arrow

ਜੇਤਲੀ ਨੂੰ ਘੱਟੋ-ਘੱਟ ਬਾਦਲ ਦੀ ਹੀ ਲਾਜ ਰੱਖ ਲੈਣੀ ਚਾਹੀਦੀ ਸੀ- ਸਰਕਾਰੀਆ

ਅੰਮ੍ਰਿਤਸਰ , 11 ਜੁਲਾਈ-

ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਵਲੋਂ ਪੇਸ਼ ਕੀਤੇ ਗਏ ਬਜਟ ਨੂੰ ਪੰਜਾਬ ਤੇ ਖਾਸ ਕਰਕੇ ਅੰਮ੍ਰਿਤਸਰ ਦੇ ਲੋਕ ਬੜੀ ਨੀਝ ਲਾ ਕੇ ਸੁਣ ਰਹੇ ਸਨ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਹੇ ਅਨੁਸਾਰ ਕਦੋਂ ਖਜ਼ਾਨੇ ਦਾ ਮੂੰਹ ਪੰਜਾਬ ਲਈ ਖੋਲ੍ਹਣ ਦਾ ਐਲਾਨ ਕਰਨਗੇ।

ਬਜਟ ਮੁਕ ਗਿਆ ਪਰ ਉਨ੍ਹਾਂ ਦੇ ਮੂੰਹੋਂ ਇਕ ਵਾਰ ਵੀ ਪੰਜਾਬ ਲਈ ਕੋਈ ਵੀ ਐਲਾਨ ਨਾ ਹੋਣ ਕਰਕੇ ਨਿਰਾਸ਼ਾ ਹੀ ਹੱਥ ਲੱਗੀ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਅਤੇ ਹਲਕਾ ਰਾਜਾਸਾਂਸੀ ਤੋਂ ਵਿਧਾਇਕ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਕਿਹਾ ਹੈ ਕਿ ਜੇਤਲੀ ਨੂੰ ਘੱਟੋ-ਘੱਟ ਪ੍ਰਕਾਸ਼ ਸਿੰਘ ਬਾਦਲ ਵਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਦੀ ਹੀ ਲਾਜ ਰੱਖ ਲੈਣੀ ਚਾਹੀਦੀ ਸੀ ਤੇ ਸਰਹੱਦੀ ਕਿਸਾਨਾਂ ਅਤੇ ਪੰਜਾਬ ਦੇ ਉਜੜ ਰਹੇ ਵਪਾਰ ਨੂੰ ਬਚਾਉਣ ਲਈ ਕੋਈ ਰਿਆਇਤ ਦੇ ਦੇਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਜੇਤਲੀ ਨੇ ਅਜਿਹਾ ਕਰਕੇ ਪੰਜਾਬ ਦੇ ਲੋਕਾਂ ਦੇ ਨਾਲ ਨਹੀਂ, ਸਗੋਂ ਗੁਰੂ ਦੀ ਨਗਰੀ ਨਾਲ ਧੋਖਾ ਕੀਤਾ ਹੈ, ਜਿਥੇ ਉਹ ਚੋਣਾਂ ਦੌਰਾਨ ਵੱਡੇ-ਵੱਡੇ ਵਾਅਦੇ ਕਰਦਾ ਸੀ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਸਨ ਕਿ ਜੇਤਲੀ ਦੇ ਮੋਦੀ ਸਰਕਾਰ 'ਚ ਵਿੱਤ ਮੰਤਰੀ ਬਣਨ ਦੇ ਨਾਲ ਹੀ ਕੇਂਦਰ ਦਾ ਖਜ਼ਾਨਾ ਪੰਜਾਬ ਲਈ ਖੁੱਲ੍ਹ ਜਾਵੇਗਾ, ਕਿਸਾਨਾਂ, ਮਜ਼ਦੂਰਾਂ, ਵਪਾਰੀਆਂ ਦੇ ਦਿਨ ਬਦਲ ਜਾਣਗੇ ਤੇ ਅੱਤਵਾਦ ਦੌਰਾਨ ਪੰਜਾਬ ਸਿਰ ਚੜ੍ਹਿਆ ਕਰੋੜਾਂ ਰੁਪਏ ਦਾ ਕਰਜ਼ਾ ਵੀ ਮੁਆਫ ਕਰ ਦੇਣਗੇ। ਉਨ੍ਹਾਂ ਕਿਹਾ ਕਿ ਗੁਆਂਢੀ ਸੂਬਿਆਂ ਦੀ ਤਰਜ਼ 'ਤੇ ਵਿਸ਼ੇਸ਼ ਉਦਯੋਗ ਪੈਕੇਜ ਦੇ ਕੇ ਪੰਜਾਬ ਦੇ ਵਪਾਰ ਨੂੰ ਵਿਸ਼ੇਸ਼ ਸਹੂਲਤਾਂ ਦੇਣ ਤੇ ਪਾਕਿਸਤਾਨ ਨਾਲ ਵਪਾਰ ਲਈ ਕਈ ਐਲਾਨ ਕਰਨਗੇ

ਪਰ ਜੇਤਲੀ ਨੇ ਨਾ ਤਾਂ ਬਾਦਲ ਦੀ ਇੱਜ਼ਤ ਰੱਖੀ ਤੇ ਨਾ ਹੀ ਉਨ੍ਹਾਂ ਲੱਖਾਂ ਗੁਰੂ ਨਗਰੀ ਦੇ ਲੋਕਾਂ ਦੀ, ਜਿਨ੍ਹਾਂ ਨੇ ਉਨ੍ਹਾਂ ਨੂੰ ਵੋਟਾਂ ਪਾਈਆਂ। ਉਨ੍ਹਾਂ ਕਿਹਾ ਕਿ ਜੇਤਲੀ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਅਤੇ ਪੰਜਾਬ ਦੀ ਬੇਰੁਜ਼ਗਾਰੀ ਨੂੰ ਦੂਰ ਕਰਨ ਲਈ ਵੀ ਕੋਈ ਜ਼ਿਕਰ ਨਾ ਕਰਕੇ ਕਿਸਾਨਾਂ ਅਤੇ ਪੰਜਾਬ ਦੇ ਨੌਜਵਾਨ ਵਰਗ ਨੂੰ ਵੀ ਨਿਰਾਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮੋਦੀ ਸਰਕਾਰ ਦੀ ਡਾ. ਮਨਮੋਹਨ ਸਿੰਘ ਸਰਕਾਰ ਨਾਲ ਤੁਲਨਾ ਕੀਤੀ ਜਾਵੇ ਤਾਂ ਡਾ. ਮਨਮੋਹਨ ਸਿੰਘ ਦੀ ਸਰਕਾਰ ਨੇ ਪੰਜਾਬ ਨੂੰ ਕਈ ਸਹੂਲਤਾਂ ਮੁਹੱਈਆ ਕਰਵਾਈਆਂ ਸਨ, ਜਿਨ੍ਹਾਂ ਦਾ ਹਮੇਸ਼ਾ ਜ਼ਿਕਰ ਹੁੰਦਾ ਰਹੇਗਾ।