arrow

ਸੁਖਬੀਰ ਨੇ ਗੌੜਾ ਨਾਲ ਮੁਲਾਕਾਤ ਕਰਕੇ ਪੰਜਾਬ ਲਈ ਕੋਲੇ ਦੀ ਨਿਰਵਿਘਨ ਸਪਲਾਈ ਮੰਗੀ

ਚੰਡੀਗੜ੍ਹ, 10 ਜੁਲਾਈ-

ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਇੱਥੇ ਰੇਲਵੇ ਮੰਤਰੀ ਸ੍ਰੀ ਡੀ.ਵੀ. ਸਦਾਨੰਦ ਗੌੜਾ ਨਾਲ ਵਿਸੇਸ਼ ਮੁਲਾਕਾਤ ਕਰਕੇ ਪੰਜਾਬ ਦੇ ਥਰਮਲ ਪਲਾਂਟਾਂ ਲਈ ਕੋਲੇ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ ਕਿਹਾ ਤਾਂ ਜੋ ਸੂਬੇ ਵਿਚ ਝੋਨੇ ਦੀ ਫਸਲ ਲਈ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾ ਸਕੇ।

ਬਾਦਲ, ਜਿਨ੍ਹਾਂ ਕੋਲ ਊਰਜਾ ਵਿਭਾਗ ਦਾ ਕਾਰਜਭਾਰ ਵੀ ਹੈ, ਨੇ ਕੇਂਦਰੀ ਕੋਲ ਫੀਲਡ ਤੋਂ ਵਾਧੂ ਕੋਲੇ ਦੀ ਅਲਾਟਮੈਂਟ ਦੀ ਰੁਕਾਵਟ ਰਹਿਤ ਸਪਲਾਈ ਦੀ ਮੰਗ ਉਠਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਵੱਲੋਂ ਕੋਲਾ ਮੰਤਰਾਲੇ ਕੋਲ ਇਹ ਮੁੱਦਾ ਉਠਾਏ ਜਾਣ ਤੋਂ ਬਾਅਦ ਕੋਲਾ ਮੰਤਰਾਲੇ ਨੇ ਪਹਿਲਾਂ ਹੀ ਪੰਜਾਬ ਲਈ ਵਾਧੂ ਕੋਲੇ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਉਪ ਮੁੱਖ ਮੰਤਰੀ ਜਿੰਨ੍ਹਾਂ ਨਾਲ ਇਸ ਮੁਲਾਕਾਤ ਸਮੇਂ ਸਕੱਤਰ ਊਰਜਾ ਸ੍ਰੀ ਅਨਿਰੁੱਧ ਤਿਵਾੜੀ ਅਤੇ ਪਾਵਰਕਾਮ ਦੇ ਚੇਅਰਮੈਨ ਸ੍ਰੀ ਕੇ.ਡੀ. ਚੌਧਰੀ ਵੀ ਹਾਜਰ ਸਨ, ਨੇ ਕੇਂਦਰੀ ਮੰਤਰੀ ਨੂੰ ਰੇਲ ਵੈਗਨਾਂ ਰਾਹੀਂ ਪੰਜਾਬ ਤੱਕ ਕੋਲੇ ਦੀ ਢੁਲਾਈ ਦੌਰਾਨ ਆਉਣ ਵਾਲੀਆਂ ਔਕੜਾਂ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਪੰਜਾਬ ਚੌਲਾਂ ਦਾ ਪ੍ਰਮੁੱਖ ਉਤਪਾਦਕ ਸੂਬਾ ਹੈ ਅਤੇ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਉਪਲਬੱਧ ਕਰਵਾਕੇ ਹੀ ਸੂਬੇ ਵਿਚ ਝੋਨੇ ਦੀ ਫਸਲ ਨੂੰ ਬਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੋਲੇ ਦੀ ਸਪਲਾਈ ਵਿਚ ਦੇਰੀ ਨਾਲ ਝੋਨੇ ਦੀ ਉਤਪਾਦਕਤਾ ਤੇ ਸਿੱਧਾ ਅਸਰ ਪਵੇਗਾ।

