arrow

ਰੇਲਵੇ 'ਚ ਐਫ ਡੀ ਆਈ ਤੇ ਨਿੱਜੀ ਭਾਈਵਾਲੀ 'ਤੇ ਜ਼ੋਰ

ਨਵੀਂ ਦਿੱਲੀ, 9 ਜੁਲਾਈ –

ਸੰਸਦ ਵਿਚ ਪੇਸ਼ ਕੀਤੇ ਗਏ ਨਰਿੰਦਰ ਮੋਦੀ ਸਰਕਾਰ ਦੇ ਪਹਿਲੇ ਰੇਲ ਬਜਟ ਵਿਚ ਰੇਲਵੇ ਸੇਵਾਵਾਂ ਵਿਚ ਸੁਧਾਰ ਲਈ ਸਿੱਧੇ ਵਿਦੇਸ਼ੀ ਨਿਵੇਸ਼ ਸਮੇਤ ਵੱਡੀ ਪੱਧਰ 'ਤੇ ਨਿੱਜੀ ਨਿਵੇਸ਼ ਨੂੰ ਉਤਸ਼ਾਹਿਤ ਕਰਨ ਦਾ ਪ੍ਰਸਤਾਵ ਹੈ।

ਰੇਲ ਮੰਤਰੀ ਡੀ.ਵੀ ਸਦਾਨੰਦ ਗੌੜਾ ਵੱਲੋਂ ਪੇਸ਼ ਕੀਤੇ ਗਏ ਬਜਟ ਵਿਚ ਹੁਣ ਤੱਕ ਦੀ ਸਭ ਤੋਂ ਵੱਡੀ 65,445 ਕਰੋੜ ਰੁਪਏ ਦੀ ਖਰਚ ਯੋਜਨਾ ਦੀ ਤਜਵੀਜ਼ ਹੈ ਜੋ ਕਿ ਪਿਛਲੇ ਸਾਲ ਦੀ ਤੁਲਨਾ ਵਿਚ 9383 ਕਰੋੜ ਰੁਪਏ ਜਿਆਦਾ ਹੈ। ਹਾਲ ਹੀ ਵਿਚ ਵਧਾਏ ਕਿਰਾਏ- ਭਾੜੇ ਕਾਰਨ ਰੇਲ ਮੰਤਰੀ ਨੇ ਭਾਵੇਂ ਇਨ੍ਹਾਂ ਵਿਚ ਵਾਧਾ ਨਹੀਂ ਕੀਤਾ ਪਰੰਤੂ ਸੰਕੇਤ ਦਿੱਤਾ ਕਿ ਭਵਿੱਖ ਵਿਚ ਕਿਰਾਏ-ਭਾੜੇ ਵਿਚ ਹੋਰ ਵਾਧਾ ਕੀਤਾ ਜਾ ਸਕਦਾ ਹੈ।

