arrow

ਅਗਾਂਹਵਧੂ, ਵਿਕਾਸਮੁਖੀ ਤੇ ਆਮ ਆਦਮੀ ਨੂੰ ਹਿੱਤਾਂ ਵਾਲਾ ਬਜਟ- ਬਾਦਲ

ਲੋਕ ਪੱਖੀ ਬਜਟ ਲਈ ਮੋਦੀ ਤੇ ਜੇਤਲੀ ਦੀ ਭਰਵੀਂ ਸ਼ਲਾਘਾ

ਚੰਡੀਗੜ੍ਹ, 10 ਜੁਲਾਈ:

ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਨ ਜੇਤਲੀ ਵੱਲੋਂ ਸੰਸਦ ਵਿੱਚ ਪੇਸ਼ ਕੀਤੇ ਐਨ ਡੀ ਏ ਸਰਕਾਰ ਦੇ ਪਹਿਲੇ ਆਮ ਬਜਟ 'ਤੇ ਆਪਣੀ ਪ੍ਰਤੀਕ੍ਰਿਆ ਪੇਸ਼ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਨੂੰ ਅਗਾਂਹਵਧੂ, ਵਿਕਾਸਸ਼ੀਲ ਅਤੇ ਆਮ ਆਦਮੀ ਦੇ ਹਿੱਤਾਂ ਦਾ ਬਜਟ ਦੱਸਿਆ ਹੈ।

ਅੱਜ ਏਥੇ ਜਾਰੀ ਕੀਤੇ ਇੱਕ ਬਿਆਨ ਵਿੱਚ ਮੁੱਖ ਮੰਤਰੀ ਨੇ ਪਿੰਡਾਂ ਵਿੱਚ ਬਿਜਲੀਕਰਨ ਨੂੰ ਮਜ਼ਬੂਤ ਕਰਨ, ਮਾਨਵੀ ਵਸੀਲਿਆਂ ਤੇ ਬੁਨਿਆਦੀ ਢਾਂਚੇ ਦੇ ਵਿਕਾਸ, ਖੇਤੀ ਸੈਕਟਰ ਸੁਧਾਰਾਂ ਨੂੰ ਤੇਜ਼ ਕਰਨ , ਗੈਰ ਉਤਪਾਦਨੀ ਖਰਚਿਆਂ 'ਤੇ ਨਿਯੰਤਰਣ ਕਰਨ ਅਤੇ ਸਮਾਜ ਦੇ ਗਰੀਬ ਤਬਕਿਆਂ ਦੀ ਭਲਾਈ ਲਈ ਕੀਤੀਆਂ ਵਿਵਸਥਾਵਾਂ ਦੀ ਪ੍ਰਸੰਸਾ ਕੀਤੀ।

