arrow

ਉਦਯੋਗਪਤੀਆਂ ਨੂੰ ਵੱਡੀ ਰਾਹਤ

ਚੰਡੀਗੜ੍ਹ, 9 ਜੁਲਾਈ-

ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪਾਵਰਕਾਮ ਦੇ ਐੱਮ. ਡੀ. ਨੂੰ ਕਿਹਾ ਹੈ ਕਿ ਉਹ ਉਦਯੋਗਪਤੀਆਂ ਦੀ ਸਹੂਲਤ ਲਈ ਇਕੋ ਇਮਾਰਤ ਜਾਂ ਪਲਾਟ ਅੰਦਰ ਸਥਿਤ ਇਕ ਤੋਂ ਵੱਧ ਉਤਪਾਦਨ ਯੂਨਿਟਾਂ ਨੂੰ ਇਕ ਤੋਂ ਵੱਧ ਬਿਜਲੀ ਕੁਨੈਕਸ਼ਨ ਦੇਣ ਲਈ ਨਿਯਮਾਂ ਵਿਚ ਲੋੜੀਂਦੀ ਸੋਧ ਕਰਨ ਤਾਂ ਜੋ ਉਦਯੋਗਪਤੀਆਂ ਨੂੰ ਕਿਸੇ ਕਿਸਮ ਦੀ ਬੋਲੇੜੀ ਪ੍ਰੇਸ਼ਾਨੀ ਨਾ ਹੋਵੇ।

ਬਾਦਲ ਨੇ ਨਾਲ ਹੀ ਐਲਾਨ ਕੀਤਾ ਕਿ ਉਹ ਹਰ ਸ਼ੁੱਕਰਵਾਰ ਨੂੰ ਵਪਾਰੀਆਂ ਦੀਆਂ ਐਸੋਸੀਏਸ਼ਨਾਂ ਨੂੰ ਮਿਲਿਆ ਕਰਨਗੇ।

ਅੱਜ ਇਥੇ ਲੁਧਿਆਣਾ ਦੇ ਚੈਂਬਰ ਆਫ ਇੰਡਸਟਰੀਅਲ ਐਂਡ ਕਾਮਰਸ ਅੰਡਰਟੇਕਿੰਗਜ਼ ਦੇ ਪ੍ਰਤੀਨਿਧੀਆਂ ਵਲੋਂ ਉਪ ਮੁੱਖ ਮੰਤਰੀ ਨਾਲ ਮੀਟਿੰਗ ਕਰਕੇ ਮੰਗ ਕੀਤੀ ਗਈ ਕਿ ਉਦਯੋਗ ਵਿਭਾਗ ਵਲੋਂ ਇਕੋ ਇਮਾਰਤ ਜਾਂ ਪਲਾਟ ਵਿਚ ਇਕ ਤੋਂ ਵਧੇਰੇ ਉਤਪਾਦਨ ਯੂਨਿਟ ਚਲਾਉਣ ਨੂੰ ਮਨਜ਼ੂਰੀ ਦਿੱਤੀ ਹੋਈ ਹੈ, ਜਦਕਿ ਪਾਵਰਕਾਮ ਵਲੋਂ ਇਸ ਨੂੰ ਬਿਜਲੀ ਦੀ ਗੈਰ-ਕਾਨੂੰਨੀ ਵਰਤੋਂ ਦੀ ਸ਼੍ਰੇਣੀ ਵਿਚ ਰੱਖਿਆ ਹੋਇਆ ਹੈ, ਜਿਸ ਕਾਰਨ ਉਦਯੋਗਪਤੀਆਂ ਨੂੰ ਕਈ ਵਾਰ ਵੱਡੇ ਜੁਰਮਾਨੇ ਭਰਨੇ ਪੈਂਦੇ ਹਨ।

ਬਾਦਲ ਨੇ ਉਦਯੋਗਪਤੀਆਂ ਦੀ ਮੰਗ 'ਤੇ ਪਾਵਰਕਾਮ ਦੇ ਚੇਅਰਮੈਨ ਕੇ. ਡੀ. ਚੌਧਰੀ ਨੂੰ ਕਿਹਾ ਕਿ ਉਹ ਇਕੋ ਪਲਾਟ ਅੰਦਰ ਦੋ ਵੱਖ-ਵੱਖ ਉਤਪਾਦਨ ਯੂਨਿਟਾਂ ਨੂੰ ਹੋਰ ਬਿਜਲੀ ਕੁਨੈਕਸ਼ਨ ਦੇਣ ਦੀ ਸਹੂਲਤ ਸੰਬੰਧੀ ਪ੍ਰਸਤਾਵ ਪੇਸ਼ ਕਰਨ ਤਾਂ ਜੋ ਇਨ੍ਹਾਂ ਨਿਯਮਾਂ ਵਿਚ ਲੋੜੀਂਦੀ ਸੋਧ ਕੀਤੀ ਜਾ ਸਕੇ।  ਵੈਟ ਰਿਫੰਡ ਦੇ ਮੁੱਦੇ 'ਤੇ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਸ ਲਈ ਵਿਸ਼ੇਸ਼ ਫੰਡ ਕਾਇਮ ਕੀਤਾ ਗਿਆ ਹੈ, ਜਿਸ ਵਿਚੋਂ ਵਪਾਰੀਆਂ ਨੂੰ ਲਗਾਤਾਰ ਵੈਟ ਵਾਪਸ ਦਿੱਤਾ ਜਾ ਰਿਹਾ ਹੈ।

ਮੀਟਿੰਗ ਦੌਰਾਨ ਮੁੱਖ ਤੌਰ 'ਤੇ ਸਿੰਚਾਈ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਮੁੱਖ ਮੰਤਰੀ ਦੇ ਸਲਾਹਕਾਰ ਮਹੇਸ਼ਇੰਦਰ ਸਿੰਘ ਗਰੇਵਾਲ, ਪਾਵਰਕਾਮ ਦੇ ਚੇਅਰਮੈਨ ਕੇ. ਡੀ. ਚੌਧਰੀ, ਚੈਂਬਰ ਦੇ ਪ੍ਰਧਾਨ ਅਤਵਾਰ ਸਿੰਘ, ਮਨਜੀਤ ਸਿੰਘ ਖਾਲਸਾ ਉਪ ਪ੍ਰਧਾਨ, ਅਤਵਾਰ ਸਿੰਘ ਭੋਗਰ ਉਪ ਪ੍ਰਧਾਨ, ਉਪਕਾਰ ਸਿੰਘ ਜਨਰਲ ਸਕੱਤਰ, ਸਟੀਲ ਟ੍ਰੇਡਰ ਐਸੋਸੀਏਸ਼ਨ ਦੇ ਪ੍ਰਧਾਨ ਯਸ਼ਪਾਲ ਗੁਪਤਾ, ਫੋਕਲ ਪੁਆਇੰਟ ਐਸੋਸੀਏਸ਼ਨਾਂ ਦੇ ਪ੍ਰਧਾਨ ਜੋਗਾ ਸਿੰਘ ਤੇ ਕੁਲਵਿੰਦਰ ਸਿੰਘ ਬੈਨੀਪਾਲ ਹਾਜ਼ਰ ਸਨ।