ਰੇਲ ਮੰਤਰੀ ਨੇ 58 ਨਵੀਆਂ ਰੇਲ ਗੱਡੀਆਂ ਚਲਾਉਣ ਦਾ ਐਲਾਨ ਕੀਤਾ ਹੈ ਜਿਨ੍ਹਾਂ ਵਿਚ 5 ਜਨਸਧਾਰਨ, 5 ਪ੍ਰੀਮੀਅਮ,6 ਏ. ਸੀ ਐਕਸਪ੍ਰੈਸ, 27 ਐਕਸਪ੍ਰੈਸ ਤੇ 8 ਪਸੰਜਰ ਗੱਡੀਆਂ ਸ਼ਾਮਿਲ ਹਨ। ਇਸ ਤੋਂ ਇਲਾਵਾ 11 ਰੇਲ ਗੱਡੀਆਂ ਦੇ ਰੂਟ ਵਧਾਏ ਗਏ ਹਨ। ਪੰਜਾਬ ਲਈ 5 ਨਵੀਆਂ ਗੱਡੀਆਂ ਚਲਾਉਣ ਦੀ ਤਜਵੀਜ਼ ਰਖੀ ਗਈ ਹੈ ਜਿਨ੍ਹਾਂ ਵਿਚ ਨਵੀਂ ਦਿੱਲੀ-ਬਠਿੰਡਾ ਸ਼ਤਾਬਦੀ ਐਕਸਪ੍ਰੈਸ (ਹਫਤੇ 'ਚ ਦੋ ਵਾਰੀ) ਤੇ ਫਿਰੋਜਪੁਰ-ਚੰਡੀਗੜ੍ਹ ਐਕਸਪ੍ਰੈਸ (6 ਦਿਨ ਹਫਤੇ 'ਚ) ਵੀ ਸ਼ਾਮਿਲ ਹਨ। ਇਸ ਤੋਂ ਇਲਾਵਾ ਹਜੂਰ ਸਾਹਿਬ ਨਾਂਦੇੜ-ਬੀਕਾਂਨੇਰ ਐਕਸਪ੍ਰੈਸ (ਹਫਤਾਵਾਰੀ) ਗੱਡੀ ਚਲਾਈ ਜਾਵੇਗੀ।

ਰੇਲ ਮੰਤਰੀ ਨੇ ਮੁੰਬਈ-ਅਹਿਮਦਾਬਾਦ ਵਿਚਾਲੇ ਬੁਲਟ ਟਰੇਨ ਚਲਾਉਣ ਦਾ ਵੀ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਰੇਲਵੇ ਵੱਡੇ ਸ਼ਹਿਰਾਂ ਨੂੰ ਉੱਚ ਰਫਤਾਰ ਵਾਲੀਆਂ ਗੱਡੀਆਂ ਨਾਲ ਜੋੜੇਗਾ। ਉਨ੍ਹਾਂ ਨੇ ਹਾਈ ਸਪੀਡ ਗੱਡੀਆਂ ਲਈ ਇਕ ਵਿਸ਼ੇਸ਼ ਚੌਥਰਫਾ ਨੈੱਟਵਰਕ ਬਣਾਉਣ ਦਾ ਐਲਾਨ ਕੀਤਾ। ਇਸ ਪ੍ਰਾਜੈਕਟ ਦੀ ਸ਼ੁਰੂਆਤ ਲਈ 100 ਕਰੋੜ ਰੁਪਏ ਰਖੇ ਗਏ ਹਨ। 9 ਚੋਣਵੇਂ ਖੇਤਰਾਂ ਵਿਚ 160 ਤੋਂ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਗੱਡੀਆਂ ਚਲਾਉਣ ਦੀ ਤਜਵੀਜ ਬਜਟ ਦੀ ਇਕ ਹੋਰ ਵਿਸ਼ੇਸ਼ਤਾ ਹੈ। ਇਸ ਵਿਚ ਦਿੱਲੀ -ਚੰਡੀਗੜ੍ਹ ਰੂਟ ਵੀ ਸ਼ਾਮਿਲ ਹੈ।

