arrow

ਪੰਜਾਬ ਸਰਕਾਰ ਸਾਰੇ ਪਿੰਡਾਂ ਦੇ ਲੋਕਾਂ ਲਈ ਬਣਾਏਗੀ ਪਖਾਨੇ

ਚੰਡੀਗੜ੍ਹ, 10 ਜੁਲਾਈ-

ਪੰਜਾਬ ਸਰਕਾਰ ਵਲੋਂ ਪਿੰਡਾਂ ਵਿਚ ਰਹਿ ਰਹੇ ਪਰਿਵਾਰਾਂ ਲਈ ਸੈਨੀਟੇਸ਼ਨ ਸਹੂਲਤ ਨੂੰ ਹੁਲਾਰਾ ਦਿੰਦੇ ਹੋਏ ਮੁਫਤ ਪਖਾਨੇ ਬਣਾਉਣ ਲਈ 20 ਕਰੋੜ ਰੁਪਏ ਮੰਜੂਰ ਕੀਤੇ ਗਏ ਹਨ।

ਇਸ ਗੱਲ ਦੀ ਜਾਣਕਾਰੀ ਦਿੰਦਿਆਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਮਾਜ ਦੇ ਜਰੂਰਤਮੰਦ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਦੇ ਮਕਸਦ ਨਾਲ ਵਿਭਾਗ ਵਲੋਂ ਪਿੰਡਾਂ ਵਿਚ ਪਖਾਨੇ ਬਣਾਉਣ ਸਬੰਧੀ ਤਜਵੀਜ਼ ਸਰਕਾਰ ਵਲੋਂ ਪ੍ਰਵਾਨ ਕਰ ਦਿੱਤੀ ਗਈ ਹੈ।

ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵਲੋਂ ਰਾਜ ਦੇ ਪਿੰਡਾਂ ਵਿਚ 80689 ਪਖਾਨੇ ਤਿਆਰ ਕੀਤੇ ਜਾ ਚੁੱਕੇ ਹਨ ਜਿਨ੍ਹਾਂ 'ਤੇ 94.50 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਬੁਲਾਰੇ ਨੇ ਦੱਸਿਆ ਕਿ ਵਿਭਾਗ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਨੂੰ ਦਸੰਬਰ 2015 ਤੱਕ ਪਖਾਨਿਆਂ ਦੀਆਂ ਸੁਵਿਧਾਵਾਂ ਪ੍ਰਦਾਨ ਕਰਨ ਲਈ ਟੀਚਾ ਮਿਥਿਆ ਗਿਆ ਹੈ ਅਤੇ ਰਾਜ ਦੇ ਸਮੂਹ ਬਲਾਕ ਵਿਕਾਸ ਪੰਚਾਇਤ ਅਫਸਰਾਂ ਨੂੰ ਉਨ੍ਹਾਂ ਦੇ ਅਧੀਨ ਖੇਤਰ ਵਿਚ ਆਉਂਦੇ ਪਿੰਡਾਂ ਸਬੰਧੀ ਰਿਪੋਰਟ ਤਿਆਰ ਕਰਨ ਲਈ ਕਿਹਾ ਗਿਆ ਹੈ।

ਬੁਲਾਰੇ ਨੇ ਅੱਗੇ ਕਿਹਾ ਕਿ ਪਿੰਡਾਂ ਵਿਚ ਸਿਹਤ ਪੱਖੋਂ ਅਤੇ ਔਰਤਾਂ ਦੀ ਸੁਰੱਖਿਆ ਲਈ ਸੈਨੀਟੇਸ਼ਨ ਸਹੂਲਤਾਂ ਦਾ ਹੋਣਾ ਜ਼ਰੂਰੀ ਹੈ, ਬੁਲਾਰੇ ਨੇ ਅੱਗੇ ਕਿਹਾ ਕਿ ਬਲਾਕ ਵਿਕਾਸ ਪੰਚਾਇਤ ਅਫਸਰ ਆਪਣੀ ਨਿੱਜੀ ਨਿਗਰਾਨੀ ਹੇਠ ਪਖਾਨਿਆਂ ਦੀ ਵਧੀਆ ਉਸਾਰੀ ਕਰਾਉਣ ਨੂੰ ਯਕੀਨੀ ਬਣਾਉਣ।