ਸ. ਬਾਦਲ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਸ੍ਰੀ ਅਰੁਨ ਜੇਤਲੀ ਨੂੰ ਇਸ ਵਿਕਾਸ ਮੁਖੀ ਬਜਟ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਖੇਤੀਬਾੜੀ ਸੈਕਟਰ ਲਈ ਐਲਾਨ ਕੀਤੀਆਂ ਪਹਿਲਕਦਮੀਆਂ ਕਿਸਾਨਾਂ ਦੇ ਹਿੱਤਾ ਦੀ ਰੱਖਿਆ ਕਰਨ ਵਿੱਚ ਭੂਮਿਕਾ ਨਿਭਾਉਣਗੀਆਂ। ਇਸ ਬਜਟ ਨੂੰ ਦੇਸ਼ ਦੇ ਭਵਿਖ ਦਾ ਇੱਕ ਖਾਕਾ ਦੱਸਦੇ ਹੋਏ ਸ. ਬਾਦਲ ਨੇ ਕਿਹਾ ਕਿ ਇਸ ਵਿੱਚ ਐਨ ਡੀ ਏ ਸਰਕਾਰ ਦੇ ਵਿਕਾਸ ਮੁਖੀ ਅਤੇ ਗਰੀਬ ਪੱਖੀ ਵਾਅਦਿਆਂ ਦਾ ਸੰਤੁਲਨ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਬਜਟ ਐਨ ਡੀ ਏ ਸਰਕਾਰ ਦੀ ਸਮਾਜ ਦੇ ਕਮਜ਼ੋਰ ਵਰਗਾਂ ਪ੍ਰਤੀ ਬਚਨਬੱਧਤਾ ਦਾ ਸਪਸ਼ਟ ਪ੍ਰਗਟਾਵਾ ਹੈ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਹ ਬਜਟ ਦੇਸ਼ ਦੇ ਖੇਤੀਬਾੜੀ, ਉਦਯੋਗ, ਬੁਨਿਆਦੀ ਢਾਂਚੇ, ਬਿਜਲ, ਸਿਹਤ ਆਦਿ ਦੇ ਸਰਵ ਪੱਖੀ ਵਿਕਾਸ ਨੂੰ ਗਤੀ ਦੇਵਗਾ। ਉਨ੍ਹਾਂ ਕਿਹਾ ਕਿ ਇਹ ਬਜਟ ਦੇਸ਼ ਦੇ ਵਿਕਾਸ ਲਈ ਮੀਲ ਦਾ ਪੱਥਰ ਸਾਬਤ ਹੋਵਗਾ। ਮੁੱਖ ਮੰਤਰੀ ਨੇ ਆਖਿਆ ਕਿ ਇਹ ਬਜਟ ਪਿਛਲੀ ਯੂ.ਪੀ.ਏ. ਸਰਕਾਰ ਵੱਲੋਂ ਵਿੱਤੀ ਤੌਰ 'ਤੇ ਪੈਦਾ ਕੀਤੀਆਂ ਔਖੀਆਂ ਸਥਿਤੀਆਂ ਵਿੱਚੋਂ ਬਾਹਰ ਨਿਕਲਣ ਵਿੱਚ ਸਹਾਈ ਹੋਵੇਗਾ। ਉਨ੍ਹਾਂ ਆਖਿਆ ਕਿ ਯੂ.ਪੀ.ਏ. ਨੇ ਐਨ.ਡੀ.ਏ. ਸਰਕਾਰ ਨੂੰ ਲੜਖੜਾਉਂਦੀ ਆਰਥਿਕਤਾ ਸੌਂਪੀ ਸੀ ਪਰ ਸ਼੍ਰੀ ਜੇਤਲੀ ਪੇਸ਼ ਕੀਤਾ ਦੂਰ ਅੰਦੇਸ਼ੀ ਵਾਲਾ ਬਜਟ ਦੇਸ਼ ਦੇ ਸਰਬਪੱਖੀ ਤੇ ਸੰਤੁਲਿਤ ਵਿਕਾਸ ਨੂੰ ਯਕੀਨੀ ਬਣਾਉਣ ਵਿੱਚ ਸਹਾਈ ਹੋਵੇਗਾ।

