arrow

ਗਰੀਬੀ ਤੋਂ ਤੰਗ ਆ ਕੇ 3 ਭੈਣਾਂ ਨੇ ਖਾਧਾ ਜ਼ਹਿਰ

2 ਦੀ ਮੌਤ; ਤੀਸਰੀ ਦੀ ਹਾਲਤ ਚਿੰਤਾਜਨਕ

ਗੁਰਦਾਸਪੁਰ , 9 ਜੁਲਾਈ-

ਗਰੀਬੀ ਤੋਂ ਤੰਗ ਆ ਕੇ 3 ਭੈਣਾਂ ਨੇ ਜ਼ਹਿਰ ਖਾ ਲਿਆ, ਜਿਸ ਕਾਰਨ ਦੋ ਭੈਣਾਂ ਦੀ ਤਾਂ ਮੌਤ ਹੋ ਗਈ, ਜਦਕਿ ਤੀਸਰੀ ਭੈਣ ਹਸਪਤਾਲ 'ਚ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੀ ਹੈ। ਸਰਹੱਦ ਪਾਰਲੇ ਸੂਤਰਾਂ ਅਨੁਸਾਰ ਪਿੰਡ ਬੂਰੇਵਾਲ ਨਿਵਾਸੀ ਲਿਆਕਤ ਅਲੀ ਜੋ ਕਿ ਸਬਜ਼ੀ ਵੇਚਦਾ ਹੈ, 10 ਬੱਚਿਆਂ ਦਾ ਪਿਓ ਹੈ। ਲਿਆਕਤ ਅਲੀ ਦੇ ਇਨ੍ਹਾਂ 10 ਬੱਚਿਆਂ 'ਚੋਂ ਸੱਤ ਲੜਕੀਆਂ ਹਨ ਅਤੇ ਤਿੰਨ ਲੜਕੇ ਹਨ।

ਇਨ੍ਹਾਂ ਸਾਰੇ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਵਿਚ ਉਸ ਦੀ ਆਮਦਨ ਪੂਰੀ ਨਹੀਂ ਪੈਂਦੀ ਸੀ, ਜਿਸ ਕਾਰਨ ਪਰਿਵਾਰ ਦੀਆਂ 3 ਵੱਡੀਆਂ ਲੜਕੀਆਂ ਰਜ਼ੀਆ (20), ਸੂਰਿਆ (18) ਅਤੇ ਸਾਫੀਆ (16) ਦਾ ਗਰੀਬੀ ਕਾਰਨ ਆਪਣੀ ਮਾਂ ਨਾਲ ਝਗੜਾ ਹੁੰਦਾ ਰਹਿੰਦਾ ਸੀ। ਬੀਤੀ ਰਾਤ ਵੀ ਇਨ੍ਹਾਂ ਤਿੰਨਾਂ ਲੜਕੀਆਂ ਦਾ ਆਪਣੀ ਮਾਂ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਜਦੋਂ ਝਗੜਾ ਹੋਇਆ ਤਾਂ ਲਿਆਕਤ ਅਲੀ ਘਰ 'ਚ ਨਹੀਂ ਸੀ। ਇਸ ਝਗੜੇ ਕਾਰਨ ਤਿੰਨਾਂ ਲੜਕੀਆਂ ਨੇ ਜ਼ਹਿਰ ਖਾ ਲਿਆ।

ਜ਼ਹਿਰ ਖਾਣ ਦੇ ਬਾਅਦ ਸਾਫੀਆ ਦੀ ਤਾਂ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਰਜ਼ੀਆ ਅਤੇ ਸੂਰਿਆ ਨੂੰ ਉਸ ਦੀ ਮਾਂ ਲੋਕਾਂ ਦੀ ਮਦਦ ਨਾਲ ਬੂਰੇਵਾਲਾ ਹਸਪਤਾਲ ਲਈ ਲੈ ਕੇ ਚੱਲ ਪਈ ਪਰ ਰਜ਼ੀਆ ਦੀ ਰਸਤੇ 'ਚ ਮੌਤ ਹੋ ਗਈ, ਜਦਕਿ ਸੂਰਿਆ ਅਜੇ ਵੀ ਹਸਪਤਾਲ 'ਚ ਜ਼ੇਰੇ ਇਲਾਜ ਹੈ।