arrow

ਵਿਰਾਸਤੀ ਤੇ ਸੈਰ ਸਪਾਟਾ ਪ੍ਰਾਜੈਕਟਾਂ ਲਈ ਸੂਬੇ ਨੂੰ 25 ਕਰੋੜ ਰੁਪਏ ਸਾਲਾਨਾ ਗ੍ਰਾਂਟ ਦੇਵੇਗਾ ਕੇਂਦਰ

ਚੰਡੀਗੜ੍ਹ, 10 ਜੁਲਾਈ:

ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵਲੋਂ ਸੂਬੇ ਦੀ ਅਮੀਰ ਸਭਿਆਚਾਰਕ ਵਿਰਾਸਤ ਦੇ ਪਾਸਾਰ ਲਈ ਕੀਤੇ ਜਾ ਰਹੇ ਠੋਸ ਯਤਨਾਂ ਦੀ ਪ੍ਰੋੜ੍ਹਤਾ ਕਰਦਿਆਂ ਭਾਰਤ ਸਰਕਾਰ ਨੇ ਸੂਬਾ ਭਰ ਵਿੱਚ ਬਣਨ ਜਾ ਰਹੇ ਵਿਰਾਸਤੀ ਤੇ ਸੈਰ ਸਪਾਟਾ ਪ੍ਰਾਜੈਕਟਾਂ ਲਈ ਹਰੇਕ ਸਾਲ ਵਿੱਤੀ ਸਹਾਇਤਾ ਵਜੋਂ 25 ਕਰੋੜ ਰੁਪਏ ਦੀ ਗ੍ਰਾਂਟ ਦੇਣ ਦੀ ਸਹਿਮਤੀ ਦਿੱਤੀ।

ਇੱਥੇ ਟ੍ਰਾਂਸਪੋਰਟ ਭਵਨ ਵਿਖੇ ਮੁੱਖ ਮੰਤਰੀ ਨੇ ਕੇਂਦਰੀ ਸੈਰ ਸਪਾਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ਼੍ਰੀ ਸਿਰੀਪਦ ਯੇਸੋਨਾਇਕ ਨਾਲ ਉਨ੍ਹਾਂ ਦੇ ਦਫ਼ਤਰ ਵਿਖੇ ਮੁਲਾਕਾਤ ਕੀਤੀ ਜਿਸ ਦੌਰਾਨ ਕੇਂਦਰੀ ਮੰਤਰੀ ਨੇ ਉਕਤ ਫ਼ੈਸਲਾ ਲਿਆ। ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਸ਼੍ਰੀ ਨਾਇਕ ਨੂੰ ਅਮੀਰ ਸਭਿਆਚਾਰਕ ਵਿਰਾਸਤ ਦੀ ਸੰਭਾਲ ਤੇ ਪਾਸਾਰ ਲਈ ਸੂਬਾ ਸਰਕਾਰ ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤ-ਏ-ਖਾਲਸਾ ਦੀ ਸਥਾਪਨਾ ਬਾਰੇ ਜਾਣੂ ਕਰਵਾਇਆ ਜਿੱਥੇ ਹਰ ਰੋਜ਼ 10 ਹਜ਼ਾਰ ਦਰਸ਼ਕ ਪਹੁੰਚਦੇ ਹਨ।

ਇਸੇ ਤਰ੍ਹਾਂ ਉਨ੍ਹਾਂ ਨੇ ਕੇਂਦਰੀ ਮੰਤਰੀ ਨੂੰ ਅੰਮ੍ਰਿਤਸਰ ਵਿੱਚ ਸ੍ਰੀ ਵਾਲਮੀਕਿ ਤੀਰਥ ਵਿਖੇ ਸਥਾਪਤ ਕੀਤੇ ਜਾ ਰਹੇ ਉਚ ਦਰਜੇ ਦੇ ਅਜਾਇਬ ਘਰ ਬਾਰੇ ਵੀ ਜਾਣੂ ਕਰਵਾਇਆ ਜਿੱਥੇ ਭਗਵਾਨ ਵਾਲਮੀਕਿ ਜੀ ਨੇ ਪਵਿੱਤਰ ਰਮਾਇਣ ਦੀ ਰਚਨਾ ਕੀਤੀ ਸੀ। ਸ. ਬਾਦਲ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਸੂਬਾ ਸਰਕਾਰ ਵਲੋਂ ਜਲੰਧਰ ਨੇੜੇ ਕਰਤਾਰਪੁਰ ਵਿਖੇ ਕੌਮੀ ਆਜ਼ਾਦੀ ਸੰਘਰਸ਼ ਵਿੱਚ ਪੰਜਾਬੀਆਂ ਦੀਆਂ ਲਾਮਿਸਾਲ ਕੁਰਬਾਨੀਆਂ ਨੂੰ ਦਰਸਾਉਂਦੀ ਜੰਗ-ਏ-ਆਜ਼ਾਦੀ ਯਾਦਗਾਰ ਦੀ ਸਥਾਪਨਾ ਵੀ ਕੀਤੀ ਜਾ ਰਹੀ ਹੈ।

