arrow

ਮਹਿੰਗਾਈ ਨਾਲ 400 ਮਿਲੀਅਨ ਗਰੀਬ ਲੋਕ ਪ੍ਰਭਾਵਿਤ ਹੋਣਗੇ- ਅਮਰਿੰਦਰ

ਜਲੰਧਰ , 10 ਜੁਲਾਈ-

ਮਹਿੰਗਾਈ ਦੇ ਮੁੱਦੇ 'ਤੇ ਵਿਰੋਧੀਆਂ ਦੀ ਮਾਰ ਝੱਲ ਰਹੀ ਕੇਂਦਰ ਦੀ ਰਾਜਗ ਸਰਕਾਰ ਖਿਲਾਫ ਹੁਣ ਪੰਜਾਬ ਕਾਂਗਰਸ ਨੇ ਜਮ੍ਹਾਖੋਰਾਂ ਵਿਰੁੱਧ ਕਾਰਵਾਈ ਨਾ ਕਰਨ ਦੇ ਮਾਮਲੇ ਨੂੰ ਲੈ ਕੇ ਮੋਰਚਾ ਖੋਲ੍ਹ ਦਿੱਤਾ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਮ੍ਹਾਖੋਰਾਂ ਨੂੰ ਸਿਰਫ ਚਿਤਾਵਨੀ ਦੇਣ ਨਾਲ ਕੁਝ ਨਹੀਂ ਹੋਵੇਗਾ ਸਗੋਂ  ਉਨ੍ਹਾਂ ਵਿਰੁੱਧ ਠੋਸ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਗਰੀਬਾਂ ਨੂੰ ਵਧਦੀ ਮਹਿੰਗਾਈ ਤੋਂ ਛੁਟਕਾਰਾ ਮਿਲ ਸਕੇ।

ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਪਿਆਜ਼ ਦੇ ਨਿਰਯਾਤ 'ਤੇ ਪੂਰੀ ਤਰ੍ਹਾਂ ਪਾਬੰਦੀ ਲੱਗਣੀ ਚਾਹੀਦੀ ਹੈ। ਪਿਆਜ਼ ਨੂੰ ਸਿਰਫ ਜ਼ਰੂਰੀ ਵਸਤੂ ਕਾਨੂੰਨ ਅਧੀਨ ਲਿਆਉਣਾ ਹੀ ਪ੍ਰਾਪਤੀ ਨਹੀਂ ਹੈ। ਉਨ੍ਹਾਂ ਕਿਹਾ ਕਿ 2 ਮਹੀਨਿਆਂ 'ਚ ਖੁਰਾਕੀ ਵਸਤਾਂ ਦੀਆਂ ਕੀਮਤਾਂ '200 ਫੀਸਦੀ ਤਕ ਦਾ ਵਾਧਾ ਹੋਇਆ ਹੈ। ਰੇਲ ਮੰਤਰੀ ਵਲੋਂ ਮਾਲ ਭਾੜੇ ਅਤੇ ਤੇਲ ਕੰਪਨੀਆਂ ਵਲੋਂ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਕਰਨ ਨਾਲ ਹੀ ਮਹਿੰਗਾਈ ਵਧੀ ਹੈ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਅਰੁਣ ਜੇਤਲੀ ਕਹਿ ਰਹੇ ਹਨ ਕਿ ਮੌਜੂਦਾ ਹਾਲਾਤ 'ਚ ਘਬਰਾਉਣ ਦੀ ਲੋੜ ਨਹੀਂ ਹੈ।

