arrow

ਕਿਰਨ ਬੇਦੀ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਬਿਹਤਰ ਤਾਲਮੇਲ ਵਾਲੀ ਪਹੁੰਚ ਅਪਣਾਉਣ 'ਤੇ ਜ਼ੋਰ

ਚੰਡੀਗੜ੍ਹ, 10 ਜੁਲਾਈ-

ਉੱਘੀ ਸਮਾਜ ਸੇਵਿਕਾ ਅਤੇ ਸਾਬਕਾ ਪੁਲੀਸ ਅਧਿਕਾਰੀ ਸ੍ਰੀਮਤੀ ਕਿਰਨ ਬੇਦੀ ਨੇ ਪੰਜਾਬ ਵਿੱਚੋਂ ਨਸ਼ਿਆਂ ਦੇ ਖਾਤਮੇ ਦੇ ਲਈ ਸਮਾਜ ਸੇਵੀ ਜਥੇਬੰਦੀਆਂ ਤੋਂ ਇਲਾਵਾ ਪੁਲੀਸ ਅਤੇ ਨਸ਼ਾ ਛਡਾਊ ਕਾਰਜਾਂ ਵਿੱਚ ਸਰਗਰਮ ਵੱਖ-ਵੱਖ ਧਿਰਾਂ ਦਰਮਿਆਨ ਉਚ ਦਰਜੇ ਦਾ ਤਾਲਮੇਲ ਪੈਦਾ ਕਰਨ ਦਾ ਸੱਦਾ ਦਿੱਤਾ ਹੈ।

ਨਸ਼ਿਆ ਦੀ ਲਾਹਨਤ ਨੂੰ ਖਤਮ ਕਰਨ ਸਬੰਧੀ ਆਪਣੇ ਤਜਰਬਿਆਂ ਅਤੇ ਮੁਹਾਰਤ ਨੂੰ ਸਾਂਝਾ ਕਰਨ ਲਈ ਅੱਜ ਦੁਪਹਰਿ ਸ੍ਰੀਮਤੀ ਕਿਰਨ ਬੇਦੀ ਕਪੂਰਥਲਾ ਹਾਊਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲੇ। ਮੀਟਿੰਗ ਦੌਰਾਨ ਸ੍ਰੀ ਬੇਦੀ ਨੇ ਕਿਹਾ ਕਿ ਉਨ੍ਹਾਂ ਨੇ ਤਿਹਾੜ ਜੇਲ੍ਹ ਵਿੱਚ ਨਜ਼ਰਬੰਦ ਕੈਦੀਆਂ ਨੂੰ ਨਸ਼ਿਆਂ ਤੋਂ ਨਿਜਾਤ ਦਵਾਉਣ ਲਈ ਨਸ਼ਿਆਂ ਵਿਰੁੱਧ ਜੰਗ ਜੰਗ ਸ਼ੁਰੂ ਕੀਤੀ ਸੀ। ਉਨ੍ਹਾਂ ਕਿ ਇਸ ਜੰਗ ਵਿੱਚ ਨਸ਼ੇੜੀਆਂ ਦੇ ਪਰਿਵਾਰਾਂ ਨੂੰ ਸ਼ਾਮਲ ਕੀਤੇ ਜਾਣ ਤੋਂ ਬਿਨਾ ਇਕੱਲੀ ਰਾਜ ਸਰਕਾਰ ਇੱਛਾਜਨਕ ਨਤੀਜੇ ਨਹੀਂ ਕੱਢ ਸਕਦੀ। ਸ਼੍ਰੀਮਤੀ ਬੇਦੀ ਨੇ ਪਰਿਵਾਰ ਦੀ ਕੌਂਸਲਿੰਗ ਦੀ ਧਾਰਨਾ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਅਜਿਹੇ ਵਿਅਕਤੀਆਂ ਨਾਲ ਨਿਪਟਣ ਲਈ ਸਿੱਖਿਅਤ ਪਰਿਵਾਰਕ ਕੌਂਸਲਰਾਂ ਦੀਆਂ ਸੇਵਾਵਾਂ ਪ੍ਰਾਪਤ ਕੀਤੀਆਂ ਜਾਣ ਤਾਂ ਜੋ ਮਰੀਜ਼ਾਂ ਵਿੱਚ ਅਪਨੇਪਣ ਅਤੇ ਆਤਮ-ਸਨਮਾਨ ਦੀ ਭਾਵਨਾ ਪੈਦਾ ਹੋਵੇ।

