arrow

ਗੋਬਿੰਦ ਨਗਰੀ ਵਾਸੀ ਪਾਣੀ ਦੀ ਬੂੰਦ-ਬੂੰਦ ਨੂੰ ਤਰਸਣ ਲੱਗੇ

ਫ਼ਿਰੋਜ਼ਪੁਰ, 11 ਜੁਲਾਈ-

ਫ਼ਿਰੋਜ਼ਪੁਰ ਸ਼ਹਿਰ ਦੀ ਇਕ ਅਜਿਹੀ ਕਾਲੋਨੀ ਹੈ, ਜਿੱਥੋਂ ਦੇ ਲੋਕ ਅਤਿ ਦੀ ਗਰਮੀ 'ਚ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਹਨ, ਕਿਉਂਕਿ ਨਜ਼ਦੀਕ ਪੈਂਦੀਆਂ ਕਾਲੋਨੀਆਂ ਦੇ ਲੋਕ ਆਪਣੇ ਘਰਾਂ 'ਚ ਲੱਗੀਆਂ ਮੋਟਰਾਂ ਰਾਹੀਂ ਸਾਰਾ ਪਾਣੀ ਖਿੱਚ ਲੈਂਦੇ ਹਨ, ਜਿਸ ਕਾਰਨ ਨਗਰ ਕੌਂਸਲ ਵੱਲੋਂ ਸਪਲਾਈ ਹੁੰਦਾ ਪਾਣੀ ਉਨ੍ਹਾਂ ਤੱਕ ਨਹੀਂ ਪਹੁੰਚਦਾ।

ਉਕਤ ਖੁਲਾਸਾ ਫ਼ਿਰੋਜ਼ਪੁਰ ਸ਼ਹਿਰ ਸਥਿਤ ਗੋਬਿੰਦ ਨਗਰੀ ਦੇ ਵਸਨੀਕਾਂ ਨੇ ਵਧੀਕ ਡਿਪਟੀ ਕਮਿਸ਼ਨਰ ਨੂੰ ਲਿਖੇ ਇੱਕ ਪੱਤਰ ਰਾਹੀਂ ਕੀਤਾ ਹੈ। ਨਗਰ ਵਾਸੀਆਂ ਦੇ ਵਫ਼ਦ ਨੇ ਉਕਤ ਅਧਿਕਾਰੀ ਨੂੰ ਇਹ ਵੀ ਦੱਸਿਆ ਕਿ ਉਹ ਇਸ ਸਬੰਧੀ ਅਨੇਕਾਂ ਵਾਰ ਪ੍ਰਸ਼ਾਸਨਿਕ ਉੱਚ ਅਧਿਕਾਰੀਆਂ ਨੂੰ ਅਪੀਲਾਂ ਤੇ ਦਲੀਲਾਂ ਕਰ ਚੁੱਕੇ ਹਨ, ਪਰ ਉਨ੍ਹਾਂ ਦੀ ਅਜੇ ਤੱਕ ਕੋਈ ਸੁਣਵਾਈ ਨਹੀਂ ਹੋ ਰਹੀ। ਹੁਣ ਅੱਤ ਦੀ ਗਰਮੀ ਹੋਣ ਕਾਰਣ ਪਾਣੀ ਦੀ ਕਿੱਲਤ ਹੋਰ ਵੀ ਵੱਧ ਗਈ ਹੈ।

ਗੋਬਿੰਦ ਨਗਰੀ ਦੇ ਲੋਕਾਂ ਨੇ ਵਧੀਕ ਡਿਪਟੀ ਕਮਿਸ਼ਨਰ ਨੂੰ ਇਹ ਵੀ ਦੱਸਿਆ ਕਿ ਗੋਬਿੰਦ ਨਗਰੀ ਨਜ਼ਦੀਕ ਲੱਗੇ ਪਾਣੀ ਦੇ ਟਿਊਬਵੈਲ ਰਾਹੀਂ ਸਿਰਫ਼ ਬੈਂਕ ਕਾਲੋਨੀ, ਫਰੈਂਡ ਕਾਲੋਨੀ, ਨਿਊ ਫਰੈਂਡ ਕਾਲੋਨੀ, ਨਰਸਿੰਗ ਕਾਲੋਨੀ, ਵਿਕਾਸ ਵਿਹਾਰ, ਬ੍ਰਹਮ ਨਗਰੀ, ਮਾਤਾ ਵਾਰਡ ਵਗੈਰਾ ਲੋਕਾਂ ਨੂੰ ਇਕ ਪੰਪ ਰਾਹੀਂ ਪਾਣੀ ਮਿਲਦਾ ਹੈ, ਪਰ ਗੋਬਿੰਦ ਨਗਰੀ ਵਾਸੀਆਂ ਨੂੰ ਉਕਤ ਮੋਟਰ ਤੋਂ ਸਪਲਾਈ ਬਹੁਤ ਹੀ ਘੱਟ ਹੋ ਰਹੀ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਵੱਧਦੀ ਅਬਾਦੀ ਦੀ ਲੋੜ ਮੁਤਾਬਿਕ ਸਬੰਧਤ ਵਿਭਾਗ ਵੱਲੋਂ ਟਿਊਬਵੈਲ ਪੰਪ ਲਗਾਇਆ ਜਾਵੇ, ਉਹ ਪੰਪ ਲਗਾਉਣ ਲਈ ਜਗ੍ਹਾ ਦੇਣ ਨੂੰ ਵੀ ਤਿਆਰ ਹਨ ਤਾਂ ਜੋ ਪਾਣੀ ਸਪਲਾਈ ਦੀ ਸਮੱਸਿਆ ਹਮੇਸ਼ਾ ਲਈ ਖ਼ਤਮ ਹੋ ਸਕੇ।