ਉਨ੍ਹਾਂ ਕਿਹਾ ਕਿ ਮਹਿੰਗਾਈ ਨਾਲ 5-10 ਜਾਂ 15 ਫੀਸਦੀ ਲੋਕ ਪ੍ਰਭਾਵਿਤ ਹੋਣ ਵਾਲੇ ਨਹੀਂ ਹਨ ਸਗੋਂ ਇਸ ਨਾਲ 400 ਮਿਲੀਅਨ ਗਰੀਬ ਲੋਕ ਪ੍ਰਭਾਵਿਤ ਹੋਣਗੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਣਕ ਦੀ ਕਟਾਈ ਦੇ ਮੌਸਮ ਦੇ ਬਾਵਜੂਦ ਖੁਰਾਕੀ ਵਸਤਾਂ ਦੀਆਂ ਕੀਮਤਾਂ 'ਚ ਵਾਧਾ ਹੈਰਾਨੀਜਨਕ ਹੈ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਦੁੱਖ ਦੀ ਗੱਲ ਇਹ ਹੈ ਕਿ ਪਿਆਜ਼ ਦਾ ਨਿਰਯਾਤ ਹੁਣ ਵੀ ਹੋ ਰਿਹਾ ਹੈ। ਉਨ੍ਹਾਂ ਚੇਤੇ ਕਰਵਾਇਆ ਕਿ ਮਨਰੇਗਾ ਅਤੇ ਖਾਧ ਸੁਰੱਖਿਆ ਯੋਜਨਾ 'ਚ ਜੇਕਰ ਕੇਂਦਰ ਕਟੌਤੀ ਕਰਦਾ ਹੈ ਤਾਂ ਉਸ ਦੇ ਗੰਭੀਰ ਨਤੀਜੇ ਨਿਕਲਣਗੇ।

ਆਲੂਆਂ ਨੂੰ ਕਿਤੇ ਸੜਕਾਂ 'ਤੇ ਸੁੱਟਣ ਦੀ ਨੌਬਤ ਨਾ ਆ ਜਾਵੇ: ਦੋਆਬਾ ਖੇਤਰ 'ਚ ਆਲੂ ਦੀ ਬੰਪਰ ਫਸਲ 'ਤੇ ਚਿੰਤਾ ਪ੍ਰਗਟਾਉਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਤੇ ਮੁੜ ਤੋਂ ਕਿਸਾਨਾਂ ਨੂੰ ਆਲੂਆਂ ਨੂੰ ਸੜਕਾਂ 'ਤੇ ਸੁੱਟਣ ਦੀ ਨੌਬਤ ਨਾ ਆ ਜਾਵੇ। ਇਸ ਲਈ ਕੇਂਦਰ ਅਤੇ ਰਾਜ ਸਰਕਾਰ ਨੂੰ ਦਖਲ ਦੇਣ ਦੀ ਲੋੜ ਹੈ।

ਭਾਜਪਾ ਹਮਾਇਤੀ ਵਪਾਰੀ ਵਧਾ ਰਹੇ ਜਮ੍ਹਾਖੋਰੀ- ਉਨ੍ਹਾਂ ਨੇ ਸ਼ੱਕ ਪ੍ਰਗਟਾਇਆ ਕਿ ਭਾਜਪਾ ਹਮਾਇਤੀ ਵਪਾਰੀ ਹੀ ਦੇਸ਼ 'ਚ ਜਮ੍ਹਾਖੋਰੀ ਨੂੰ ਉਤਸ਼ਾਹਿਤ ਕਰ ਰਹੇ ਹਨ, ਜਿਸ ਨਾਲ ਆਮ  ਜਨਤਾ, ਨੌਕਰੀਪੇਸ਼ਾ ਲੋਕਾਂ ਅਤੇ ਗਰੀਬਾਂ ਨੂੰ ਮਹਿੰਗਾਈ ਦੀ ਮਾਰ ਝੱਲਣੀ ਪੈ ਰਹੀ ਹੈ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਵਲੋਂ ਮਹਿੰਗਾਈ ਦੇ ਮੁੱਦੇ 'ਤੇ ਚੁੱਪ ਧਾਰਨ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਸ ਨਾਲ ਉਸ ਦੀਆਂ ਦੋਗਲੀਆਂ ਨੀਤੀਆਂ ਸਾਹਮਣੇ ਆ ਗਈਆਂ ਹਨ।