arrow

ਪੰਜਾਬ ਸਰਕਾਰ ਵਲੋਂ ਸ਼ਗਨ ਸਕੀਮ ਤਹਿਤ 26.39 ਕਰੋੜ ਰੁਪਏ ਦੀ ਰਾਸ਼ੀ ਜਾਰੀ

ਚੰਡੀਗੜ੍ਹ, 10 ਜੁਲਾਈ-

ਪੰਜਾਬ ਸਰਕਾਰ ਨੇ ਅਨੁਸੂਚਿਤ ਜਾਤੀਆਂ, ਈਸਾਈ ਬਰਾਦਰੀ,ਪਛੜੀਆਂ ਸ਼੍ਰੇਣੀਆਂ ਤੇ ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰਾਂ ਦੀਆਂ ਲੜਕੀਆਂ ਨੂੰ ਉਨ੍ਹਾਂ ਦੇ ਵਿਆਹ ਲਈ ਦਿੱਤੀ ਜਾਂਦੀ ਸ਼ਗਨ ਸਕੀਮ ਅਧੀਨ ਚਾਲੂ ਮਾਲੀ ਸਾਲ ਦੌਰਾਨ ਮਈ, 2014 ਤੱਕ 26.39 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ। ਸਗਨ ਸਕੀਮ ਅਧੀਨ ਸਾਲ 2012-13 ਦੌਰਾਨ 98.80 ਕਰੋੜ ਰੁਪਏ ਜਦਕਿ ਸਾਲ 2013-14 ਦੌਰਾਨ 152 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਜਿਸ ਵਿਚੋ 90 ਕਰੋੜ ਰੁਪਏ ਨਵੇ ਬਿਨੇਕਾਰਾਂ ਲਈ ਸਨ ਜਦਕਿ ਲੰਬਿਤ ਕੇਸਾਂ ਲਈ 62 ਕਰੋੜ ਰੁਪਏ ਰੱਖੇ ਗਏ ਸਨ।

 ਇਹ ਖੁਲਾਸਾ ਕਰਦਿਆਂ ਪੰਜਾਬ ਦੇ ਐਸ.ਸੀ./ਬੀ.ਸੀ. ਭਲਾਈ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਨੇ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਪਹਿਲਾਂ ਹੀ ਸਫਲਤਾ ਪੂਰਬਕ ਢੰਗ ਨਾਲ ਅਨੁਸੂਚਿਤ ਜਾਤੀਆਂ, ਪਛੜੀਆਂ ਸ਼੍ਰੇਣੀਆਂ, ਆਰਥਿਕ ਤੌਰ 'ਤੇ ਪੱਛੜੇ ਪਰਿਵਾਰਾਂ, ਈਸਾਈ ਬਰਾਦਰੀ ਅਤੇ ਕਿਸੇ ਵੀ ਜਾਤੀ ਦੀਆਂ ਵਿਧਵਾਵਾਂ ਦੀਆਂ ਲੜਕੀਆਂ ਦੇ ਵਿਆਹ ਸਮੇਂ ਅਤੇ ਅਨੁਸੂਚਿਤ ਜਾਤੀਆਂ ਦੀਆਂ ਵਿਧਵਾਵਾਂ/ਤਲਾਕਸ਼ੁਦਾ ਔਰਤਾਂ ਦੇ ਮੁੜ ਵਿਆਹ ਸਮੇਂ ਸ਼ਗਨ/ਵਿੱਤੀ ਸਹਾਇਤਾ 15000/- ਰੁਪਏ ਮੁਹੱਈਆ ਕਰਵਾਈ ਜਾ ਰਹੀ ਹੈ।

ਸ. ਰਣੀਕੇ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਹੁਣ ਇਹ ਫੈਸਲਾ ਲਿਆ ਹੈ ਕਿ ਸ਼ਗਨ ਸਕੀਮ ਦੀਆਂ ਸ਼ਰਤਾਂ ਪੂਰੀਆਂ ਕਰਨ ਵਾਲੇ ਯੋਗ ਪਰਿਵਾਰਾਂ ਵਲੋਂ ਲੜਕੀ ਦਾ ਵਿਆਹ ਨਿਸ਼ਚਿਤ ਹੋਣ 'ਤੇ 15 ਦਿਨ ਪਹਿਲਾਂ ਆਪਣੀ ਦਰਖਾਸਤ ਤਹਿਸੀਲ ਭਲਾਈ ਅਫਸਰ/ਜ਼ਿਲ੍ਹਾ ਭਲਾਈ ਅਫਸਰ ਵਿਖੇ ਦੇਣੀ ਹੋਵੇਗੀ ਤਾਂ ਜੋ ਵਿਆਹ ਹੋਣ ਤੋਂ ਪਹਿਲਾਂ-ਪਹਿਲਾਂ ਸ਼ਗਨ/ਵਿੱਤੀ ਸਹਾਇਤਾ ਦੀ ਰਾਸ਼ੀ ਬਿਨੈਕਾਰ ਦੇ ਬੈਂਕ ਖਾਤੇ ਵਿੱਚ ਭੇਜੀ ਜਾ ਸਕੇ।

ਉਨ੍ਹਾਂ ਅੱਗੇ ਦੱਸਿਆ ਕਿ ਇਸ ਸਕੀਮ ਅਧੀਨ ਜਿਹੜੇ ਬਿਨੈਕਾਰ ਲੜਕੀ ਦੇ ਵਿਆਹ ਦੀ ਮਿਤੀ ਤੋਂ ਪਹਿਲਾਂ ਅਪਲਾਈ ਕਰਨਗੇ, ਉਹੀ ਸ਼ਗਨ ਸਕੀਮ ਲਾਭ ਲੈਣ ਦੇ ਹੱਕਦਾਰ ਹੋਣਗੇ। ਉਨ੍ਹਾਂ ਦੱਸਿਆ ਕਿ ਸ਼ਗਨ ਸਕੀਮ ਤਹਿਤ ਵਿੱਤੀ ਸਹਾਇਤਾ ਬਿਨੈਕਾਰ ਦੇ ਬੈਂਕ ਖਾਤੇ ਵਿੱਚ ਆਨ ਲਾਈਨ ਬੈਂਕਿੰਗ ਮੈਨੇਜਮੈਂਟ ਸਿਸਟਮ ਰਾਹੀਂ ਭੇਜੀ ਜਾਵੇਗੀ। ਉਨ੍ਹਾਂ ਬਿਨੈਕਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਦਰਖਾਸਤ ਦੇਣ ਸਮੇਂ ਬੈਂਕ ਦਾ ਸਹੀ ਖਾਤਾ ਨੰਬਰ, ਬੈਂਕ ਬਰਾਂਚ ਦਾ ਨਾਂ ਅਤੇ ਆਈ. ਐਫ. ਐਸ. ਕੋਡ ਦੇਣਾ ਯਕੀਨੀ ਬਣਾਉਣ।