arrow

ਬਾਦਲਾਂ ਦਾ ਮੈਟਰੋ ਟਰੇਨ ਦਾ ਸੁਪਨਾ ਵੀ ਰਿਹਾ ਅਧੂਰਾ- ਜਾਖੜ

ਜਲੰਧਰ , 11 ਜੁਲਾਈ-

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿੱਤ ਮੰਤਰੀ ਅਰੁਣ ਜੇਤਲੀ ਵਲੋਂ ਸੰਸਦ 'ਚ ਪੇਸ਼ ਕੀਤੇ ਗਏ ਬਜਟ ਨੂੰ ਨਿਰਾਸ਼ਾਜਨਕ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਬਾਦਲਾਂ ਨੇ ਬਜਟ ਤੋਂ ਪਹਿਲਾਂ ਪੰਜਾਬੀਆਂ ਨੂੰ ਵੱਡੇ-ਵੱਡੇ ਸੁਪਨੇ ਦਿਖਾਏ ਸਨ ਜੋ ਅਧੂਰੇ ਰਹਿ ਗਏ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਬਜਟ 'ਤੇ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਕਿਹਾ ਕਿ ਬਾਦਲ ਹਮੇਸ਼ਾ ਕਹਿੰਦੇ ਸਨ ਕਿ ਨਰਿੰਦਰ ਮੋਦੀ ਦੇ ਪ੍ਰਧਾਨ ਮਤਰੀ ਅਤੇ ਜੇਤਲੀ ਦੇ ਵਿੱਤ ਮੰਤਰੀ ਬਣਨ ਨਾਲ ਪੰਜਾਬ ਨੂੰ ਵਿੱਤੀ ਸੰਕਟ 'ਚੋਂ ਬਾਹਰ ਕੱਢਿਆ ਜਾਵੇਗਾ ਪਰ ਅਜਿਹਾ ਕੁਝ ਵੀ ਨਹੀਂ ਹੋ ਸਕਿਆ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਬਜਟ 'ਚ ਪੰਜਾਬ ਨੂੰ ਸਿਰਫ ਇਕ ਆਈ. ਆਈ. ਐੱਮ. ਦਿਤਾ ਗਿਆ। ਜੇਤਲੀ ਵੀ ਪੰਜਾਬ ਲਈ ਕੁਝ ਨਹੀਂ ਕਰ ਸਕੇ। ਉਨ੍ਹਾਂ ਨੇ ਹਿਮਾਚਲ ਦੀ ਤਰਜ਼ 'ਤੇ ਪੰਜਾਬ ਨੂੰ ਕੋਈ ਵਿਸ਼ੇਸ਼ ਉਦਯੋਗਿਕ ਪੈਕੇਜ ਨਹੀਂ ਦਿਤਾ ਜਿਸ ਦੀ ਬਾਦਲ ਹਮੇਸ਼ਾ ਮੰਗ ਕਰਦੇ ਰਹੇ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਰਾਜਗ ਸਰਕਾਰ ਪੰਜਾਬ ਲਈ ਖਤਰਨਾਕ ਸਿੱਧ ਹੋਵੇਗੀ। ਭਾਜਪਾ ਪਹਿਲਾਂ ਮਨਰੇਗਾ ਦੀ ਆਲੋਚਨਾ ਕਰਦੀ ਸੀ ਪਰ ਹੁਣ ਉਸ ਨੇ ਯੂ. ਪੀ. ਏ. ਸਰਕਾਰ ਦੀ ਇਸ ਯੋਜਨਾ ਨੂੰ  ਜਾਰੀ ਰੱਖਣ ਦਾ ਫੈਸਲਾ ਲਿਆ। ਭਾਜਪਾ ਬਜਟ 'ਚ ਆਪਣੇ ਇਕ ਵੀ ਚੋਣਾਂ 'ਚ ਕੀਤੇ ਵਾਅਦੇ ਨੂੰ ਪੂਰਾ ਨਹੀਂ ਕਰ ਸਕੀ। ਕੇਂਦਰੀ ਬਜਟ ਵਿਚ ਪੰਜਾਬ  ਨੂੰ ਉਦਯੋਗਿਕ ਪੈਕੇਜ ਨਾ ਦਿੱਤੇ ਜਾਣ ਦਾ ਵਿਰੋਧ ਪ੍ਰਗਟਾਉਂਦੇ ਹੋਏ ਪੰਜਾਬ ਕਾਂਗਰਸ ਵਿਧਾਇਕ ਦਲ ਦੇ ਆਗੂ ਸੁਨੀਲ ਜਾਖੜ ਨੇ ਕਿਹਾ ਹੈ ਕਿ ਪੰਜਾਬ ਵਿੱਤੀ ਐਮਰਜੈਂਸੀ ਵੱਲ ਵਧ ਰਿਹਾ ਹੈ ਪਰ ਪੰਜਾਬ ਨੂੰ ਕੋਈ ਵੱਡੀ ਰਾਹਤ ਨਹੀਂ ਦਿੱਤੀ ਗਈ।