ਸਾਬਕਾ ਆਈ.ਪੀ.ਐਸ. ਅਧਿਕਾਰੀ ਨੇ ਆਖਿਆ ਕਿ ਰਾਜ ਸਰਕਾਰ ਨੂੰ ਰੋਟਰੀ, ਲਾਈਨ ਕਲੱਬ ਅਤੇ ਇਨਰਵੀਲ ਵਰਗੀਆਂ ਗੈਰ-ਸਰਕਾਰੀ ਸੰਸਥਾਵਾਂ ਦੀਆਂ ਸੇਵਾਵਾਂ ਪ੍ਰਾਪਤ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਇਸ ਮਹਿੰਮ ਨੂੰ ਜ਼ਿਆਦਾ ਪ੍ਰਭਾਵੀ ਅਤੇ ਨਤੀਜਾ ਮੁਖੀ ਬਣਾਇਆ ਜਾ ਸਕੇ। ਉਨ੍ਹਾਂ ਨੇ ਨਸ਼ਿਆਂ ਦਾ ਸ਼ਿਕਾਰ ਹੋਏ ਵਿਅਕਤੀਆਂ ਦੇ ਇਲਾਜ ਲਈ ਐਲੋਪੈਥੀ ਦੇ ਨਾਲ-ਨਾਲ ਹੋਮਿਓਪੈਥੀ, ਯੂਨਾਨੀ ਅਤੇ ਅਯੂਰਵੇਦ ਦੀ ਵਰਤੋ ਕਰਨ 'ਤੇ ਵੀ ਜ਼ੋਰ ਦਿੱਤਾ। ਇਸ ਗੰਭੀਰ ਸਮੱਸਿਆ ਨਾਲ ਨਿਪਟਣ ਲਈ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸ਼ੁਰੂ ਕੀਤੀਆਂ ਪਹਿਲਕਦਮੀਆਂ ਦੀ ਸ਼ਲਾਘਾ ਕਰਦੇ ਹੋਏ ਸ੍ਰੀਮਤੀ ਬੇਦੀ ਨੇ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਬਣਾਏ ਜਾ ਰਹੇ ਮੁੜ ਵਸੇਬਾ ਕੇਂਦਰ ਇੱਕ ਇਨਕਲਾਬੀ ਕਦਮ ਹੈ ਜਿਸ ਦੇ ਨਾਲ ਨਸ਼ਿਆਂ ਦਾ ਸ਼ਿਕਾਰ ਲੋਕ ਆਮ ਵਰਗੀ ਅਤੇ ਸਨਮਾਨਜਨਕ ਜ਼ਿੰਦਗੀ ਜੀਅ ਸਕਦੇ ਹਨ।

ਸ਼੍ਰੀਮਤੀ ਬੇਦੀ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਮੁੜ ਵਸੇਬਾ ਕੇਂਦਰਾਂ ਵਿੱਚ ਬਿਜਲੀ ਦੀ ਮੁਰੰਮਤ, ਪਲੰਬਰ, ਸੂਚਨਾ ਤੇ ਤਕਨਾਲੋਜੀ ਆਦਿ ਟਰੇਡ ਜਿਹੀਆਂ ਹੁਨਰ ਵਿਕਾਸ ਸਹੂਲਤਾਂ ਵਿਸ਼ੇਸ਼ ਤੌਰ 'ਤੇ ਮੁਹੱਈਆ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਨਸ਼ੇ ਤੋਂ ਮੁਕਤੀ ਪਾ ਚੁੱਕੇ ਨੌਜਵਾਨਾਂ ਨੂੰ ਉਤਸ਼ਾਹਤ ਕਰਨ ਲਈ ਖੇਡਾਂ ਦੀ ਮਹੱਤਤਾ ਨੂੰ ਵੀ ਦਰਸਾਇਆ ਜਿਸ ਨਾਲ ਇਨ੍ਹਾਂ ਨੌਜਵਾਨਾਂ ਦੀ ਸ਼ਕਤੀ ਨੂੰ ਉਸਾਰੂ ਪਾਸੇ ਲਾਇਆ ਜਾ ਸਕਦਾ ਹੈ। ਸਾਬਕਾ ਆਈ.ਪੀ.ਐਸ. ਅਧਿਕਾਰੀ ਨੇ ਆਖਿਆ ਕਿ ਪੰਜਾਬ ਦੇ ਚਿਹਰੇ ਤੋਂ ਨਸ਼ਾਖੋਰੀ ਦਾ ਕਲੰਕ ਮਿਟਾ ਦੇਣ ਲਈ ਵਿੱਢੀ ਗਈ ਮੁਹਿੰਮ ਵਿੱਚ ਪ੍ਰਸ਼ਾਸਨ, ਪੁਲਿਸ, ਗੈਰ-ਸਰਕਾਰੀ ਸੰਸਥਾਵਾਂ ਅਤੇ ਸਿਵਲ ਸੋਸਾਇਟੀਆਂ ਸਰਗਰਮ ਰੋਲ ਅਦਾ ਕਰ ਸਕਦੀਆਂ ਹਨ।

