arrow

ਮਜੀਠੀਆ ਵਲੋਂ ਅੰਮ੍ਰਿਤਸਰ ਨੂੰ 'ਹੈਰੀਟੇਜ਼ ਯੋਜਨਾ' ਤਹਿਤ ਸ਼ਾਮਿਲ ਕਰਨ 'ਤੇ ਜੇਤਲੀ ਦਾ ਧੰਨਵਾਦ

ਚੰਡੀਗੜ੍ਹ, 10 ਜੁਲਾਈ-

ਪੰਜਾਬ ਦੇ ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਵਲੋਂ ਅੰਮ੍ਰਿਤਸਰ ਨੂੰ 'ਹੈਰੀਟੇਜ਼ ਯੋਜਨਾ' ਤਹਿਤ ਸ਼ਾਮਿਲ ਕਰਨ 'ਤੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਇਸ ਫੈਸਲੇ ਨਾਲ ਇਤਿਹਾਸਕ ਤੇ ਪਵਿੱਤਰ ਸ਼ਹਿਰ ਦੀ ਨੁਹਾਰ ਬਦਲ ਜਾਵੇਗੀ। ਇਸ ਤੋਂ ਇਲਾਵਾ ਕੌਮੀ ਉਦਯੋਗਿਕ ਕੋਰੀਡੋਰ ਜੋ ਕਿ ਕੋਲਕਾਤਾ ਤੋਂ ਅੰਮ੍ਰਿਤਸਰ ਤੱਕ ਹੈ, ਨਾਲ ਸਾਰੇ ਸਰਹੱਦੀ ਖੇਤਰ ਦੇ ਵਿਕਾਸ ਨੂੰ ਵੱਡਾ ਹੁਲਾਰਾ ਮਿਲੇਗਾ।

ਵਿੱਤ ਮੰਤਰੀ ਵਲੋਂ ਪੇਸ਼ ਕੀਤੇ ਗਏ ਆਮ ਬਜਟ ਬਾਰੇ 'ਤੇ ਜਾਰੀ ਪ੍ਰਤੀਕ੍ਰਿਆ ਬਾਰੇ ਸ. ਮਜੀਠੀਆ ਨੇ ਕਿਹਾ ਕਿ ਅੰਮ੍ਰਿਤਸਰ ਨੂੰ ਪਹਿਲਾਂ ਕਦੇ ਵੀ ਅਜਿਹੇ ਵੱਡੇ ਪ੍ਰਾਜੈਕਟਾਂ ਵਿਚ ਸ਼ਾਮਿਲ ਨਹੀਂ ਕੀਤਾ ਗਿਆ ਸੀ, ਪਰ ਅਸੀਂ ਵਿੱਤ ਮੰਤਰੀ ਦੇ ਰਿਣੀ ਹਾਂ ਜਿਨ੍ਹਾਂ ਅੰਮ੍ਰਿਤਸਰ ਦੀ ਇਤਿਹਾਸਕ ਮਹੱਤਤਾ ਨੂੰ ਪਛਾਣਦਿਆਂ ਇਸਨੂੰ 500 ਕਰੋੜ ਵਾਲੀ 'ਹੈਰੀਟੇਜ਼ ਯੋਜਨਾ' ਤਹਿਤ ਲਿਆਂਦਾ ਹੈ'

ਸ. ਮਜੀਠੀਆ ਨੇ ਕਿਹਾ ਕਿ ਸ੍ਰੀ ਜੇਤਲੀ ਵਲੋਂ ਅੰਮ੍ਰਿਤਸਰ ਨੂੰ ਵਿਰਾਸਤੀ ਸ਼ਹਿਰ ਵਜੋਂ ਵਿਕਸਤ ਕਰਨ ਅਤੇ ਕੋਰੀਡੋਰ ਰਾਹੀਂ ਜਿੱਥੇ ਬੁਨਿਆਦੀ ਢਾਂਚੇ ਦਾ ਵਿਕਾਸ ਹੋਵੇਗਾ ਉੱਥੇ ਸਾਰੇ ਸਰਹੱਦੀ ਖੇਤਰ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਵਲੋਂ ਪੇਸ਼ ਬਜਟ ਦੇ ਨਾਲ ਹੀ ਕਾਂਗਰਸ ਵਲੋਂ ਪੰਜਾਬ ਨਾਲ 10 ਸਾਲ ਕੀਤੇ ਵਿਤਕਰੇ ਦਾ ਅੰਤ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਪਿਛਲੇ 10 ਸਾਲ ਪੰਜਾਬ ਤੋਂ ਅਨੇਕਾਂ ਕੇਂਦਰੀ ਮੰਤਰੀ ਸਨ, ਪਰ ਉਨ੍ਹਾਂ ਦਾ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਦਾ ਹੀਆ ਤੱਕ ਨਹੀਂ ਪਿਆ।

ਉਨ੍ਹਾਂ ਕਿਹਾ ਕਿ ਕਾਂਗਰਸ ਵਲੋਂ 10 ਸਾਲ ਤੱਕ ਕਾਗ਼ਜ਼ਾਂ ਤੱਕ ਹੀ ਸੀਮਤ ਰੱਖੇ ਗਏ ਕੋਰੀਡੋਰ ਪ੍ਰਾਜੈਕਟ 'ਤੇ ਜਲਦ ਹੀ ਕੰਮ ਸ਼ੁਰੂ ਹੋ ਜਾਵੇਗਾ। ਪੰਜਾਬ ਵਿਚ ਆਈ.ਆਈ. ਐਮ ਦੀ ਸਥਾਪਨਾ ਨੂੰ ਇਕ ਮੀਲ ਪੱਥਰ ਦੱਸਦਿਆਂ ਸ. ਮਜੀਠੀਆ ਨੇ ਕਿਹਾ ਕਿ ਸੂਬੇ ਵਿਚ ਅਜਿਹੀ ਵੱਕਾਰੀ ਸੰਸਥਾ ਦੀ ਸਥਾਪਨਾ ਦੀ ਚਿਰੋਕਣੀ ਮੰਗ ਪੂਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇੰਡੀਅਨ ਇੰਸਟੀਚਿਊਟ ਆਫ ਮੈਨੇਜ਼ਮੈਂਟ ਨੂੰ ਅੰਮ੍ਰਿਤਸਰ ਵਿਖੇ ਸਥਾਪਿਤ ਕਰਵਾਉਣ ਲਈ ਉਹ ਜਲਦ ਹੀ ਕੇਂਦਰੀ ਵਿੱਤ ਮੰਤਰੀ ਨੂੰ ਮਿਲਣਗੇ।