arrow

ਜੇਤਲੀ ਨੇ ਪੰਜਾਬ ਨਾਲ ਬਦਲਾ ਲਿਆ ਹੈ- ਬਾਜਵਾ

ਚੰਡੀਗੜ੍ਹ, 10 ਜੁਲਾਈ-

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਬਜਟ ਨੂੰ ਪੂਰੀ ਤਰ੍ਹਾਂ ਨਿਰਾਸ਼ਾ ਨਾਲ ਭਰਿਆ ਕਰਾਰ ਦਿੰਦਿਆਂ ਕਿਹਾ ਹੈ ਕਿ ਇਸ ਤੋਂ ਪ੍ਰਤੀਤ ਹੁੰਦਾ ਹੈ ਜਿਵੇਂ ਕੇਂਦਰੀ ਵਿੱਤ ਮੰਤਰੀ ਨੇ ਬਾਰਡਰ ਸੂਬੇ ਨੂੰ ਨਜ਼ਰਅੰਦਾਜ ਕਰਕੇ ਅੰਮ੍ਰਿਤਸਰ 'ਚ ਆਪਣੀ ਹਾਰ ਦਾ ਬਦਲਾ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਹੈ, ਜਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਸੂਬੇ ਲਈ ਦਿੱਤੇ ਯੋਗਦਾਨ ਨੂੰ ਯਾਦ ਕਰਨਗੇ।

ਜੇਤਲੀ ਵੱਲੋਂ ਪੰਜਾਬ ਨੂੰ ਨਜ਼ਰਅੰਦਾਜ ਕਰਨ ਦਾ ਦੋਸ਼ ਲਗਾਉਂਦਿਆਂ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸੂਬੇ ਦੀ ਕਿਸੇ ਵੀ ਪ੍ਰਮੁੱਖ ਸਮੱਸਿਆ, ਜਿਵੇਂ ਪੰਜਾਬ ਸਿਰ ਚੜ੍ਹਿਆ ਕਰਜਾ ਅਤੇ ਗੁਆਂਢੀ ਰਾਜਾਂ ਨੂੰ ਦਿੱਤੇ ਜਾਣ ਵਾਲੇ ਫਾਇਦਿਆਂ ਦਾ ਇਸ ਬਜਟ 'ਚ ਹੱਲ ਨਹੀਂ ਕੀਤਾ ਗਿਆ। ਅਕਾਲੀ ਭਾਜਪਾ ਸਰਕਾਰ ਵੱਲੋਂ ਨਵੀਂ ਸਰਕਾਰ ਸਾਹਮਣੇ ਰੱਖੀਆਂ ਗਈਆਂ ਇਹ ਚਿੰਤਾਵਾਂ ਸਨ। ਇਥੋਂ ਤੱਕ ਕਿ ਦੇਸ਼ ਦੀ ਹਰਿਤ ਕ੍ਰਾਂਤੀ ਲਈ ਅਗਵਾਈ ਕਰਨ ਵਾਲੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਗ੍ਰਾਂਟ ਨਹੀਂ ਦਿੱਤੀ ਗਈ। ਜਦਕਿ ਡਾ. ਮਨਮੋਹਨ ਸਿੰਘ ਸਰਕਾਰ ਨੇ ਇਸ ਯੂਨੀਵਰਸਿਟੀ ਨੂੰ 100 ਕਰੋੜ ਰੁਪਏ ਦਿੱਤੇ ਸਨ।