ਇਸ ਉਪਰੰਤ ਸ਼੍ਰੀ ਬੇਦੀ ਨਾਲ ਵਿਚਾਰ-ਚਰਚਾ ਦੌਰਾਨ ਮੁੱਖ ਮੰਤਰੀ ਨੇ ਨਸ਼ਾ ਛੁਡਾਊ ਤੇ ਮੁੜ ਵਸੇਬੇ ਬਾਰੇ ਦਿੱਤੇ ਅਹਿਮ ਸੁਝਾਵਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਸੂਬਾ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਵਿੱਚ ਵਿੱਢੀ ਗਈ ਮੁਹਿੰਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਸ. ਬਾਦਲ ਨੇ ਉਨ੍ਹਾਂ ਨੂੰ ਦੱਸਿਆ ਕਿ ਇਸ ਵੇਲੇ ਸੂਬਾ ਸਰਕਾਰ ਦੀ ਸਭ ਤੋਂ ਮੁੱਖ ਤਰਜੀਹ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਦੀ ਇਸ ਭੈੜੀ ਅਲਾਮਤ ਤੋਂ ਬਚਾਉਣਾ ਹੈ ਅਤੇ ਉਨ੍ਹਾਂ ਨੂੰ ਇਹ ਪੂਰੀ ਆਸ ਹੈ ਕਿ ਆਉਂਦੇ ਡੇਢ ਸਾਲ ਵਿੱਚ ਪੰਜਾਬ ਵਿੱਚੋਂ ਨਸ਼ਿਆਂ ਦੀ ਲਾਹਨਤ ਦਾ ਖਾਤਮਾ ਕਰ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਆਪਣੇ ਪ੍ਰਮੁੱਖ ਸਕੱਤਰ ਸ਼੍ਰੀ ਐਸ.ਕੇ. ਸੰਧੂ ਅਤੇ ਸਿਹਤ ਵਿਭਾਗ ਦੀ ਪ੍ਰਮੁੱਖ ਸਕੱਤਰ ਸ਼੍ਰੀਮਤੀ ਵਿੰਨੀ ਮਹਾਜਨ ਨੂੰ ਆਖਿਆ ਕਿ ਸੂਬਾ ਸਰਕਾਰ ਵੱਲੋਂ ਨਸ਼ਾ ਛੁਡਾਊ ਤੇ ਮੁੜ ਵਸੇਬਾ ਬੋਰਡ ਦੀ ਸਥਾਪਨਾ ਵਿੱਚ ਸ਼੍ਰੀਮਤੀ ਬੇਦੀ ਵਲੋਂ ਰੱਖੇ ਸੁਝਾਵਾਂ ਨੂੰ ਸ਼ਾਮਲ਼ ਕੀਤਾ ਜਾਵੇ ਅਤੇ ਜ਼ਿਲ੍ਹਾ ਪੱਧਰ 'ਤੇ ਰਜਿਸਟਰਡ ਸੋਸਾਇਟੀਆਂ ਵਿੱਚ ਨਾਮੀਂ ਗੈਰ-ਸਰਕਾਰੀ ਸੰਸਥਾਵਾਂ ਅਤੇ ਸਿਵਲ ਸੋਸਾਇਟੀਆਂ ਦੇ ਨੁਮਾਇੰਦਿਆਂ ਦੀ ਮੈਂਬਰਸ਼ਿਪ ਵੀ ਯਕੀਨੀ ਬਣਾਈ ਜਾਵੇ।