ਸ: ਬਾਦਲ ਨੇ ਕਿਹਾ ਕਿ ਝੋਨੇ ਦੀ ਲਵਾਈ ਅਤੇਮੌਨਸੂਨ ਵਿਚ ਦੇਰੀ ਹੋ ਜਾਣ ਕਾਰਨ ਸੂਬੇ ਲਈ ਆਉਣ ਵਾਲੇ 15 ਦਿਨਾਂ ਬਹੁਤ ਹੀ ਮੱਹਤਵਪੂਰਨ ਹਨ। ਇਸ ਲਈ ਪੰਜਾਬ ਨੂੰ ਬਿਨ੍ਹਾਂ ਦੇਰੀ ਸੂਬੇ ਨੂੰ ਅਲਾਟ ਕੋਲਾ ਪੁੱਜਦਾ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਨੂੰ ਲਹਿਰਾ ਅਤੇ ਬਠਿੰਡਾ ਦੇ ਥਰਮਲ ਪਲਾਂਟਾਂ ਲਈ ਵੀ ਵਾਧੂ ਕੋਲ ਲਿੰਕ ਲੋੜੀਂਦੇ ਹਨ ਅਤੇ ਰੇਲਵੇ ਕੋਲੇ ਦੀ ਸਮੇਂ ਸਿਰ ਕੋਲ ਖਾਨਾਂ ਤੋਂ ਥਰਮਲਾਂ ਤੱਕ ਸਪਲਾਈ ਨੂੰ ਯਕੀਨੀ ਬਣਾਏ।

ਰੇਲ ਬਜਟ ਵਿਚ ਪੰਜਾਬ ਨੂੰ ਨਵੀਂਆਂ ਗੱਡੀਆਂ ਜਿਸ ਵਿਚ ਦਿੱਲੀ-ਬਠਿੰਡਾ ਸਤਾਬਦੀ, ਸਹਰਸਾ-ਅੰਮ੍ਰਿਤਸਰ ਜਨ ਸਧਾਰਨ ਐਕਸਪ੍ਰੈਸ, ਨਾਗਪੁਰ-ਅੰਮ੍ਰਿਤਸਰ ਏ.ਸੀ. ਐਕਸਪ੍ਰੈਸ ਸਪਤਾਹਿਤਕ, ਫਿਰੋਜਪੁਰ ਚੰਡੀਗੜ੍ਹ ਐਕਸਪ੍ਰੈਸ ਅਤੇ ਦਿੱਲੀ-ਪਠਾਨਕੋਟ ਹਾਈ ਸਪੀਡ ਐਕਸਪ੍ਰੈਸ ਗੱਡੀਆਂ ਸ਼ਾਮਿਲ ਹਨ, ਦੇਣ ਲਈ ਰੇਲ ਮੰਤਰੀ ਦਾ ਧੰਨਵਾਦ ਕਰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀ ਯੂ.ਪੀ.ਏ. ਸਰਕਾਰ ਨੇ ਹਮੇਸ਼ਾ ਹੀ ਰੇਲ ਪ੍ਰੋਜੈਕਟਾਂ ਦੀ ਅਲਾਟਮੈਂਟ ਵਿਚ ਪੰਜਾਬ ਨਾਲ ਭੇਦਭਾਵ ਕੀਤਾ ਸੀ।

ਪੰਜਾਬ ਦੇ ਉਪ ਮੁੱਖ ਮੰਤਰੀ ਵੱਲੋਂ ਉਠਾਏ ਮੁੱਦਿਆਂ ਤੇ ਰੇਲ ਮੰਤਰੀ ਨੇ ਤੁਰੰਤ ਕਾਰਵਾਈ ਕਰਦਿਆਂ ਨਿਰਦੇਸ਼ ਜਾਰੀ ਕੀਤੇ ਕਿ ਪੰਜਾਬ ਨੂੰ ਰੇਲਵੇ ਰਾਹੀਂ ਕੋਲੇ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਈ ਜਾਵੇ। ਉਨ੍ਹਾਂ ਨੇ ਰੇਲ ਮੰਤਰਾਲੇ ਵੱਲੋਂ ਪੰਜਾਬ ਨੂੰ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ। ਉਨ੍ਹਾਂ ਸ੍ਰੀ ਡੀ.ਪੀ.ਪਾਂਡੇ ਮੈਂਬਰ ਟ੍ਰੈਫਿਕ ਨੂੰ ਮੌਕੇ ਤੇ ਹੀ ਕਿਹਾ ਕਿ ਇਸ ਮਸਲੇ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇ ਤਾਂ ਜੋ ਪੰਜਾਬ ਦੇ ਕਿਸਾਨਾਂ ਨੂੰ ਝੋਨੇ ਦੇ ਸੀਜਨ ਦੌਰਾਨ ਕੋਲੇ ਦੀ ਘਾਟ ਕਾਰਨ ਬਿਜਲੀ ਦੀ ਕਿਸੇ ਪ੍ਰਕਾਰ ਦੀ ਕਮੀ ਦਾ ਸਾਹਮਣਾ ਨਾ ਕਰਨਾ ਪਵੇ।