arrow

ਭੁਵਨੇਸ਼ਵਰ ਅਤੇ ਸ਼ੰਮੀ ਨੇ ਸੰਭਾਲੀ ਭਾਰਤ ਦੀ ਪਾਰੀ

ਨਾਟਿੰਘਮ , 11 ਜੁਲਾਈ-

ਭੁਵਨੇਸ਼ਵਰ ਕੁਮਾਰ ਅਤੇ ਮੁਹੰਮਦ ਸ਼ੰਮੀ ਵਿਚਕਾਰ ਦਸਵੀਂ ਵਿਕਟ ਲਈ ਹੋਈ ਸ਼ਾਨਦਾਰ 111 ਦੌੜਾਂ ਦੀ ਸਾਂਝੇਦਾਰੀ ਬਦੌਲਤ ਟ੍ਰੈਂਟਬ੍ਰਿਜ ਮੈਦਾਨ 'ਤੇ ਇੰਗਲੈਂਡ ਖਿਲਾਫ ਜਾਰੀ ਪਹਿਲੇ ਟੈਸਟ ਦੇ ਦੂਜੇ ਦਿਨ ਵੀਰਵਾਰ ਨੂੰ ਭਾਰਤੀ ਟੀਮ ਪਹਿਲੀ ਪਾਰੀ 457 ਦੌੜਾਂ 'ਤੇ ਆਲ ਆਊਟ ਹੋ ਗਈ। ਭੁਵਨੇਸ਼ਵਰ (58) ਦੇ ਰੂਪ 'ਚ ਭਾਰਤ ਦੀ ਆਖਰੀ ਵਿਕਟ ਡਿੱਗੀ।

ਮੋਇਨ ਅਲੀ ਨੇ ਜੋਏ ਰੂਟ ਦੇ ਹੱਥੋਂ ਭੁਵਨੇਸ਼ਵਰ ਨੂੰ ਕੈਚ ਆਊਟ ਕਰਵਾਇਆ। ਸ਼ੰਮੀ 51 ਦੌੜਾਂ ਬਣਾ ਕੇ ਅਜੇਤੂ ਰਿਹਾ। ਉਸ ਨੇ 81 ਗੇਂਦਾਂ ਦਾ ਸਾਹਮਣਾ ਕਰਕੇ 6 ਚੌਕੇ ਅਤੇ ਇਕ ਛੱਕਾ ਵੀ ਲਗਾਇਆ। ਭੋਜਨ ਤੋਂ ਬਾਅਦ ਪੰਜ ਓਵਰਾਂ 'ਚ ਜਲਦੀ-ਜਲਦੀ ਚਾਰ ਵਿਕਟਾਂ ਗੁਆ ਚੁੱਕੀ ਭਾਰਤੀ ਟੀਮ ਦੀ ਪਹਿਲੀ ਪਾਰੀ 350 ਦੌੜਾਂ ਦੇ ਆਸ-ਪਾਸ ਸਿਮਟਦੀ ਆ ਰਹੀ ਸੀ ਪਰ ਭੁਵਨੇਸ਼ਵਰ ਅਤੇ ਸ਼ੰਮੀ ਨੇ ਦੂਸਰੇ ਸੈਸ਼ਨ 'ਚ ਫਿਰ ਕੋਈ ਵਿਕਟ ਨਹੀਂ ਡਿੱਗਣ ਦਿੱਤੀ ਅਤੇ ਕੁਲ ਸਕੋਰ ਨੂੰ 450 ਤੋਂ ਪਾਰ ਪਹੁੰਚਾ ਦਿੱਤਾ। ਭੋਜਨ ਤੋਂ ਠੀਕ ਬਾਅਦ ਰਵਿੰਦਰ ਜਡੇਜਾ (25) ਸਟੋਕਸ ਦੀ ਗੇਂਦ 'ਤੇ ਵਿਕਟ ਕੀਪਰ ਹੱਥੋਂ ਕੈਚ ਆਊਟ ਹੋਇਆ।

ਸਟੋਕਸ ਦੇ ਅਗਲੇ ਹੀ ਓਵਰ ਦੀ ਪਹਿਲੀ ਹੀ ਗੇਂਦ 'ਤੇ ਕਪਤਾਨ ਮਹਿੰਦਰ ਸਿੰਘ ਧੋਨੀ (82) ਰਨ ਆਊਟ ਹੋ ਗਿਆ। ਧੋਨੀ ਨੇ ਇਸ ਦੌਰਾਨ 152 ਗੇਂਦਾਂ ਦਾ ਸਾਹਮਣਾ ਕਰਦਿਆਂ 7 ਚੌਕੇ ਲਗਾਏ। ਸਟੋਕਸ ਨੇ ਇਸੇ ਓਵਰ ਦੀ ਚੌਥੀ ਗੇਂਦ 'ਤੇ ਸਟੂਅਰਟ ਬਿੰਨੀ (1) ਨੂੰ ਜੋਏ ਰੂਟ ਹੱਥੋਂ ਕੈਚ ਕਰਵਾਇਆ। ਇਸ਼ਾਂਤ ਸ਼ਰਮਾ ਵੀ 1 ਦੌੜ ਬਣਾ ਕੇ ਸਟੂਅਰਟ ਬਰਾਡ ਦੀ ਗੇਂਦ 'ਤੇ ਬੋਲਡ ਹੋ ਗਿਆ। ਇਸ ਤੋਂ ਪਹਿਲਾਂ ਮੁਰਲੀ ਵਿਜੇ (146) ਨੇ ਧੋਨੀ ਦੇ ਨਾਲ ਵੀ ਖੇਡ ਦੀ ਵਧੀਆ ਸ਼ੁਰੂਆਤ ਕੀਤੀ।

ਦੂਸਰੇ ਦਿਨ ਦੇ ਪਹਿਲੇ ਸੈਸ਼ਨ '22 ਓਵਰਾਂ ਤਕ ਟਿੱਕ ਕੇ ਮੁਰਲੀ ਨੇ ਧੋਨੀ ਨਾਲ ਟੀਮ ਦੇ ਸਕੋਰ '45 ਦੌੜਾਂ ਹੋਰ ਜੋੜੀਆਂ। ਮੈਚ ਦੇ ਪਹਿਲੇ ਦਿਨ ਚੇਤੇਸ਼ਵਰ ਪੁਜਾਰਾ (38) ਅਤੇ ਅਜਿੰਕਯ ਰਹਾਣੇ (32) ਨੇ ਵੀ ਉਪਯੋਗੀ ਪਾਰੀਆਂ ਖੇਡੀਆਂ। ਹਾਲਾਂਕਿ ਸਲਾਮੀ ਬੱਲੇਬਾਜ਼ ਸ਼ਿਖਰ ਧਵਨ (12) ਅਤੇ ਵਿਰਾਟ ਕੋਹਲੀ (1) ਕੁਝ ਖਾਸ ਨਹੀਂ ਕਰ ਸਕੇ। ਇੰਗਲੈਂਡ ਵਲੋਂ ਐਂਡਰਸਨ ਨੇ ਤਿੰਨ, ਸਟੂਅਰਟ ਬ੍ਰਾਡ ਅਤੇ ਬੇਨ ਸਟੋਕਸ ਨੇ 2-2 ਵਿਕਟਾਂ ਹਾਸਲ ਕੀਤੀਆਂ।