arrow

ਕੇਂਦਰੀ ਬਜਟ ਵਿਕਾਸ ਮੁਖੀ ਅਤੇ ਲੋਕ ਪੱਖੀ- ਢੀਂਡਸਾ

ਚੰਡੀਗੜ੍ਹ, 10 ਜੁਲਾਈ-

ਪੰਜਾਬ ਦੇ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਨੇ ਕੌਮੀ ਜਮਹੂਰੀ ਗਠਜੋੜ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਪਹਿਲੇ ਆਮ ਬਜਟ ਨੂੰ ਦੇਸ਼ ਦੇ ਸਰਵਪੱਖੀ ਵਿਕਾਸ ਲਈ ਲਾਹੇਵੰਦ ਦੱਸਿਆ ਹੈ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਵੱਲੋਂ ਪੇਸ਼ ਕੀਤੇ ਗਏ ਬਜਟ ਵਿਚ ਸਮਾਜ ਦੇ ਸਭ ਵਰਗਾਂ ਅਤੇ ਖਿੱਤਿਆਂ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ। ਉਨ੍ਹਾਂ ਇਸ ਗੱਲ 'ਤੇ ਵੀ ਖੁਸ਼ੀ ਪ੍ਰਗਟਾਈ ਕਿ ਪੰਜਾਬ ਵਿਚ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ (ਆਈ.ਆਈ.ਐਮ.) ਦੇ ਖੁੱਲ੍ਹਣ ਨਾਲ ਸੂਬੇ ਨੂੰ ਵਿਸ਼ੇਸ਼ ਲਾਭ ਮਿਲੇਗਾ। ਇਸ ਸੰਸਥਾਨ 'ਚੋਂ ਪੜ੍ਹ ਕੇ ਨਿਕਲਣ ਵਾਲੇ ਵਿਦਿਆਰਥੀਆਂ ਦਾ ਪ੍ਰਬੰਧਨ ਦੇ ਖੇਤਰ 'ਚ ਵਿਸ਼ਵ ਭਰ ਵਿਚ ਇੱਕ ਖਾਸ ਸਥਾਨ ਹੈ।

ਉਨ੍ਹਾਂ ਕਿਹਾ ਕਿ ਬਜਟ 'ਚ ਨੌਜਵਾਨ ਵਰਗ, ਸਾਬਕਾ ਫੌਜੀਆਂ, ਔਰਤਾਂ ਦੀ ਸੁਰੱਖਿਆ, ਖੇਤੀ ਖੇਤਰ, ਦਿਹਾਤੀ ਇਲਾਕਿਆਂ ਦੇ ਵਿਕਾਸ, ਖੇਡਾਂ, ਸੁਰੱਖਿਆ ਖੇਤਰ, ਬੈਂਕਿੰਗ, ਬੀਮਾ, ਸਿੱਖਿਆ, ਸਿਹਤ, ਵਾਤਾਵਰਣ ਸੁਰੱਖਿਆ, ਸਨਅਤਾਂ ਦੇ ਵਿਕਾਸ ਅਤੇ ਬੁਨਿਆਦੀ ਢਾਂਚੇ ਆਦਿ ਦੇ ਵਿਕਾਸ ਲਈ ਗਿਣਨਯੋਗ ਪਹਿਲਕਦਮੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਆਮਦਨ ਕਰ ਦੀ ਦਰ ਦੋ ਲੱਖ ਤੋਂ ਵਧਾ ਕੇ ਢਾਈ ਲੱਖ ਕਰਨ ਅਤੇ ਬਚਤ ਦਰ ਦੀ ਹਦ ਡੇਢ ਲੱਖ ਰੁਪਏ ਕਰਨ ਨਾਲ ਲੱਖਾਂ ਮੁਲਾਜ਼ਮਾਂ ਨੂੰ ਇਸ ਦਾ ਫਾਇਦਾ ਮਿਲੇਗਾ।

ਸ. ਢੀਂਡਸਾ ਨੇ ਏਸ਼ੀਅਨ ਖੇਡਾਂ ਵਾਸਤੇ ਖਿਡਾਰੀਆਂ ਨੂੰ ਸਿਖਲਾਈ ਦੇਣ ਲਈ 100 ਕਰੋੜ ਰੁਪਏ, ਸੁਰੱਖਿਆ ਖੇਤਰ ਲਈ 2.29 ਲੱਖ ਕਰੋੜ ਰੁਪਏ, 'ਇਕ ਰੈਂਕ ਇਕ ਪੈਨਸ਼ਨ' ਸਕੀਮ ਲਈ 1000 ਕਰੋੜ ਰੁਪਏ, ਔਰਤਾਂ ਦੀ ਸੁਰੱਖਿਆ ਲਈ 150 ਕਰੋੜ ਰੁਪਏ, ਕੌਮੀ ਦਿਹਾਤੀ ਜਲ ਸਪਲਾਈ ਪ੍ਰੋਜੈਕਟ ਲਈ 3600 ਕਰੋੜ, ਖੇਤੀਬਾੜੀ ਪੱਖੀ 'ਕਿਸਾਨ ਟੀਵੀ' ਲਈ 100 ਕਰੋੜ ਰੁਪਏ, ਉੱਦਮੀਆਂ ਤੇ ਛੋਟੇ ਉਦਯੋਗਾਂ ਦੀ ਸਥਾਪਤੀ ਲਈ 10000 ਕਰੋੜ ਰੁਪਏ, ਅਨਾਜ ਭੰਡਾਰਣ ਸਮਰੱਥਾ ਵਧਾਉਣ ਲਈ 5000 ਕਰੋੜ ਰੁਪਏ ਅਤੇ 5 ਲੱਖ ਭੂਮੀ ਹੀਣ ਕਿਸਾਨਾਂ ਲਈ ਨਾਬਾਰਡ ਰਾਹੀਂ ਵਿੱਤੀ ਸਹਾਇਤਾ ਦੇਣ ਆਦਿ ਭਵਿੱਖੀ ਯੋਜਨਾਵਾਂ ਦੀ ਪ੍ਰਸੰਸਾ ਕੀਤੀ।

ਸ. ਢੀਂਡਸਾ ਨੇ ਕਿਹਾ ਕਿ ਪੰਜਾਬ ਲਈ ਬਜਟ ਵਿਚ ਹੋਰ ਵਿਵਸਥਾਵਾਂ ਕੀਤੀਆਂ ਜਾ ਸਕਦੀਆਂ ਸਨ। ਉਨ੍ਹਾਂ ਉਚੇਚੇ ਤੌਰ 'ਤੇ ਕਿਹਾ ਕਿ ਪਹਾੜੀ ਰਾਜਾਂ ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਵਾਂਗ ਪੰਜਾਬ ਨੂੰ ਵੀ ਖਾਸ ਸਨਅਤੀ ਰਿਆਇਤਾਂ ਮਿਲਣ ਦੀ ਉਮੀਦ ਸੀ ਪਰ ਕੁੱਲ ਮਿਲਾ ਕੇ ਬਜਟ ਦੇਸ਼ ਲਈ ਵਿਕਾਸਮੁਖੀ ਸਿੱਧ ਹੋਵੇਗਾ।