arrow

ਅਰਜਨਟੀਨਾ ਤੇ ਜਰਮਨੀ ਵਿਚਾਲੇ ਹੋਵੇਗੀ ਖਿਤਾਬੀ ਟੱਕਰ

ਸਾਓ ਪਾਓਲੋ, 11 ਜੁਲਾਈ-

ਗੋਲਕੀਪਰ ਸਰਜੀਓ ਰੋਮੇਰੋ ਦੇ ਬੇਹਤਰੀਨ ਪ੍ਰਦਰਸ਼ਨ ਦੀ ਬਦੌਲਤ ਅਰਜਨਟੀਨਾ ਨੇ ਨੀਦਰਲੈਂਡ ਨੂੰ ਪੈਨਲਟੀ ਸ਼ੂਟਆਊਟ ਵਿਚ 4-2 ਨਾਲ ਹਰਾ ਕੇ ਵਿਸ਼ਵ ਕੱਪ ਦੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ, ਜਿਥੇ ਉਸ ਦਾ ਸਾਹਮਣਾ ਜਰਮਨੀ ਨਾਲ ਹੋਵੇਗਾ|

ਦੋਵੇਂ ਦਿੱਗਜਾਂ ਟੀਮਾਂ ਦੇ ਵਿਚਾਲੇ ਦੂਸਰੇ ਸੈਮੀਫਾਈਨਲ ਵਿਚ ਨਿਰਧਾਰਿਤ 90 ਮਿੰਟ ਅਤੇ ਫਿਰ ਮਿਲੇ 30 ਮਿੰਟਾਂ ਦੇ ਵਾਧੂ ਸਮੇਂ ਤੱਕ ਮੁਕਾਬਲਾ ਬਿਨਾਂ ਕਿਸੇ ਗੋਲ 'ਤੇ ਬਰਾਬਰੀ 'ਤੇ ਰਿਹਾ| ਇਸ ਤੋਂ ਬਾਅਦ ਮੈਚ ਦਾ ਫੈਸਲਾ ਪੈਨਲਟੀ ਸ਼ੂਟਆਊਟ ਵਿਚ ਹੋਇਆ | ਅਰਜਨਟੀਨਾ ਦੇ ਲਈ ਕਪਤਾਨ ਲਿਓਨੇਲ ਮੈਸੀ, ਈਜ਼ੇਕੀਲ ਗਾਰੇ, ਸਰਜੀਓ ਅਗੁਏਰੋ ਅਤੇ ਮੈਕਸੀ ਰੋਡਰੀਗੇਜ਼ ਨੇ ਗੋਲ ਕੀਤੇ ਜਦਕਿ ਨੀਦਰਲੈਂਡ ਦੇ ਲਈ ਸਿਰਫ ਅਰਜਨ ਰੋਬੇਨ ਅਤੇ ਡਰਕ ਕੁਏਟ ਹੀ ਗੋਲ ਕਰ ਸਕੇ|

ਮੈਚ ਦੇ ਹੀਰੋ ਰਹੇ ਅਰਜਨਟੀਨਾ ਦੇ ਗੋਲਕੀਪਰ ਰੋਮੇਰੋ ਨੇ ਡੱਚ ਖਿਡਾਰੀ ਰੋਨ ਵਲਾਰ ਅਤੇ ਵੈਸਲੇ ਸ਼ਨਾਈਡਰ ਵਲੋਂ ਲਗਾਈਆਂ ਗਈਆਂ ਪੈਨਲਟੀਆਂ ਨੂੰ ਰੋਕ ਕੇ ਆਪਣੀ ਟੀਮ ਨੂੰ ਪੰਜਵੀਂ ਵਾਰ ਵਿਸ਼ਵ ਕੱਪ ਦੇ ਫਾਈਨਲ ਵਿਚ ਪਹੰੁਚਾ ਦਿੱਤਾ | ਦੋ ਵਾਰ ਦੀ ਚੈਂਪੀਅਨ ਅਰਜਨਟੀਨਾ ਦਾ ਸਾਹਮਣਾ ਹੁਣ ਤਿੰਨ ਵਾਰ ਦੀ ਵਿਜੇਤਾ ਜਰਮਨ ਟੀਮ ਨਾਲ ਹੋਵੇਗਾ | ਅਰਜਨਟੀਨਾ 1990 ਤੋਂ ਬਾਅਦ ਪਹਿਲੀ ਵਾਰ ਫਾਈਨਲ ਵਿਚ ਪੁੱਜਾ ਹੈ, ਜਦੋਂ ਡੀਆਗੋ ਮਾਰਾਡੋਨਾ ਦੀ ਟੀਮ ਨੇ 24 ਸਾਲ ਪਹਿਲਾਂ ਫਾਈਨਲ 'ਚ ਜਰਮਨੀ ਨੂੰ ਹਰਾਇਆ ਸੀ|

ਜਿਥੇ ਜਰਮਨੀ ਅਤੇ ਬ੍ਰਾਜ਼ੀਲ ਵਿਚ ਹੋਏ ਪਹਿਲੇ ਸੈਮੀਫਾਈਨਲ ਮੈਚ ਵਿਚ ਗੋਲਾਂ ਦੀ ਮੀਂਹ ਵਰਿਆ, ਉਥੇ ਦੂਸਰੇ ਸੈਮੀਫਾਈਨਲ ਮੈਚ ਵਿਚ ਗੋਲ ਕਰਨ ਦੇ ਬਹੁਤ ਘੱਟ ਮੌਕੇ ਬਣੇ | ਮੈਚ ਹਾਲਾਂਕਿ ਕਾਫੀ ਤਣਾਅ ਅਤੇ ਦਬਾਅ ਵਿਚ ਖੇਡਿਆ ਗਿਆ ਅਤੇ ਦੋਵਾਂ ਟੀਮਾਂ ਨੇ ਡੀਫੈਂਸ ਖੇਡ 'ਤੇ ਵੱਧ ਜ਼ੋਰ ਦਿੱਤਾ| ਡੱਚ ਟੀਮ ਮੈਸੀ ਨੂੰ ਰੋਕੇ ਰੱਖਣ ਵਿਚ ਕਾਮਯਾਬ ਰਹੀ, ਡੱਚ ਖਿਡਾਰੀ ਰਾਨ ਬਲਾਰ ਨੇ ਫੀਫਾ ਦੇ ਚਾਰ ਵਾਰ ਦੇ ਸਰਬੋਤਮ ਖਿਡਾਰੀ ਰਹੇ ਮੈਸੀ ਨੂੰ ਖੁਲ ਕੇ ਖੇਡਣ ਦਾ ਮੌਕਾ ਨਹੀਂ ਦਿੱਤਾ| ਹੁਣ ਨੀਦਰਲੈਂਡ ਅਤੇ ਬ੍ਰਾਜ਼ੀਲ ਦੀਆਂ ਟੀਮਾਂ ਤੀਸਰੇ ਸਥਾਨ ਦੇ ਲਈ ਸ਼ਨਿਚਰਵਾਰ ਨੂੰ ਮੈਚ ਖੇਡਣਗੀਆਂ|