ਮੁੱਖ ਮੰਤਰੀ ਨੇ ਆਖਿਆ ਕਿ ਬਜਟ ਵਿੱਚ ਮੁਲਾਜ਼ਮ ਪੱਖੀ ਫ਼ੈਸਲੇ ਲੈਣ ਨਾਲ ਮੁਲਾਜ਼ਮਾਂ ਦੀ ਇੱਛਾ ਪੂਰੀ ਹੋਈ ਹੈ। ਉਨ੍ਹਾਂ ਆਖਿਆ ਕਿ ਆਮਦਨ ਕਰ ਦੀ ਰਾਹਤ ਹੱਦ 2 ਲੱਖ ਤੋਂ ਢਾਈ ਲੱਖ ਕਰਨ, ਪੀ.ਪੀ.ਐਫ. ਦੀ ਹੱਦ ਇੱਕ ਲੱਖ ਤੋਂ ਡੇਢ ਲੱਖ ਕਰਨ, ਮਕਾਨ ਸਬੰਧੀ ਲਏ ਕਰਜ਼ੇ ਦੇ ਵਿਆਜ 'ਤੇ ਆਮਦਨ ਕਰ ਦੀ ਛੋਟ ਡੇਢ ਤੋਂ ਦੋ ਲੱਖ ਕਰਨ ਵਰਗੇ ਫ਼ੈਸਲਿਆਂ ਨਾਲ ਲੱਖਾਂ ਮੁਲਾਜ਼ਮਾਂ ਦੇ ਚਿਹਰੇ ਖਿੜ ਗਏ ਹਨ। ਸ. ਬਾਦਲ ਨੇ ਮਹਿੰਗਾਈ ਦੀ ਸਮੱਸਿਆ ਨਾਲ ਨਜਿੱਠਣ ਲਈ 500 ਕਰੋੜ ਰੁਪਏ ਦਾ ਵਿਸ਼ੇਸ਼ ਫੰਡ ਕਾਇਮ ਕਰਨ ਦੇ ਐਲਾਨ ਦੀ ਵੀ ਸ਼ਲਾਘਾ ਕੀਤੀ ਅਤੇ ਇਸ ਤੋਂ ਇਲਾਵਾ ਲੱਖਾਂ ਸਾਬਕਾ ਫੌਜੀਆਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਦਿਆਂ ਇੱਕ ਰੈਂਕ ਇੱਕ ਪੈਨਸ਼ਨ ਲਈ 1000 ਕਰੋੜ ਰੁਪਏ ਦੀ ਰਕਮ ਰੱਖਣ ਦੇ ਐਲਾਨ ਦੀ ਵੀ ਸਲਾਹੁਤਾ ਕੀਤੀ।

ਪੰਜਾਬ ਵਿੱਚ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ ਦੀ ਸਥਾਪਨਾ ਕਰਨ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਇਸ ਨਾਲ ਸੂਬੇ ਵਿੱਚ ਉਚੇਰੀ ਸਿੱਖਿਆ ਨੂੰ ਹੋਰ ਹੁਲਾਰਾ ਮਿਲੇਗਾ। ਖੇਤੀਬਾੜੀ ਖੇਤਰ ਵਿੱਚ ਵਿਕਾਸ ਦਰ 4 ਫ਼ੀਸਦੀ ਸਥਿਰ ਰੱਖਣ ਲਈ ਐਨ.ਡੀ.ਏ. ਸਰਕਾਰ ਦੀ ਵਚਨਬੱਧਤਾ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਆਖਿਆ ਕਿ ਇਸ ਨਾਲ ਜਿੱਥੇ ਕਿਸਾਨਾਂ ਦੇ ਹਿੱਤ ਸੁਰੱਖਿਅਤ ਹੋਣਗੇ, ਉਥੇ ਹੀ ਇਸ ਖੇਤਰ ਦੀ ਆਰਥਿਕਤਾ ਦੇ ਸਰਬਪੱਖੀ ਵਿਕਾਸ ਨੂੰ ਵੀ ਯਕੀਨੀ ਬਣਾਇਆ ਜਾ ਸਕੇਗਾ।

