arrow

ਪੇਂਡੂ ਵਿਕਾਸ ਲਈ ਪਾਣੀ ਵਾਂਗ ਵਹਾਇਆ ਜਾਵੇਗਾ ਪੈਸਾ- ਜੇਤਲੀ

ਨਵੀਂ ਦਿੱਲੀ, 11 ਜੁਲਾਈ-

ਆਮ ਬਜਟ 'ਚ ਮੋਦੀ ਸਰਕਾਰ ਨੇ ਪੇਂਡੂ ਵਿਕਾਸ 'ਤੇ ਖਾਸ ਜ਼ੋਰ ਦਿੱਤਾ ਹੈ। ਵਿੱਤ ਮੰਤਰੀ ਨੇ ਪੇਂਡੂ ਵਿਕਾਸ ਵਾਸਤੇ ਕਈ ਯੋਜਨਾਵਾਂ ਦਾ ਐਲਾਨ ਕੀਤਾ ਹੈ। ਪਿੰਡਾਂ ਨੂੰ 24 ਘੰਟੇ ਬਿਜਲੀ ਦੇਣ ਲਈ ਦੀਨ ਦਿਆਲ ਉਪਾਦਿਆਏ ਗ੍ਰਾਮ ਜਿਓਤੀ ਯੋਜਨਾ ਦਾ ਪ੍ਰਸਤਾਵ ਰੱਖਿਆ ਹੈ।

ਇਸ ਯੋਜਨਾ ਲਈ 500 ਕਰੋੜ ਰੁਪਏ ਖਰਚ ਕੀਤੇ ਜਾਣਗੇ। ਵਿੱਤ ਮੰਤਰੀ ਨੇ ਪਿੰਡਾਂ ਤੱਕ ਇੰਟਰਨੈਟ ਪਹੁੰਚਾਉਣ ਲਈ ਡਿਜ਼ੀਟਲ ਇੰਡੀਆ ਫਾਰ ਬਰਾਡਬੈਂਡ ਇਨ ਵਿਲੇਜ ਥੀਮ ਚਲਾਉਣ ਦੀ ਗੱਲ ਆਖੀ। ਪਿੰਡਾਂ 'ਚ ਸਿਹਤ ਸੇਵਾਵਾਂ ਲਈ ਅਰੁਣ ਜੇਤਲੀ ਨੇ 15 ਮਾਡਲ ਰੂਰਲ ਰਿਸਰਚ ਸੈਂਟਰ ਖੋਲ੍ਹਣ ਦਾ ਐਲਾਨ ਕੀਤਾ। ਖੇਤੀ ਢਾਂਚਾਗਤ ਵਿਕਾਸ ਕੋਸ਼ ਬਣਾਉਣ ਦਾ ਪ੍ਰਸਤਾਵ ਵੀ ਰੱਖਿਆ ਗਿਆ। ਗ੍ਰਾਮੀਣ ਪਾਵਰ ਪਲਾਨ ਲਈ ਵਿੱਤ ਮੰਤਰੀ ਨੇ 500 ਕਰੋੜ ਦਾ ਨਿਵੇਸ਼ ਕਰਨ ਦਾ ਪ੍ਰਸਤਾਵ ਰਖਿਆ।

ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਲਈ 14 ਹਜ਼ਾਰ ਕਰੋੜ ਰੁਪਏ ਰੱਖਣ ਦਾ ਪ੍ਰਸਤਾਵ ਰੱਖਿਆ ਗਿਆ ਹੈ। 'ਸੋਇਲ ਹੈਲਥ ਕਾਰਡ' ਹਰ ਕਿਸਾਨ ਨੂੰ ਦਿੱਤਾ ਜਾਵੇਗਾ ਤਾਂ ਜੋ ਉਹ ਜ਼ਮੀਨ ਦੀ ਮਿੱਟੀ ਦੀ ਪਰਖ ਕਰ ਸਕੇ। ਕੁਦਰਤੀ ਆਫ਼ਤਾਂ ਤੇ ਬਦਲਦੇ ਮੌਸਮ ਨਾਲ ਹੋਣ ਵਾਲੇ ਨੁਕਸਾਨ ਨਾਲ ਨਿਪਟਣ ਲਈ ਵਿਸ਼ੇਸ਼ ਫੰਡ ਬਣਾਇਆ ਜਾਵੇਗਾ। 2014-15 ਲਈ ਖੇਤੀ ਕਰਜ਼ੇ ਲਈ 8 ਲੱਖ ਕਰੋੜ ਰੁਪਏ ਰੱਖਣ ਦਾ ਪ੍ਰਸਤਾਵ ਹੈ। ਕਿਸਾਨਾਂ ਲਈ ਕਿਸਾਨ ਟੈਲੀਵੀਜ਼ਨ ਸ਼ੁਰੂ ਕੀਤਾ ਜਾਵੇਗਾ ਜਿਸ ਨਾਲ ਕਿਸਾਨਾਂ ਨੂੰ ਜਾਣਕਾਰੀ ਮਿਲੇਗੀ। ਨਾਬਾਰਡ ਜ਼ਰੀਏ ਛੋਟੇ ਕਿਸਾਨਾਂ ਲਈ 200 ਕਰੋੜ ਰੁਪਏ ਫੰਡ ਮੁਹੱਈਆ ਕਰਵਾਇਆ ਜਾਵੇਗਾ।