ਮੁੱਖ ਮੰਤਰੀ ਨੇ ਸ਼੍ਰੀ ਨਾਇਕ ਨੂੰ ਸੂਬਾ ਸਰਕਾਰ ਵਲੋਂ ਅੰਮ੍ਰਿਤਸਰ ਵਿੱਚ ਜੰਗੀ ਯਾਦਗਾਰ ਦੀ ਕੀਤੀ ਜਾ ਰਹੀ ਉਸਾਰੀ ਬਾਰੇ ਵੀ ਦੱਸਿਆ। ਇਹ ਯਾਦਗਾਰ ਰੱਖਿਆ ਸੇਵਾਵਾਂ ਵਿੱਚ ਪੰਜਾਬੀਆਂ ਦੀਆਂ ਕੁਰਬਾਨੀਆਂ ਤੇ ਬਹਾਦਰੀ ਵਾਲੇ ਜਜ਼ਬੇ ਨੂੰ ਰੂਪਮਾਨ ਕਰੇਗੀ। ਸ. ਬਾਦਲ ਨੇ ਇਨ੍ਹਾਂ ਪ੍ਰਾਜੈਕਟਾਂ ਲਈ ਵਿਸ਼ੇਸ਼ ਫੰਡ ਦਿੱਤੇ ਜਾਣ 'ਤੇ ਜ਼ੋਰ ਦਿੱਤਾ ਕਿਉਂਕਿ ਸੂਬੇ ਨੇ ਗੌਰਵਮਈ ਸਭਿਆਚਾਰਕ ਵਿਰਾਸਤ ਦੀ ਸੰਭਾਲ ਤੇ ਪਾਸਾਰ ਲਈ ਨਾ ਸਿਰਫ਼ ਕੌਮੀ ਸਗੋਂ ਕੌਮਾਂਤਰੀ ਪੱਧਰ 'ਤੇ ਨਿਵੇਕਲੀ ਪਛਾਣ ਕਾਇਮ ਕੀਤੀ ਹੈ।

ਨੌਜਵਾਨ ਪੀੜ੍ਹੀ ਨੂੰ ਆਪਣੇ ਸ਼ਾਨਦਾਰ ਇਤਿਹਾਸ ਬਾਰੇ ਜਾਣੂ ਕਰਵਾਉਣ ਲਈ ਸੂਬਾ ਸਰਕਾਰ ਵਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਕੇਂਦਰੀ ਮੰਤਰੀ ਨੇ ਸ. ਬਾਦਲ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਵਲੋਂ ਗਿਣਾਏ ਗਏ ਪ੍ਰਾਜੈਕਟਾਂ ਲਈ ਹਰ ਸਾਲ 25 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਜਾਇਆ ਕਰੇਗੀ। ਉਨ੍ਹਾਂ ਆਖਿਆ ਕਿ ਭਾਰਤ ਸਰਕਾਰ ਵਲੋਂ ਵਿਰਸਾਤ-ਏ-ਖਾਲਸਾ ਦੇ ਦੂਜੇ ਪੜਾਅ ਦੇ ਕੰਮ ਨੂੰ ਮੁਕੰਮਲ ਕਰਨ ਲਈ ਇਹ ਰਕਮ ਜਾਰੀ ਕੀਤੀ ਜਾਵੇਗੀ। ਇਸ ਨੇਕ ਕਾਰਜ ਲਈ ਕੇਂਦਰ ਸਰਕਾਰ ਪਾਸੋਂ ਪੂਰਨ ਸਹਿਯੋਗ ਤੇ ਮਦਦ ਦਾ ਭਰੋਸਾ ਦਿੰਦਿਆਂ ਸ਼੍ਰੀ ਨਾਇਕ ਨੇ ਆਖਿਆ ਕਿ ਭਾਰਤ ਸਰਕਾਰ ਪੰਜਾਬ ਨੂੰ ਵਿਸ਼ਵ ਪੱਧਰ 'ਤੇ ਸੈਰ ਸਪਾਟਾ ਟਿਕਾਣੇ ਵਜੋਂ ਵਿਕਸਤ ਕਰਨ ਲਈ ਪੂਰਨ ਤੌਰ 'ਤੇ ਵਚਨਬੱਧ ਹੈ।