ਬਜਟ ਪੇਸ਼ ਕਰਦਿਆਂ ਰੇਲਵੇ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਸਰਕਾਰ ਦੀ ਮਾਲਕੀ ਵਾਲੇ ਰੇਲਵੇ ਨੈੱਟਵਰਕ ਵਿਚ ਸਿੱਧੇ ਵਿਦੇਸ਼ੀ ਨਿਵੇਸ਼ ਲਈ ਕੈਬਨਿਟ ਕੋਲੋਂ ਪ੍ਰਵਾਨਗੀ ਲਵੇਗਾ ਪਰੰਤੂ ਯਾਤਰੀ ਸੇਵਾਵਾਂ ਨੂੰ ਸਿੱਧੇ ਵਿਦੇਸ਼ੀ ਨਿਵੇਸ਼ ਤੋਂ ਬਾਹਰ ਰਖਿਆ ਜਾਵੇਗਾ। ਉਨ੍ਹਾਂ ਨੇ 'ਪਬਲਿਕ ਪ੍ਰਾਈਵੇਟ ਪਾਰਟਨਰਸ਼ਿੱਪ' ਦਾ ਹਵਾਲਾ ਦਿੰਦਿਆਂ ਕਿਹਾ ਕਿ ਸਾਡੇ ਭਵਿੱਖ ਦੇ ਪ੍ਰਾਜੈਕਟ ਪੀ.ਪੀ.ਪੀ ਮਾਡਲ ਹੋਣਗੇ। ਰੇਲਵੇ ਮੰਤਰੀ ਨੇ ਕਿਹਾ ਕਿ ਮੇਰੇ 'ਤੇ ਵਿਸ਼ਵਾਸ਼ ਵਿਖਾਉਣ ਲਈ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧਨਵਾਦੀ ਹਾਂ ਤੇ ਮੈਂ ਆਪਣੀ ਜਿੰਮੇਵਾਰ ਨਿਭਾਉਣ ਦਾ ਵਾਅਦਾ ਕਰਦਾ ਹਾਂ।

ਉਨ੍ਹਾਂ ਕਿਹਾ ਕਿ ਰੇਲਵੇ ਹਰ ਸਾਲ ਇਕ ਅਰਬ ਟੱਨ ਮਾਲ ਦੀ ਢੋਆ ਢੁਆਈ ਕਰਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਵਿੱਤੀ ਸਾਲ ਦੇ ਸੋਧੇ ਅਨੁਮਾਨਾਂ ਅਨੁਸਾਰ 2013-14 ਵਿਚ ਖਰਚ ਵਧਿਆ ਹੈ। ਰੇਲਵੇ ਦੀ ਵਸੂਲੀ 1,39, 558 ਕਰੋੜ ਰੁਪਏ ਰਹੀ ਹੈ ਜੋ ਕਿ ਸੋਧੇ ਅਨੁਮਾਨ ਦੇ ਮੁਕਾਬਲੇ 942 ਕਰੋੜ ਰੁਪਏ ਘਟ ਹੈ। ਖਰਚ 1,30,320 ਕਰੋੜ ਰੁਪਏ ਹੋਇਆ ਹੈ। ਇਸ ਦਾ ਅਰਥ ਹੈ ਕਿ ਅਸੀਂ ਹਰ ਰੁਪਏ ਵਿਚੋਂ 95 ਪੈਸੇ ਖਰਚ ਕੀਤੇ ਹਨ। ਉਨ੍ਹਾਂ ਕਿਹਾ ਕਿ ਯਾਤਰੀ ਵਰਗ ਵਿਚ ਪ੍ਰਤੀ ਕਿਲੋਮੀਟਰ ਘਾਟਾ 23 ਪੈਸੇ ਹੈ। 2014-15 ਦੇ ਬਜਟ ਅਨੁਮਾਨਾਂ ਅਨੁਸਾਰ 1102 ਟੱਨ ਮਾਲ ਦੀ ਢੋਆਢੁਆਈ ਹੋਵੇਗੀ ਜੋ ਕਿ ਪਿਛਲੇ ਸਾਲ ਦੀ ਤੁਲਨਾ ਵਿਚ 51 ਮੀਟਰਕ ਟੱਨ ਜਿਆਦਾ ਹੈ। ਮਾਲ ਭਾੜੇ ਤੋਂ 1,05,770 ਕਰੋੜ ਰੁਪਏ ਆਮਦਨੀ ਦਾ ਅਨੁਮਾਨ ਹੈ।

