arrow

ਮੁੱਖ ਮੰਤਰੀ ਵੱਲੋਂ ਨਸ਼ਿਆਂ ਦੇ ਨਾਲ ਨਿਪਟਣ ਲਈ ਕੇਂਦਰ ਤੋਂ ਸਹਾਇਤਾ ਦੀ ਮੰਗ

ਨਵੀਂ ਦਿੱਲੀ, 10 ਜੁਲਾਈ-

ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਰਾਜ ਵਿੱਚ ਖੇਡਾਂ ਨੂੰ ਬੜ੍ਹਵਾ ਦੇ ਕੇ ਨੌਜਵਾਨਾਂ ਦੀ ਊਰਜਾ ਖੇਡਾਂ ਵਿੱਚ ਲਾ ਕੇ ਰਾਜ ਵਿੱਚੋਂ ਨਸ਼ਿਆਂ ਦੀ ਲਾਹਣਤ ਨੂੰ ਖਤਮ ਕਰਨ ਲਈ ਕੇਂਦਰ ਸਰਕਾ ਦੀ ਸਹਾਇਤਾ ਅਤੇ ਸਹਿਯੋਗ ਦੀ ਮੰਗ ਕੀਤੀ ਹੈ।

ਮੁੱਖ ਮੰਤਰੀ ਨੇ ਕੇਂਦਰੀ ਖੇਡ ਰਾਜ ਮੰਤਰੀ ਸ੍ਰੀ ਸਰਬਨੰਦਾ ਸੋਨੋਵਾਲ ਨੂੰ ਉਨ੍ਹਾਂ ਦੇ ਦਫਤਰ ਸ਼ਾਸਤਰੀ ਭਵਨ ਵਿਖੇ ਅੱਜ ਦੁਪਹਿਰ ਮਿਲ ਕੇ ਰਾਜ ਵਿੱਚ ਖੇਡਾਂ ਦੇ ਰਾਹੀਂ ਨਸ਼ਿਆਂ ਨਾਲ ਨਿਪਟਣ ਲਈ ਕੇਂਦਰ ਦੀ ਸਹਾਇਤਾ ਦੀ ਮੰਗ ਕੀਤੀ ਹੈ। ਸ. ਬਾਦਲ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਰਾਜ ਸਰਕਾਰ ਸੂਬੇ ਵਿੱਚ ਖੇਡਾਂ ਨੂੰ ਬੜ੍ਹਾਵਾ ਦੇ ਕੇ ਨਸ਼ਿਆਂ ਦੀ ਲਾਹਣਤ ਨਾਲ ਨਿਪਟਣ ਦੀਆਂ ਪਹਿਲਾਂ ਹੀ ਕੋਸ਼ਿਸ਼ਾਂ ਕਰ ਰਹੀ ਹੈ ਪਰ ਇਸ ਨਿਸ਼ਾਨੇ ਨੂੰ ਕੇਂਦਰ ਦੀ ਮਦਦ ਤੋਂ ਬਿਨਾ ਪ੍ਰਪਾਤ ਨਹੀਂ ਕੀਤਾ ਜਾ ਸਕਦਾ।

