arrow

ਰੇਲ ਬਜਟ ਵਿਕਾਸ ਮੁਖੀ ਤੇ ਮੁਸਾਫਿਰ ਪੱਖੀ- ਬਾਦਲ

ਚੰਡੀਗੜ੍ਹ , 9 ਜੁਲਾਈ-

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਸਾਲ 2014-15 ਲਈ ਕੇਂਦਰੀ ਰੇਲਵੇ ਬਜਟ ਤਜਵੀਜ਼ਾਂ ਦਾ ਸਵਾਗਤ ਕਰਦਿਆਂ ਇਸ ਬਜਟ ਨੂੰ ਵਿਕਾਸ ਮੁਖੀ ਤੇ ਮੁਸਾਫਿਰ ਪੱਖੀ ਕਰਾਰ ਦਿੱਤਾ, ਜਿਸ ਨਾਲ ਦੇਸ਼ ਵਿਚ ਸਰਵਪੱਖੀ ਵਿਕਾਸ ਤੇ ਖੁਸ਼ਹਾਲੀ ਨੂੰ ਹੁਲਾਰਾ ਮਿਲੇਗਾ।

ਕੇਂਦਰੀ ਰੇਲਵੇ ਮੰਤਰੀ ਡੀ. ਵੀ. ਸਦਾਨੰਦ ਗੌੜਾ ਵਲੋਂ ਪੇਸ਼ ਕੀਤੇ ਕੌਮੀ ਜਮਹੂਰੀ ਗੱਠਜੋੜ (ਐੱਨ. ਡੀ. ਏ.) ਦੇ ਪਲੇਠੇ ਰੇਲਵੇ ਬਜਟ ਵਿਚ 58 ਨਵੀਆਂ ਰੇਲ ਗੱਡੀਆਂ ਸ਼ੁਰੂ ਕਰਨ ਦੇ ਐਲਾਨ ਸੰਬੰਧੀ ਆਪਣੇ ਬਿਆਨ ਵਿਚ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਹੈ, ਜਿਸ ਨਾਲ ਭਾਰਤੀ ਰੇਲਵੇ ਪੱਕੇ ਪੈਰੀਂ ਵਿਕਾਸ ਦੀ ਪੱਟੜੀ 'ਤੇ ਆ ਜਾਵੇਗੀ। ਬਾਦਲ ਨੇ ਕਿਹਾ ਕਿ ਦੇਸ਼ ਵਿਚ ਬੁਲੇਟ ਟ੍ਰੇਨਾਂ ਸ਼ੁਰੂ ਕਰਨ ਦੇ ਐਲਾਨ ਪਿੱਛੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਸੋਚ ਹੈ, ਜਿਸ ਨਾਲ ਭਾਰਤ ਆਲਮੀ ਪੱਧਰ ਦੇ ਰੇਲਵੇ ਦੇ ਨਕਸ਼ੇ 'ਤੇ ਉੱਭਰੇਗਾ।

ਪੰਜਾਬ '5 ਨਵੀਆਂ ਰੇਲਾਂ ਸ਼ੁਰੂ ਹੋਣ 'ਤੇ ਬਾਦਲ ਨੇ ਕਿਹਾ ਕਿ ਇਹ ਰੇਲ ਗੱਡੀਆਂ ਸੂਬੇ ਵਿਚ ਵਪਾਰਕ ਸਰਗਰਮੀਆਂ ਨੂੰ ਹੁਲਾਰਾ ਦੇਣਗੀਆਂ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਮਹਿਲਾ ਮੁਸਾਫਿਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਰੇਲਵੇ ਵਿਚ 4000 ਮਹਿਲਾ ਕਾਂਸਟੇਬਲਜ਼ ਦੀ ਭਰਤੀ ਅਤੇ ਚੋਣਵੇਂ ਸਟੇਸ਼ਨ ਅਤੇ ਰੇਲ ਗੱਡੀਆਂ ਵਿਚ ਇੰਟਰਨੈੱਟ ਦੀ ਵਾਈ-ਫਾਈ ਸਹੂਲਤ ਦੇਣ ਦੇ ਸਲਾਹੁਣਯੋਗ ਫੈਸਲੇ ਲਏ ਹਨ। ਮੁੱਖ ਮੰਤਰੀ ਨੇ ਦੇਸ਼ ਭਰ ਵਿਚ ਪੰਜ ਤਖ਼ਤਾਂ ਨੂੰ ਜੋੜਨ ਵਾਲੀ ਵਿਸ਼ੇਸ਼ ਯਾਤਰੀ ਰੇਲ ਸ਼ੁਰੂ ਕਰਨ ਦੇ ਫੈਸਲੇ ਦਾ ਸੁਆਗਤ ਕੀਤਾ ਹੈ।