ਯਾਤਰੀ ਰੇਲ ਗੱਡੀਆਂ ਦੀ ਆਮਦਨੀ 44,645 ਕਰੋੜ ਰੁਪਏ ਰਹਿਣ ਦਾ ਅਨੁਮਾਨ ਹੈ। ਇਸ ਸਾਲ ਦੌਰਾਨ ਕੁਲ ਵਸੂਲੀ 1,64,374 ਕਰੋੜ ਰੁਪਏ ਤੇ ਖਰਚ 1,49,176 ਕਰੋੜ ਰੁਪਏ ਰਹਿਣ ਦਾ ਅਨੁਮਾਨ ਹੈ। ਰੇਲਵੇ ਮੰਤਰੀ ਨੇ ਭਾਰਤੀ ਰੇਲਵੇ ਨੂੰ ਦਰੁਸਤ ਕਰਨ ਲਈ ਕੁਝ ਸਖਤ ਕਦਮ ਚੁੱਕੇ ਜਾਣ ਦੇ ਸੰਕੇਤ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਹੋਰ ਕਈ ਕਦਮ ਚੁੱਕਣ ਦੀ ਯੋਜਨਾ ਹੈ ਜਿਨ੍ਹਾਂ ਵਿਚੋਂ ਇਕ ਕਦਮ ਕਿਰਾਏ ਵਿਚ ਸੋਧ ਕਰਨਾ ਸੀ। ਜੋ ਇਕ ਸਖਤ ਕਦਮ ਸੀ ਪਰ ਜਰੂਰੀ ਸੀ। ਮੰਤਰੀ ਨੇ ਕਿਹਾ ਕਿ ਦਵਾਈ ਸ਼ੁਰੂ ਵਿਚ ਕੌੜੀ ਲੱਗਦੀ ਹੈ ਪਰੰਤੂ ਅੰਤ ਵਿਚ ਇਹ ਅੰਮ੍ਰਿਤ ਦਾ ਕੰਮ ਕਰਦੀ ਹੈ। ਉਨ੍ਹਾਂ ਕਿਹਾ ਕਿ ਕਿਰਾਏ ਵਿਚ ਵਾਧੇ ਨਾਲ ਤਕਰੀਬਨ 8000 ਕਰੋੜ ਦੀ ਹੋਰ ਆਮਦਨੀ ਹੋਵੇਗੀ

ਜਦ ਕਿ ਇਕੱਲੀ ਬੁਲਟ ਟਰੇਨ ਚਲਾਉਣ ਲਈ 60000 ਕਰੋੜ ਰੁਪਏ ਚਾਹੀਦੇ ਹਨ। ਇਸ ਤਰਾਂ ਹਾਈ ਸਪੀਡ ਗੱਡੀਆਂ ਵਾਸਤੇ ਨੈੱਟਵਰਕ ਲਈ 9 ਲੱਖ ਕਰੋੜ ਰੁਪਏ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪ੍ਰਸਤਾਵਿਤ ਪ੍ਰਾਜੈਕਟਾਂ ਲਈ ਪੈਸਾ ਸਮੇਂ ਸਿਰ ਦਿੱਤਾ ਜਾਵੇਗਾ ਤੇ 30 ਤਰਜੀਹੀ ਕੰਮਾਂ ਨੂੰ ਸਮੇਂ ਸਿਰ ਪੂਰਾ ਕਰਨ ਵਾਸਤੇ ਲੋੜੀਂਦੇ ਪੈਸੇ ਦੀ ਵਿਵਸਥਾ ਕੀਤੀ ਜਾਵੇਗੀ। ਸ਼੍ਰੀ ਗੌੜਾ ਨੇ ਕਿਹਾ ਕਿ ਯਾਤਰੀਆਂ ਦੀ ਸੁਰਖਿਆ ਅਹਿਮ ਹੈ ਤੇ ਇਹ ਅਨੁਮਾਨ ਹੈ ਕਿ ਲਾਈਨਾਂ ਦੇ ਨਵੀਨੀਕਰਨ ਲਈ 40,000 ਕਰੋੜ ਰੁਪਏ ਦੀ ਲੋੜ ਪਵੇਗੀ। ਬਜਟ ਵਿਚ ਰੇਲਵੇ ਦੇ ਪੁਲਾਂ ਲਈ 1785 ਕਰੋੜ ਰੁਪਏ ਰਖੇ ਗਏ ਹਨ। ਰੋਜ਼ਾਨਾ 2.30 ਕਰੋੜ ਮੁਸਾਫਿਰਾਂ ਨੂੰ ਇਕ ਥਾਂ ਤੋਂ ਦੂਜੀ ਥਾਂ 'ਤੇ ਲਿਜਾਣ ਵਾਲਾ ਭਾਰਤੀ ਰੇਲਵੇ ਇਸ ਵਾਰ ਦੇ ਬਜਟ 'ਚ ਆਪਣੇ ਮੁਸਾਫਿਰਾਂ ਲਈ ਕੀ ਕੁਝ ਲੈ ਕੇ ਆਇਆ ਹੈ।