ਉਨ੍ਹਾਂ ਨੇ ਸ੍ਰੀ ਸੋਨੋਵਾਲ ਨੂੰ ਦੱਸਿਆਕਿ ਦੇਸ਼ ਵਿੱਚ ਖਿਡਾਰੀ ਪੈਦਾ ਕਰਨ ਦੀ ਪੰਜਾਬ ਦੀ ਸ਼ਾਨਦਾਰ ਵਿਰਾਸਤ ਹੈ ਅਤੇ ਜੇ ਭਾਰਤ ਸਰਕਾਰ ਸੂਬੇ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਧਿਆਨ ਦੇਵੇ ਤਾਂ ਹੋਰ ਵਧੀਆ ਖਿਡਾਰੀ ਪੈਦਾ ਕੀਤੇ ਜਾ ਸਕਦੇ ਹਨ। ਇੱਕ ਹੋਰ ਮੁੱਦਾ ਉਠਾਉਂਦੇ ਹੋਏ ਮੁੱਖ ਮੰਤਰੀ ਨੇ ਸ੍ਰੀ ਸੋਨੋਵਾਲ ਨੂੰ ਜਲੰਧਰ ਵਿੱਚ ਹਾਕੀ ਅਤੇ ਮਹਿਲਪੁਰ ਵਿੱਚ ਫੁੱਟਵਾਲ ਦੇ ਅਤਿ ਉਤਮ ਕੇਂਦਰ (ਸੈਂਟਰ ਫਾਰ ਐਕਸੀਲੈਂਸ) ਸਥਾਪਿਤ ਕਰਨ ਲਈ ਆਖਿਆ ਕਿਉਂਕਿ ਇਨ੍ਹਾਂ ਦੋਵਾਂ ਖੇਡਾਂ ਵਿੱਚ ਪੰਜਾਬ ਨੇ ਨਾਮਵਾਰ ਖਿਡਾਰੀ ਪੈਦਾ ਕੀਤੇ ਹਨ।

ਸ. ਬਾਦਲ ਨੇ ਕਿਹਾ ਕਿ ਇਹ ਸੈਂਟਰ ਸਥਾਪਿਤ ਕਰਨ ਦੇ ਨਾਲ ਰਾਜ ਵਿੱਚ ਫੁੱਟਬਾਲ ਅਤੇ ਹਾਕੀ ਨੂੰ ਹੁਲਾਰਾ ਮਿਲੇਗਾ ਜੋ ਕਿ ਦੇਸ਼ ਲਈ ਬਹੁਤ ਲਾਹੇਵੰਦ ਹੋਵਗਾ। ਉਨ੍ਹਾਂ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਮਾਰਸ਼ਲ ਆਰਟ ਦਾ ਇੱਕ ਅਤਿ ਅਧੁਨਿਕ ਕੇਂਦਰ ਸਥਾਪਿਤ ਕਰਨ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ ਤਾਂ ਜੋ ਪੰਜਾਬ ਦੀ ਇਸ ਰਵਾਇਤੀ ਖੇਡ ਨੂੰ ਬੜ੍ਹਾਵਾ ਦਿੱਤਾ ਜਾ ਸਕੇ। ਇਸੇ ਤਰ੍ਹਾਂ ਹੀ ਮੁੱਖ ਮੰਤਰੀ ਨੇ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ (ਐਨ ਆਈ ਐਸ) ਪਟਿਆਲਾ ਦੀ ਪੁਰਾਣੀ ਸ਼ਾਨ ਬਹਾਲ ਕਰਨ ਲਈ ਵੀ ਸ੍ਰੀ ਸੋਨੋਵਾਲ 'ਤੇ ਜੋਰ ਪਾਇਆ ਜਿਸ ਨੂੰ ਪਿਛਲੀ ਸਰਕਾਰ ਦੇ ਨਜ਼ਰਅੰਦਾਜੀ ਵਾਲੇ ਵਤੀਰੇ ਨੇ ਖੋਰਾ ਲਾਇਆ ਹੈ। ਉਨ੍ਹਾਂ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਐਨ ਆਈ ਐਸ ਦੇਸ਼ ਦਾ ਇਕ ਵਧੀਆ ਇੰਸਟੀਚਿਊਟ ਸੀ ਜਿਸ ਨੇ ਬਹੁਤ ਸਾਰੇ ਖਿਡਾਰੀ ਪੈਦਾ ਕੀਤੇ ਹਨ, ਜਿਨ੍ਹਾਂ ਨੇ ਦੇਸ਼ ਲਈ ਵੱਡਾ ਨਾਮਣਾ ਖੱਟਿਆ ਹੈ।