ਜਾਖੜ ਨੇ ਇਕ ਬਿਆਨ ਵਿਚ ਕਿਹਾ ਕਿ ਕੇਂਦਰ ਵਿਚ ਐੱਨ. ਡੀ. ਏ. ਸਰਕਾਰ ਦੇ ਗਠਨ ਮਗਰੋਂ ਪੂਰੇ ਸੂਬੇ ਵਿਚ ਮਹਿੰਗਾਈ ਅਤੇ ਸਬਜ਼ੀਆਂ ਦੀਆਂ ਕੀਮਤਾਂ ਅਸਮਾਨ  ਤੱਕ ਛੂਹਣ ਦੇ ਬਾਵਜੂਦ ਵੀ ਬਜਟ ਵਿਚ ਗਰੀਬਾਂ ਨੂੰ ਮਹਿੰਗਾਈ ਤੋਂ ਰਾਹਤ ਦਿਵਾਉਣ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਪਿਛਲੇ ਕਈ ਸਾਲਾਂ  ਤੋਂ ਲੁਧਿਆਣਾ 'ਚ ਨੈਸ਼ਨਲ ਟਰੇਨ ਚਲਾਉਣ ਦਾ ਐਲਾਨ ਕਰ ਰਹੀ ਹੈ ਪਰ ਉਸ ਲਈ ਵੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਬਜਟ ਵਿਚ ਫੰਡਾਂ ਦਾ ਪ੍ਰਬੰਧ ਨਹੀਂ ਕੀਤਾ।

ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਵਿਚ ਮਾਨਸੂਨ ਦੀ ਘਾਟ ਕਾਰਨ ਕਿਸਾਨਾਂ ਨੂੰ ਹੋਣ ਵਾਲੇ ਨੁਕਸਾਨ ਦੀ ਪੂਰਤੀ ਲਈ ਵੀ ਬਜਟ ਵਿਚ ਕੋਈ ਵਿਵਸਥਾ ਨਹੀਂ ਕੀਤੀ ਗਈ, ਜਿਸ ਤੋਂ ਪਤਾ ਲੱਗਦਾ ਹੈ ਕਿ ਰਾਜਗ ਸਰਕਾਰ ਨੂੰ ਕਿਸਾਨਾਂ ਦਾ ਕੋਈ ਫਿਕਰ ਨਹੀਂ। ਉਨ੍ਹਾਂ ਨੇ ਇਸ ਬਜਟ ਨੂੰ ਪੂਰੀ ਤਰ੍ਹਾਂ ਨਕਾਰਦੇ ਹੋਏ ਕਿਹਾ ਕਿ ਇਸ ਵਿਚ ਮੁਲਾਜ਼ਮਾਂ ਦਾ ਵੀ ਧਿਆਨ ਨਹੀਂ ਰੱਖਿਆ ਗਿਆ। ਬਜਟ ਨੂੰ ਉਨ੍ਹਾਂ ਨੇ ਗਰੀਬ ਆਦਮੀ ਵਿਰੋਧੀ ਕਰਾਰ ਦਿੱਤਾ ਹੈ।