arrow

ਜੀਵਨਸ਼ੈਲੀ ਵਿਚ ਤਬਦੀਲੀ ਨਾਲ ਬਚਾ ਸਕਦੇ ਹੋ ਕਿਡਨੀ

ਨਵੀਂ ਦਿੱਲੀ, 11 ਜੁਲਾਈ-

ਜੀਵਨਸ਼ੈਲੀ ਵਿਚ ਆਉਣ ਵਾਲੀਆਂ ਤਬਦੀਲੀਆਂ ਕਾਰਨ ਮਨੁੱਖ ਨੂੰ ਕਈ ਬੀਮਾਰੀਆਂ ਨੇ ਜਕੜ ਲਿਆ ਹੈ। ਉਨ੍ਹਾਂ ਵਿਚ ਬਾਕੀ ਬੀਮਾਰੀਆਂ ਦੇ ਨਾਲ-ਨਾਲ ਕਿਡਨੀ ਦਾ ਖਰਾਬ ਹੋਣਾ ਵੀ ਵਧਦਾ ਜਾ ਰਿਹਾ ਹੈ। ਕਿਡਨੀ ਦੀ ਬੀਮਾਰੀ ਮਨੁੱਖ ਨੂੰ ਜੀਵਨ ਪ੍ਰਤੀ ਨਿਰਾਸ਼ ਕਰ ਦਿੰਦੀ ਹੈ। ਜੇਕਰ ਸਮੇਂ ਸਿਰ ਉਸ ਦਾ ਸਹੀ ਇਲਾਜ ਹੋ ਜਾਏ ਤਾਂ ਖਰਾਬ ਕਿਡਨੀ ਦਾ ਰੋਗੀ ਕਾਫੀ ਬਿਹਤਰ ਜ਼ਿੰਦਗੀ ਜੀ ਸਕਦਾ ਹੈ।

ਲੱਛਣ

* ਪੈਰਾਂ ਅਤੇ ਅੱਖਾਂ ਹੇਠਾਂ ਸੋਜ।

* ਤੁਰਨ 'ਤੇ ਛੇਤੀ ਥਕਾਵਟ ਅਤੇ ਸਾਹ ਦਾ ਫੁੱਲਣਾ।

* ਰਾਤ ਨੂੰ ਵਾਰ-ਵਾਰ ਪਿਸ਼ਾਬ ਆਉਣਾ।

* ਖੂਨ ਵਿਚ ਕਮੀ, ਸਰੀਰ ਪੀਲਾ ਲੱਗਣਾ।

* ਭੁੱਖ ਘੱਟ ਲੱਗਣਾ ਅਤੇ ਹਾਜ਼ਮਾ ਠੀਕ ਨਾ ਰਹਿਣਾ।

* ਇਨ੍ਹਾਂ ਲੱਛਣਾਂ ਦੇ ਹੋਣ 'ਤੇ ਵੀ ਆਪਣੀ ਜਾਂਚ ਜ਼ਰੂਰ ਕਿਸੇ ਸਮਝਦਾਰ ਡਾਕਟਰ ਤੋਂ ਕਰਵਾਓ ਤਾਂਕਿ ਸਮੇਂ ਸਿਰ ਇਲਾਜ ਹੋ ਸਕੇ।

ਕੁਝ ਆਦਤਾਂ ਜੋ ਕਿਡਨੀ ਨੂੰ ਬਣਾਉਂਦੀਆਂ ਹਨ ਬੀਮਾਰ

* ਸੋਫਟ ਡਰਿੰਕਸ ਜਾਂ ਸੋਡਾ ਡਰਿੰਕਸ ਦਾ ਵਧੇਰੇ ਸੇਵਨ।

* ਬਹੁਤ ਜ਼ਿਆਦਾ ਮੀਟ ਖਾਣਾ।

* ਡਾਇਬਟੀਜ਼ ਹੋਣ 'ਤੇ ਧਿਆਨ ਨਾ ਦੇਣਾ, ਠੀਕ ਤਰ੍ਹਾਂ ਦਵਾਈ ਨਾ ਲੈਣਾ ਅਤੇ ਨਾ ਹੀ ਪ੍ਰਹੇਜ਼ ਕਰਨਾ।

* ਖਾਣੇ ਵਿਚ ਨਮਕ ਦੀ ਵਧੇਰੇ ਵਰਤੋਂ।

* ਪੇਨਕਿਲਰ ਦੀ ਵਧੇਰੇ ਵਰਤੋਂ।

* ਬਲੱਡ ਪ੍ਰੈਸ਼ਰ ਵਧੇਰੇ ਹੋਣ 'ਤੇ ਠੀਕ ਇਲਾਜ ਨਾ ਕਰਨਾ।

* ਪਿਸ਼ਾਬ ਆਉਣ 'ਤੇ ਨਾ ਕਰਨਾ ਜਾਂ ਰੋਕ ਕੇ ਰੱਖਣਾ।

* ਸਰੀਰ ਨੂੰ ਪੂਰਾ ਅਰਾਮ ਨਾ ਦੇਣਾ।

* ਬਹੁਤ ਘੱਟ ਪਾਣੀ ਪੀਣਾ।

* ਬਹੁਤ ਜ਼ਿਆਦਾ ਸ਼ਰਾਬ ਪੀਣਾ।

ਇਨ੍ਹਾਂ ਸਭ ਆਦਤਾਂ ਕਾਰਨ ਅਸੀਂ ਆਪਣੀ ਕਿਡਨੀ ਨੂੰ ਖਰਾਬ ਕਰਦੇ ਹਾਂ। ਇਨ੍ਹਾਂ ਆਦਤਾਂ ਨੂੰ ਸੁਧਾਰ ਕੇ ਅਸੀਂ ਉਸ ਨੂੰ ਬਚਾਉਣ ਦਾ ਯਤਨ ਕਰ ਸਕਦੇ ਹਾਂ।

