arrow

ਕੇਂਦਰੀ ਬਜਟ ਨਾਲ ਪੰਜਾਬ ਨਾਲ ਵਿਤਕਰੇ ਦਾ ਦੌਰ ਖਤਮ ਹੋਇਆ- ਸੁਖਬੀਰ

ਚੰਡੀਗੜ੍ਹ, 10 ਜੁਲਾਈ-

ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਕੇਂਦਰੀ ਵਿੱਤ ਮੰਤਰੀ ਸ਼੍ਰੀ ਅਰੁਣ ਜੇਤਲੀ ਵਲੋਂ ਪੇਸ਼ ਕੀਤੇ ਆਮ ਬਜਟ ਨੇ ਪੰਜਾਬ ਨਾਲ ਵਿਤਕਰੇ ਭਰੇ ਦੌਰ ਦਾ ਅੰਤ ਕਰ ਦਿੱਤਾ ਹੈ, ਜਿਸ ਨਾਲ ਵਿਸ਼ੇਸ਼ ਕਰਕੇ ਖੇਤੀ ਤੇ ਫੂਡ ਪ੍ਰੋਸੈਸਿੰਗ ਖੇਤਰਾਂ ਨੂੰ ਵੱਡਾ ਹੁਲਾਰਾ ਮਿਲੇਗਾ।

ਉਨ੍ਹਾਂ ਕਿਹਾ ਕਿ ਪਿਛਲੇ ਇਕ ਦਹਾਕੇ ਵਿਚ ਪਹਿਲੀ ਵਾਰ ਹੈ ਕਿ ਕੇਂਦਰੀ ਬਜਟ ਦੌਰਾਨ ਪੰਜਾਬ ਨਾਲ ਸਬੰਧਿਤ ਮੁੱਦਿਆਂ ਨੂੰ ਮਹੱਤਤਾ ਦਿੱਤੀ ਗਈ ਹੈ। ਸ. ਬਾਦਲ ਨੇ ਕਿਹਾ ਕਿ ਕਾਂਗਰਸ ਵਲੋਂ 10 ਸਾਲ ਪੰਜਾਬ ਨੂੰ ਅੱਖੋਂ ਪਰੋਖੇ ਕਰਨ ਨਾਲ ਸੂਬੇ ਨੂੰ ਵਿਕਾਸ ਪੱਖੋਂ ਵੱਡਾ ਘਾਟਾ ਪਿਆ। ਉਨ੍ਹਾਂ ਕਿਹਾ ਕਿ ਪਰਸੋਂ ਪੇਸ਼ ਕੀਤੇ ਰੇਲ ਬਜਟ ਵਿਚ ਪੰਜਾਬ ਵਿਚ 5 ਨਵੀਆਂ ਰੇਲ ਗੱਡੀਆਂ ਸ਼ੁਰੂ ਕਰਨ ਤੇ ਹੁਣ ਆਮ ਬਜਟ ਦੌਰਾਨ ਆਈ.ਆਈ.ਐਮ. ਦੀ ਸਥਾਪਨਾ ਤੇ ਅੰਮ੍ਰਿਤਸਰ ਨੂੰ ਹੈਰੀਟੇਜ਼ ਯੋਜਨਾ ਤਹਿਤ ਸ਼ਾਮਿਲ ਕਰਨ ਨਾਲ ਸਥਿਤੀ ਬਦਲ ਗਈ ਹੈ।

ਆਈ.ਆਈ.ਐਮ ਦੀ ਸਥਾਪਨਾ ਦਾ ਸਵਾਗਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਇਸ ਨਾਲ ਨਾ ਸਿਰਫ ਪੰਜਾਬ ਦੇ ਬੱਚੇ ਉੱਚ ਪੱਧਰੀ ਪੇਸ਼ੇਵਰ ਸਿੱਖਿਆ ਪ੍ਰਾਪਤ ਕਰ ਸਕਣਗੇ ਸਗੋਂ ਕਾਰਪੋਰਟ ਖੇਤਰ ਦੀ ਮੰਗ ਵੀ ਪੂਰੀ ਹੋਵੇਗੀ। ਉਨ੍ਹਾਂ ਕਿਹਾ ਕਿ ਕੋਲਕਾਤਾ-ਅੰਮ੍ਰਿਤਸਰ ਕੋਰੀਡੋਰ ਪ੍ਰਾਜੈਕਟ ਵਿਚ ਪੰਜਾਬ ਦੀ ਆਰਥਿਕਤਾ ਨੂੰ ਕੁਝ ਹੀ ਸਾਲਾਂ ਵਿਚ ਬਦਲਣ ਦੀ ਸਮਰੱਥਾ ਹੈ। ਅੰਮ੍ਰਿਤਸਰ ਨੂੰ ਹੈਰੀਟੇਜ਼ ਯੋਜਨਾ ਤਹਿਤ ਸ਼ਾਮਿਲ ਕਰਨ 'ਤੇ ਸ.ਬਾਦਲ ਨੇ ਕੇਂਦਰੀ ਵਿੱਤ ਮੰਤਰੀ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਉਨ੍ਹਾਂ ਨਾਲ ਹੀ ਕਿਹਾ ਕਿ ਸ੍ਰੀ ਜੇਤਲੀ ਵਲੋਂ ਪੰਜਾਬ ਦੇ ਕਿਸਾਨਾਂ ਦੀ ਵੱਡੀ ਸਮੱਸਿਆ ਨੂੰ ਸਮਝਦਿਆਂ ਕਿਸਾਨਾਂ ਨੂੰ ਖੇਤੀ ਕਰਜ਼ ਸਿਰਫ 7 ਫੀਸਦੀ ਵਿਆਜ਼ 'ਤੇ ਹੀ ਦੇਣਾ ਕਿਸਾਨੀ ਲਈ ਵੱਡੀ ਰਾਹਤ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਵਿਚ ਫੂਡ ਪ੍ਰੋਸੈਸਿੰਗ ਸਨਅਤ ਤੇਜੀ ਨਾਲ ਵਧ ਫੁੱਲ ਰਹੀ ਹੈ ਅਤੇ ਵਿੱਤ ਮੰਤਰੀ ਵਲੋਂ ਇਸ ਖੇਤਰ ਵਿਚ ਐਕਸਾਇਜ਼ ਡਿਊਟੀ 10 ਤੋਂ ਘਟਾਕੇ 6 ਫੀਸਦੀ ਕਰਨ ਨਾਲ ਪੰਜਾਬ ਨੂੰ ਹੋਰ ਲਾਭ ਹੋਵੇਗਾ। ਇਸ ਤੋਂ ਇਲਾਵਾ ਬਿਜਲੀ ਕੰਪਨੀਆਂ ਜੋ ਕਿ 2017 ਤੱਕ ਉਤਪਾਦਨ ਸ਼ੁਰੂ ਕਰਨ ਦੇਣਗੀਆਂ ਨੂੰ 10 ਸਾਲ ਤੱਕ ਟੈਕਸ ਹਾਲੀਡੇ (ਟੈਕਸ ਛੋਟ) ਵਿਚ ਸ਼ਾਮਿਲ ਕਰਨ ਨਾਲ ਸੂਬੇ ਵਿਚ ਲੋਕਾਂ ਨੂੰ ਸਸਤੀ ਬਿਜਲੀ ਦੇਣ ਵਿਚ ਮਦਦ ਮਿਲੇਗੀ।