ਮੁੱਖ ਮੰਤਰੀ ਦੀ ਇੱਕ ਹੋਰ ਮੰਗ ਨਾਲ ਸਹਿਮਤ ਹੁੰਦਿਆਂ ਸ਼੍ਰੀ ਨਾਇਕ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਮੰਤਰਾਲੇ ਵਲੋਂ 'ਹੁਨਰ ਸੇ ਰੋਜ਼ਗਾਰ ਤੱਕ' ਪ੍ਰਗੋਮਰਾ ਹੇਠ ਸੂਬਾ ਭਰ ਵਿੱਚ ਹੁਨਰ ਕੇਂਦਰ ਸਥਾਪਤ ਕਰਨ ਦੇ ਮਾਮਲੇ ਨੂੰ ਹਮਦਰਦੀ ਨਾਲ ਵਿਚਾਰਿਆ ਜਾਵੇਗਾ। ਸ਼੍ਰੀ ਨਾਇਕ ਨੇ ਮੁੱਖ ਮੰਤਰੀ ਨੂੰ ਇਹ ਵੀ ਭਰੋਸਾ ਦਿੱਤਾ ਕਿ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਮਿਠੜਾ ਵਿਖੇ ਫੂਡ ਕਰਾਫਟ ਇੰਸਟੀਚਿਊਟ ਦੀ ਸਥਾਪਨਾ ਬਾਰੇ ਸੂਬਾ ਸਰਕਾਰ ਦੀ ਤਜਵੀਜ਼ ਨੂੰ ਵਿਚਾਰਨਗੇ ਤਾਂ ਕਿ ਇਸ ਦੀ ਛੇਤੀ ਪ੍ਰਵਾਨਗੀ ਯਕੀਨੀ ਬਣਾਈ ਜਾ ਸਕੇ।

ਇਸੇ ਤਰ੍ਹਾਂ ਉਨ੍ਹਾਂ ਨੇ ਸ. ਬਾਦਲ ਨੂੰ ਭਰੋਸਾ ਦਿੱਤਾ ਕਿ ਗੁਰਦਾਸਪੁਰ ਵਿੱਚ ਪਹਿਲਾਂ ਹੀ ਮੌਜੂਦ ਇੰਸਟੀਚਿਊਟ ਆਫ਼ ਮੈਨੇਜਮੈਂਟ ਦੀ ਤਰਜ 'ਤੇ ਇੱਕ ਹੋਰ ਸੰਸਥਾ ਸਥਾਪਤ ਕਰਨ ਦੀ ਸੰਭਾਵਨਾ ਵੀ ਤਲਾਸ਼ੀ ਜਾਵੇਗੀ ਤਾਂ ਕਿ ਪ੍ਰਾਹੁਣਚਾਰੀ ਸੈਕਟਰ ਵਿੱਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕੀਤੇ ਜਾ ਸਕਣ। ਕੇਂਦਰੀ ਮੰਤਰੀ ਨੇ ਸ. ਬਾਦਲ ਨੂੰ ਦੱਸਿਆ ਕਿ ਮੰਤਰਾਲੇ ਵਲੋਂ ਮੈਗਾ ਪ੍ਰਾਜੈਕਟਾਂ ਦੀ ਸਕੀਮ ਹੇਠ ਅੰਮ੍ਰਿਤਸਰ-ਡੇਰਾ ਬਾਬਾ ਨਾਨਕ-ਸੁਲਤਾਨਪੁਰ ਲੋਧੀ ਨੂੰ ਮੈਗਾ ਸਿੱਖ ਟੂਰਜ਼ਿਮ ਸਰਕਲ ਵਿੱਚ ਸ਼ਾਮਲ ਕਰਨ ਦੀ ਤਜਵੀਜ਼ ਨੂੰ ਪਹਿਲਾਂ ਹੀ ਪ੍ਰਵਾਨਗੀ ਦੇ ਦਿੱਤੀ ਗਈ ਹੈ।  ਇਸੇ ਦੌਰਾਨ ਮੁੱਖ ਮੰਤਰੀ ਵਲੋਂ ਦਿੱਤੇ ਸੱਦੇ ਨੂੰ ਪ੍ਰਵਾਨ ਕਰਦਿਆਂ ਸ਼੍ਰੀ ਨਾਇਕ ਨੇ ਛੇਤੀ ਹੀ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤ-ਏ-ਖਾਲਸਾ ਦਾ ਦੌਰਾ ਕਰਨ ਦੀ ਸਹਿਮਤੀ ਦਿੱਤੀ।