ਉਨ੍ਹਾਂ ਕਿਹਾ ਕਿ ਇਸ ਇੰਸਟੀਚਿਊਟ ਦੀ ਮਜਬੂਤੀ ਦੇ ਨਾਲ ਹੋਰ ਵੱਡੇ ਖਿਡਾਰੀ ਪੈਦਾ ਕਰਨ ਵਿੱਚ ਮਦਦ ਮਿਲੇ ਗੀ। ਸ. ਬਾਦਲ ਨੇ ਕੇਂਦਰੀ ਮੰਤਰੀ ਨੂੰ ਆਖਿਆ ਕਿ ਉਹ ਰਾਜ ਵਿੱਚ ਕੁਝ ਵਿਦੇਸ਼ੀ ਕੋਚਾਂ ਨੂੰ ਤਾਇਨਾਤ ਕਰਨ ਤਾਂ ਜੋ ਪੈਦਾ ਹੋ ਰਹੇ ਨਵੇਂ ਖਿਡਾਰੀਆਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਮੁਹਈਆ ਕਰਵਾਈਆਂ ਜਾ ਸਕਣ। ਮੁੱਖ ਮੰਤਰੀ ਵੱਲੋਂ ਉਠਾਏ ਗਏ ਮੁੱਦਿਆਂ ਦੇ ਸਬੰਧ ਵਿੱਚ ਸ੍ਰੀ ਸੋਨੋਵਾਲ ਨੇ ਰਾਜ ਸਰਕਾਰ ਦੀਆਂ ਨਸ਼ਿਆਂ ਨਾਲ ਨਿਪਟਣ ਦੀਆਂ ਕੋਸ਼ਿਸ਼ਾਂ ਦੀ ਪ੍ਰਸੰਸਾ ਕਰਦੇ ਹੋਏ ਭਰੋਸਾ ਦੁਆਇਆ ਕਿ ਕੇਂਦਰ ਸਰਕਾਰ ਰਾਜ ਵਿੱਚ ਖੇਡਾਂ ਨੂੰ ਬੜ੍ਹਾਵਾ ਦੇਣ ਲਈ ਹਰ ਸਹਿਯੋਗ ਦੇਵੇਗੀ ਤਾਂ ਜੋ ਰਾਜ ਵਿੱਚੋਂ ਨਸ਼ਿਆਂ ਦਾ ਖਾਤਮਾ ਕੀਤਾ ਜਾ ਸਕੇ।

ਉਨ੍ਹਾਂ ਕਿਹਾ ਕਿ ਐਨ ਆਈ ਐਸ ਪਟਿਆਲਾ ਦੇਸ਼ ਦਾ ਇੱਕ ਪ੍ਰਮੁੱਖ ਇੰਸਟੀਚਿਊਟ ਹੈ ਅਤੇ ਹੁਣ ਕੇਂਦਰ ਸਰਕਾਰ ਨੇ 200 ਕਰੋੜ ਦੀ ਲਾਗਤ ਨਾਲ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਕੋਚਿੰਗ ਖੋਲ੍ਹਣ ਦੀ ਪ੍ਰਕਿਰਿਆ ਤੇਜ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਛੇਤੀਂ ਹੀ ਖਿਡਾਰੀਆਂ ਨੂੰ ਸਿਖਲਾਈ ਮੁਹਈਆ ਰਕਵਾਉਣ ਲਈ ਵਿਦੇਸ਼ੀ ਕੋਚ ਤਾਇਨਾਤ ਕਰੇਗੀ।

ਮੁੱਖ ਮੰਤਰੀ ਵੱਲੋਂ ਸ੍ਰੀ ਸੋਨੋਵਾਲ ਨੂੰ ਰਾਜ ਖਾਸ ਕਰ ਐਨ ਆਈ ਐਸ ਪਟਿਆਲਾ ਦਾ ਦੌਰਾ ਕਰਨ ਦੇ ਦਿੱਤੇ ਗਏ ਸੱਦੇ ਦੇ ਸਬੰਧ ਵਿੱਚ ਉਨ੍ਹਾਂ ਨੇ ਸੰਸਦ ਦੇ ਸਮਾਗਮ ਤੋਂ ਬਾਅਦ ਪੰਜਾਬ ਆਉਣ ਲਈ ਸਹਿਮਤੀ ਪ੍ਰਗਟਾਈ।