ਉਨ੍ਹਾਂ ਨੇ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਨੇ ਆਪਣੇ ਬਜਟ ਭਾਸ਼ਣ ਦੌਰਾਨ ਹਰਿਤ ਕ੍ਰਾਂਤੀ ਦੀ ਗੱਲ ਕੀਤੀ, ਪਰ ਇਸ ਦੌਰਾਨ ਪੰਜਾਬ ਦਾ ਜ਼ਿਕਰ ਨਹੀਂ ਕੀਤਾ ਗਿਆ, ਜਿਸਦਾ ਦੇਸ਼ ਦੀ ਖੁਰਾਕ ਸੁਰੱਖਿਆ ਲਈ ਸੱਭ ਤੋਂ ਵੱਧ ਯੋਗਦਾਨ ਰਿਹਾ ਹੈ। ਸੂਬੇ ਦਾ ਖੇਤੀਬਾੜੀ ਖੇਤਰ ਮਾੜੇ ਹਾਲਾਤਾਂ 'ਚ ਹੈ ਤੇ ਅਕਾਲੀ ਦਲ ਲੋਕਾਂ ਨੂੰ ਇਹ ਕਹਿ ਕੇ ਧੋਖਾ ਦੇ ਰਹੀ ਹੈ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਕੇਂਦਰ 'ਚ ਸ਼ਾਸਨ ਬਦਲਣ ਦੇ ਨਾਲ ਹੱਲ ਹੋ ਜਾਣਗੀਆਂ। ਪਰ ਬਾਦਲ ਭੁੱਲ ਗਏ ਕਿ ਧੋਖੇ ਨੂੰ ਅਸਲਿਅਤ 'ਚ ਨਹੀਂ ਬਦਲਿਆ ਜਾ ਸਕਦਾ ਅਤੇ ਉਹ ਸਿਰਫ ਭੋਲੇ ਭਾਲੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਬਕੌਲ ਪ੍ਰਧਾਨ ਮੰਤਰੀ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਨਰਿੰਦਰ ਮੋਦੀ ਨੇ ਪੰਜਾਬ ਦੇ ਪਠਾਨਕੋਟ ਤੋਂ ਆਪਣੇ ਪ੍ਰਚਾਰ ਦੀ ਸ਼ੁਰੂਆਤ ਕੀਤੀ ਸੀ। ਪਰ ਅੱਜ ਦੇ ਬਜਟ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਸਰਕਾਰ ਕੋਲ ਪੰਜਾਬ ਲਈ ਕੁਝ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਆਈ.ਆਈ.ਐਮ ਦੇ ਰੂਪ 'ਚ ਸੂਬੇ ਨੂੰ ਸਿਰਫ ਇਕ ਨਵਾਂ ਪ੍ਰੋਜੈਕਟ ਦਿੱਤਾ ਗਿਆ, ਜਿਹੜੀ ਆਮ ਗੱਲ ਹੈ। ਯੂ.ਪੀ.ਏ ਸਰਕਾਰ ਸੂਬੇ 'ਚ ਗੈਰ ਕਾਂਗਰਸੀ ਸਰਕਾਰ ਹੋਣ ਦੇ ਬਾਵਜੂਦ ਅਜਿਹੇ ਕਈ ਪ੍ਰੋਜੈਕਟ ਦਿੱਤੇ ਸਨ। ਭਾਵੇਂ ਬਾਦਲ ਕੇਂਦਰ ਵੱਲੋਂ ਪੰਜਾਬ ਨਾਲ ਪੱਖਪਾਤ ਕਰਨ ਦਾ ਦੋਸ਼ ਲਗਾਉਂਦੇ ਰਹੇ ਸਨ। ਜਿਨ੍ਹਾਂ ਨੂੰ ਹੁਣ ਪੱਖਪਾਤ ਦਾ ਅਰਥ ਪਤਾ ਚੱਲੇਗਾ।

ਬਾਜਵਾ ਨੇ ਕਿਹਾ ਕਿ ਪਹਿਲੀ ਐਨ.ਡੀ.ਏ ਸਰਕਾਰ ਨੇ ਗੁਆਂਢੀ ਸੂਬਿਆਂ ਨੂੰ ਉਦਯੋਗਿਕ ਰਿਅਇਤਾਂ ਦੇ ਕੇ ਪੰਜਾਬ ਨੂੰ ਵੱਡਾ ਨੁਕਸਾਨ ਪਹੁੰਚਾਇਆ ਸੀ। ਜਿਸ ਨੀਤੀ 'ਤੇ ਵਰਤਮਾਨ ਸਰਕਾਰ ਵੀ ਚੱਲ ਰਹੀ ਹੈ। ਪਿਛਲੇ ਕਈ ਸਾਲਾਂ ਤੋਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਬਾਦਲ ਨੂੰ ਲੋਕਾਂ ਨੂੰ ਜਵਾਬ ਦੇਣਾ ਚਾਹੀਦਾ ਹੈ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕੇਂਦਰੀ ਕੈਬਿਨੇਟ ਦਾ ਬਾਦਲ ਪਰਿਵਾਰ ਦੀ ਤਾਕਤਵਰ ਮੈਂਬਰ ਹਰਸਿਮਰਤ ਕੌਰ ਬਾਦਲ ਹਿੱਸਾ ਹੋਣ ਦੇ ਬਾਵਜੂਦ ਐਨ.ਡੀ.ਏ ਸਰਕਾਰ ਨੇ ਪੰਜਾਬ ਨਾਲ ਪੱਖਪਾਤ ਕੀਤਾ ਹੈ, ਪਰ ਹੁਣ ਸਪੱਸ਼ਟ ਹੈ ਕਿ ਉਨ੍ਹਾਂ ਕੋਲ ਕਹਿਣ ਲਈ ਕੁਝ ਨਹੀਂ ਹੈ ਤੇ ਉਹ ਸੂਬੇ ਲਈ ਕੁਝ ਹਾਸਿਲ ਕਰਨ ਦੀ ਸਥਿਤੀ 'ਚ ਨਹੀਂ ਹਨ। ਬਾਦਲ ਪਰਿਵਾਰ ਨੇ ਹਮੇਸ਼ਾ ਤੋਂ ਲੋਕਾਂ ਦੀਆਂ ਮੁਸ਼ਕਿਲਾਂ ਤੋਂ ਵੱਧ ਵਿਅਕਤੀਗਤ ਹਿੱਤਾਂ ਨੂੰ ਪ੍ਰਾਥਮਿਕਤਾ ਦਿੱਤੀ ਹੈ।