ਸ. ਬਾਦਲ ਨੇ ਆਖਿਆ ਕਿ ਦੇਸੀ ਨਸਲ ਦੇ ਪਸ਼ੂਆਂ ਦੇ ਵਿਕਾਸ ਲਈ 50 ਕਰੋੜ ਰੁਪਏ ਦੀ ਰਕਮ ਰੱਖਣ ਅਤੇ ਨੀਲੀ ਕ੍ਰਾਂਤੀ ਲਈ ਵੀ ਏਨੀ ਹੀ ਰਕਮ ਰੱਖਣ ਦੇ ਫ਼ੈਸਲੇ ਨਾਲ ਡੇਅਰੀ ਤੇ ਮੱਛੀ ਪਾਲਣ ਦੇ ਸਹਾਇਕ ਧੰਦਿਆਂ ਨੂੰ ਉਤਸ਼ਾਹਤ ਕਰਨ ਵਿੱਚ ਸਹਾਇਤਾ ਮਿਲੇਗੀ ਜਿਸ ਸਦਕਾ ਫ਼ਸਲੀ ਖੇਤੀ ਵੰਨ ਸੁਵੰਨਤਾ ਨੂੰ ਹੋਰ ਉਤਸ਼ਾਹਤ ਕੀਤਾ ਜਾ ਸਕੇਗਾ। ਬਜਟ ਵਿੱਚ ਕਿਸਾਨ ਪੱਖੀ ਕਦਮ ਚੁੱਕੇ ਜਾਣ ਦੇ ਐਲਾਨ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ''ਪ੍ਰਧਾਨ ਮੰਤਰੀ ਕਰਿਸ਼ੀ ਸਿੰਚਾਈ ਯੋਜਨਾ'' ਸ਼ੁਰੂ ਕਰਨ ਦੇ ਫ਼ੈਸਲੇ ਨਾਲ ਲੱਖਾਂ ਕਿਸਾਨਾਂ ਨੂੰ ਸਿੰਜਾਈ ਸਹੂਲਤਾਂ ਮਿਲਣਗੀਆਂ ਜਿਸ ਨਾਲ ਕੌਮੀ ਅੰਨ ਸੁਰੱਖਿਆ ਵਿੱਚ ਹੋਰ ਵਧੇਰੇ ਯੋਗਦਾਨ ਪਾਇਆ ਜਾ ਸਕੇਗਾ।

ਕਿਸਾਨਾਂ ਨੂੰ ਸਮਰਪਤ ਟੀ.ਵੀ. ਚੈਨਲ ਸ਼ੁਰੂ ਕਰਨ ਦੇ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਆਖਿਆ ਕਿ ਤਕਨਾਲੋਜੀ ਦੇ ਮੌਜੂਦਾ ਯੁੱਗ ਵਿੱਚ ਇਸ ਚੈਨਲ ਰਾਹੀਂ ਕਿਸਾਨਾਂ ਨੂੰ ਖੇਤੀ ਖੇਤਰ ਵਿੱਚ ਵਿਕਸਤ ਹੋ ਰਹੀਆਂ ਨਵੀਆਂ ਤਕਨੀਕਾਂ ਬਾਰੇ ਜਾਗਰੂਕ ਕਰਨ ਵਿੱਚ ਬਹੁਤ ਮਦਦ ਮਿਲੇਗੀ। ਸ. ਬਾਦਲ ਨੇ ਦੇਸ਼ ਭਰ ਵਿੱਚ 100 ਮੋਬਾਇਲ ਭੌਂ ਪਰਖ ਪ੍ਰਯੋਗਸ਼ਾਲਾਵਾਂ ਦੀ ਸਥਾਪਨਾ ਲਈ 56 ਕਰੋੜ ਰੁਪਏ ਦੇਣ ਦੇ ਫ਼ੈਸਲੇ 'ਤੇ ਖੁਸ਼ੀ ਜ਼ਾਹਰ ਕੀਤੀ ਜਿਸ ਦਾ ਕਿਸਾਨਾਂ ਨੂੰ ਬਹੁਤ ਲਾਭ ਮਿਲੇਗਾ। ਉਨ੍ਹਾਂ ਆਖਿਆ ਕਿ ਹਰੇਕ ਕਿਸਾਨ ਨੂੰ ਭੌਂ ਸਿਹਤ ਕਾਰਡ ਜਾਰੀ ਕਰਨ ਦੀ ਸਕੀਮ ਲਾਗੂ ਕਰਨ ਦਾ ਫ਼ੈਸਲਾ ਇੱਕ ਕ੍ਰਾਂਤੀਕਾਰੀ ਕਦਮ ਸਿੱਧ ਹੋਵੇਗਾ।