ਬਚਾਅ ਦੇ ਉਪਾਅ

* ਫਲ ਅਤੇ ਕੱਚੀਆਂ ਸਬਜ਼ੀਆਂ ਦਾ ਵਧੇਰੇ ਸੇਵਨ ਕਰੋ।

* ਰੋਜ਼ਾਨਾ 8 ਤੋਂ 10 ਗਲਾਸ ਪਾਣੀ ਪੀਓ।

* ਅੰਗੂਰਾਂ ਦਾ ਸੇਵਨ ਕਰਨ ਨਾਲ ਕਿਡਨੀ 'ਚੋਂ ਫਾਲਤੂ ਯੂਰਿਕ ਐਸਿਡ ਨਿਕਲਣ ਵਿਚ ਮਦਦ ਮਿਲਦੀ ਹੈ।

* ਖਾਣੇ ਵਿਚ ਨਮਕ, ਸੋਡੀਅਮ ਅਤੇ ਪ੍ਰੋਟੀਨ ਦੀ ਮਾਤਰਾ ਦਾ ਸੇਵਨ ਘੱਟ ਕਰੋ।

* ਗੂੜ੍ਹੇ ਹਰੇ ਰੰਗ ਦੀਆਂ ਸਬਜ਼ੀਆਂ ਦਾ ਸੇਵਨ ਵਧੇਰੇ ਕਰੋ ਕਿਉਂਕਿ ਗੂੜ੍ਹੇ ਰੰਗ ਦੀਆਂ ਸਬਜ਼ੀਆਂ 'ਚ ਮੈਗਨੀਸ਼ੀਅਮ ਦੀ ਮਾਤਰਾ ਵਧੇਰੇ ਹੁੰਦੀ ਹੈ ਅਤੇ ਮੈਗਨੀਸ਼ੀਅਮ ਕਿਡਨੀ ਨੂੰ ਸਹੀ ਕੰਮ ਕਰਨ ਵਿਚ ਮਦਦ ਕਰਦਾ ਹੈ।

* ਨਿਊਟ੍ਰੀਸ਼ਨ ਭਰਪੂਰ ਖਾਣਾ, ਐਕਸਰਸਾਈਜ਼ ਅਤੇ ਭਾਰ 'ਤੇ ਕੰਟਰੋਲ ਕਰਨ ਨਾਲ ਕਿਡਨੀ ਦੀ ਬੀਮਾਰੀ ਦੀ ਸੰਭਾਵਨਾ ਨੂੰ ਘੱਟ ਕੀਤਾ ਜਾ ਸਕਦਾ ਹੈ।

* 35 ਸਾਲ ਤੋਂ ਬਾਅਦ ਸਾਲ ਵਿਚ ਘੱਟੋ-ਘੱਟ ਇਕ ਵਾਰ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੀ ਜਾਂਚ ਜ਼ਰੂਰ ਕਰਵਾਓ। ਜੇਕਰ ਪਰਿਵਾਰਕ ਹਿਸਟਰੀ ਹੈ ਤਾਂ 25 ਸਾਲ ਦੀ ਉਮਰ ਵਿਚ ਹੀ ਟੈਸਟ ਕਰਵਾਓ।

ਖਾਣੇ ਵਿਚ ਪ੍ਰਹੇਜ਼

* ਕੋਲਡ ਡਰਿੰਕਸ, ਚਾਹ, ਕੌਫੀ, ਪੈਕਡ ਜੂਸ, ਸ਼ਰਬਤ ਆਦਿ ਤੋਂ ਪ੍ਰਹੇਜ਼ ਕਰੋ।

* ਮੂੰਗਫਲੀ, ਕਾਜੂ, ਬਦਾਮ, ਖਜੂਰ, ਕਿਸ਼ਮਿਸ਼ ਵੀ ਘੱਟ ਖਾਓ।

* ਮਾਰਕੀਟ ਦੇ ਪਨੀਰ ਦੇ ਸੇਵਨ ਤੋਂ ਬਚੋ। ਘਰ ਦਾ ਦੁੱਧ ਫਟਾ ਕੇ ਪਨੀਰ ਬਣਾਓ, ਦੁੱਧ ਫਟਾਉਣ ਸਮੇਂ ਦਹੀਂ ਦੀ ਵਰਤੋਂ ਕਰੋ, ਨਿੰਬੂ, ਟਾਟਰੀ ਜਾਂ ਸਿਰਕਾ ਨਾ ਵਰਤੋ।

* ਕਮਲਕਕੜੀ, ਮਸ਼ਰੂਮ, ਪੁੰਗਰੀ ਮੂੰਗ, ਛੋਲਿਆਂ ਦਾ ਸੇਵਨ ਵੀ ਘੱਟ ਤੋਂ ਘੱਟ ਕਰੋ।c ਗਲਤ ਜੀਵਨਸ਼ੈਲੀ ਅਤੇ ਬੁਰੀਆਂ ਆਦਤਾਂ ਨੂੰ ਛੱਡ ਦਿਓ ਤਾਂ ਕਿਡਨੀ ਨਾਲ ਕਈ ਹੋਰ ਬੀਮਾਰੀਆਂ ਤੋਂ ਵੀ ਬਚੇ ਰਹਿ ਸਕਦੇ ਹੋ।