀ ਸ਼ਲਾਘਾਯੋਗ ਕਦਮ ਹੋਵੇਗਾ।

ਉਨ੍ਹਾਂ ਨੇ ਕਿਹਾ ਕਿ ਵੋਟਾਂ ਦੌਰਾਨ ਭਾਜਪਾ ਯੂ.ਪੀ.ਏ ਸਰਕਾਰ ਵੱਲੋਂ ਮਨਜ਼ੂਰ ਇਸ ਸਕੀਮ ਨੂੰ ਲੈ ਕੇ ਵਿਵਾਦ ਕਰ ਰਹੀ ਸੀ। ਹੁਣ ਵਨ ਰੈਂਕ ਵਨ ਪੈਨਸ਼ਨ ਹੇਠ ਫੰਡ ਜ਼ਾਰੀ ਕਰਨ ਤੋਂ ਬਾਅਦ ਸਾਬਤ ਹੋ ਚੁੱਕਾ ਹੈ ਕਿ ਇਹ ਸਕੀਮ ਪਹਿਲਾਂ ਹੀ ਚਲਾ ਦਿੱਤੀ ਗਈ ਸੀ ਤੇ ਇਹ ਬਜਟ ਦਾ ਫੰਡ ਹੈ। ਉਨ੍ਹਾਂ ਨੇ ਕਿਹਾ ਕਿ ਯੂ.ਪੀ.ਏ ਨੇ ਰੱਖਿਆ ਫੋਰਸਾਂ ਦਾ ਧਿਆਨ ਰੱਖਿਆ ਸੀ ਤੇ ਹੁਣ ਐਨ.ਡੀ.ਏ ਸਰਕਾਰ ਨੂੰ ਦੇਸ਼ ਹਿੱਤ ਨੂੰ ਧਿਆਨ 'ਚ ਰੱਖਦਿਆ ਨੀਮ ਫੌਜ਼ੀ ਦਸਤਿਆਂ ਨੂੰ ਇਸ ਸਕੀਮ 'ਚ ਸ਼ਾਮਿਲ ਕਰਨਾ ਚਾਹੀਦਾ ਹੈ।