arrow

ਮੁੱਖ ਮੰਤਰੀ ਮੂਹਰੇ ਨਹੀਂ ਚੱਲੀ ਮੰਤਰੀਆਂ ਦੀ ਪੇਸ਼

ਚੰਡੀਗੜ੍ਹ , 9 ਜੁਲਾਈ-

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੰਤਰੀਆਂ ਵਲੋਂ ਸਕੱਤਰੇਤ ਵਿਚ ਆਪਣੇ ਦਫ਼ਤਰ ਵਿਚ ਹਫ਼ਤੇ ਵਿਚ 3 ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੈਠਣ ਦੇ ਟਾਈਮ ਟੇਬਲ ਵਿਚ ਬਦਲਾਅ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ।

ਭਰੋਸੇਯੋਗ ਸੂਤਰਾਂ ਅਨੁਸਾਰ ਅੱਜ ਦੀ ਬੈਠਕ ਵਿਚ ਕਈ ਮੰਤਰੀਆਂ ਨੇ ਟਾਈਮ ਟੇਬਲ ਵਿਚ ਬਦਲਾਅ ਦੀ ਮੰਗ ਚੁੱਕਦਿਆਂ ਮੁੱਖ ਮੰਤਰੀ ਨੂੰ ਗੁਹਾਰ ਲਗਾਈ ਸੀ ਕਿ ਸਾਰਾ ਦਿਨ ਦਫ਼ਤਰਾਂ 'ਚ ਬੈਠਣ ਕਾਰਨ ਉਨ੍ਹਾਂ ਦੇ ਹਲਕਿਆਂ ਦੀ ਅਣਦੇਖੀ ਹੁੰਦੀ ਹੈ। ਕਈਆਂ ਦਾ ਕਹਿਣਾ ਸੀ ਕਿ ਦਫ਼ਤਰ ਵਿਚ ਮੌਜੂਦਗੀ ਦਾ ਸਮਾਂ ਸਵੇਰੇ 9 ਵਜੇ ਦੀ ਥਾਂ 10 ਵਜੇ ਹੋਣਾ ਚਾਹੀਦਾ ਹੈ, ਕਿਉਂਕਿ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਵੀ ਐੱਮ.ਐੱਲ.ਏ. ਮਿਲਣ ਆ ਜਾਂਦੇ ਹਨ। ਮੁੱਖ ਮੰਤਰੀ ਨੇ ਇਸ ਮੰਗ ਨੂੰ ਨਕਾਰਦਿਆਂ ਕਿਹਾ ਕਿ ਮੰਤਰੀਆਂ ਨੂੰ ਚਾਹੀਦਾ ਹੈ ਕਿ  ਉਹ ਐੱਮ.ਐੱਲ.ਏਜ਼ ਨੂੰ ਵੀ ਆਪਣੇ ਨਾਲ ਦਫ਼ਤਰਾਂ ਵਿਚ ਹੀ ਲੈ ਆਉਣ।

ਕੁੱਝ ਹੋਰ ਮੰਤਰੀਆਂ ਨੇ ਕਿਹਾ ਕਿ ਦਫ਼ਤਰਾਂ ਵਿਚ ਬੈਠਣ ਦਾ ਪ੍ਰੋਗਰਾਮ ਸੋਮਵਾਰ ਦੀ ਬਜਾਏ ਜੇਕਰ ਮੰਗਲਵਾਰ ਤੋਂ ਸ਼ੁਰੂ ਹੋਵੇਗਾ ਤਾਂ ਬਹੁਤ ਸਹੂਲਤ ਹੋਵੇਗੀ, ਕਿਉਂਕਿ ਹਰ ਸ਼ਨੀਵਾਰ ਤੇ ਐਤਵਾਰ ਉਨ੍ਹਾਂ ਨੇ ਆਪਣੇ ਹਲਕੇ ਵਿਚ ਸਮਾਜਿਕ ਤੇ ਸਿਆਸੀ ਪ੍ਰੋਗਰਾਮਾਂ 'ਚ ਹਿੱਸਾ ਲੈਣਾ ਹੁੰਦਾ ਹੈ, ਜੋ ਦੇਰ ਰਾਤ ਤੱਕ ਚਲਦੇ ਹਨ ਤੇ ਸਵੇਰੇ ਉੱਠ ਕੇ ਚੰਡੀਗੜ੍ਹ ਲਈ ਰਵਾਨਾ ਹੋ ਕੇ ਸਮੇਂ ਸਿਰ ਦਫ਼ਤਰ ਵਿਚ ਪੁੱਜਣਾ ਮੁਸ਼ਕਿਲ ਹੋ ਜਾਂਦਾ ਹੈ।

ਪਰ ਬਾਦਲ ਨੇ ਇਕ ਨਾ ਸੁਣੀ ਤੇ ਕਿਹਾ ਕਿ ਉਨ੍ਹਾਂ ਵਲੋਂ ਮਿੱਥੇ ਪ੍ਰੋਗਰਾਮ ਤਹਿਤ ਹਰ ਮੰਤਰੀ ਨੂੰ ਆਪਣੇ ਦਫ਼ਤਰ ਵਿਚ ਸੋਮਵਾਰ, ਮੰਗਲਵਾਰ ਤੇ ਬੁੱਧਵਾਰ ਨੂੰ ਆਪਣੇ ਦਫ਼ਤਰ ਵਿਚ ਸਵੇਰੇ 9 ਜਾਂ ਸ਼ਾਮ 5 ਵਜੇ ਤੱਕ ਹਾਜ਼ਰ ਰਹਿਣਾ ਹੁੰਦਾ ਹੈ, ਵਿਚ ਕੋਈ ਬਦਲਾਅ ਨਹੀਂ ਹੋਵੇਗਾ। ਜੇਕਰ ਉਨ੍ਹਾਂ ਨੂੰ ਕਿਸੇ ਕਾਰਨ ਮੁੱਖ ਦਫ਼ਤਰ ਤੋਂ ਬਾਹਰ ਜਾਣਾ ਪੈਂਦਾ ਹੈ ਤਾਂ ਉਸਦੀ ਜਾਣਕਾਰੀ ਮੁੱਖ ਮੰਤਰੀ ਨੂੰ ਜ਼ਰੂਰ ਦਿੱਤੀ ਜਾਣੀ ਚਾਹੀਦੀ ਹੈ।

ਇਸ ਮੁੱਦੇ ਨੂੰ ਅੱਜ ਵੀ ਕੈਬਨਿਟ ਬੈਠਕ ਵਿਚ ਉਠਾਉਣ ਵਾਲਿਆਂ 'ਚ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਜੇਲ ਮੰਤਰੀ ਸੋਹਨ ਸਿੰਘ ਠੰਡਲ, ਪੇਂਡੂ ਵਿਕਾਸ ਮੰਤਰੀ ਸਿਕੰਦਰ ਸਿੰਘ ਮਲੂਕਾ, ਖੇਤੀ ਮੰਤਰੀ ਜਥੇਦਾਰ ਤੋਤਾ ਸਿੰਘ,  ਸਿੰਚਾਈ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਅਤੇ ਸਥਾਨਕ ਸਰਕਾਰਾਂ ਮੰਤਰੀ ਅਨਿਲ ਜੋਸ਼ੀ ਸ਼ਾਮਲ ਸਨ।