ਸਟੇਸ਼ਨ 'ਤੇ ਮਿਲਣ ਵਾਲੀਆਂ ਸੁਵਿਧਾਵਾਂ

ਹਰ ਅਹਿਮ ਸਟੇਸ਼ਨ 'ਤੇ ਏਸਕੀਲੇਟਰ ਲਿਫਟ, ਫੁਟ ਓਵਰ ਬ੍ਰਿਜ ਦੀਆਂ ਸਹੂਲਤਾਂ ਤੋਂ ਇਲਾਵਾ ਬਜ਼ੁਰਗਾਂ ਅਤੇ ਅੰਗਹੀਣਾਂ ਲਈ ਬੈਟਰੀ ਨਾਲ ਚੱਲਣ ਵਾਲੀਆਂ ਕਾਰਾਂ, ਫੂਡ ਕੋਰਟ, ਸੀ. ਸੀ. ਟੀ. ਵੀ., ਪੀਣ ਵਾਲਾ ਆਰ. ਓ. ਪਾਣੀ, ਪਾਰਕਿੰਗ ਅਤੇ ਪਲੇਟਫਾਰਮ ਲਈ ਇਕੋ ਟਿਕਟ ਵਰਗੀਆਂ ਸੁਵਿਧਾਵਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ।

ਰੇਲ ਟਿਕਟ ਲੈਣਾ ਹੋਵੇਗਾ ਸੌਖਾ

ਇੰਟਰਨੈੱਟ ਰਾਹੀਂ ਹੁਣ ਨਾ ਸਿਰਫ ਰਿਜ਼ਰਵ ਟਿਕਟਾਂ ਹਾਸਲ ਕੀਤੀਆਂ ਜਾ ਸਕਦੀਆਂ ਹਨ, ਸਗੋਂ ਬਿਨਾਂ ਰਿਜ਼ਰਵੇਸ਼ਨ ਅਤੇ ਪਲੇਟਫਾਰਮ ਟਿਕਟਾਂ ਵੀ ਲਈਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਮੌਜੂਦਾ ਹਾਲਾਤ 'ਚ ਇਕ ਮਿੰਟ '2000 ਟਿਕਟਾਂ ਦੇਣ ਵਾਲੇ ਈ-ਟਿਕਟਿੰਗ ਨੂੰ ਹੁਣ ਇਕ ਮਿੰਟ '7200 ਟਿਕਟਾਂ ਦੇਣ ਦੇ ਸਮਰੱਥ ਬਣਾਇਆ ਜਾਵੇਗਾ।

ਮਹਿਲਾਵਾਂ ਦੀ ਸੁਰੱਖਿਆ

ਮਹਿਲਾਵਾਂ ਦੀ ਸੁਰੱਖਿਆ ਲਈ 4000 ਔਰਤਾਂ ਕਾਂਸਟੇਬਲਾਂ ਦੀ ਭਰਤੀ ਕੀਤੀ ਜਾਵੇਗੀ, ਜਿਨ੍ਹਾਂ ਨੂੰ ਮੁਸ਼ਕਿਲ ਵੇਲੇ ਮੁਸਾਫਿਰਾਂ ਦੀ ਮਦਦ ਲਈ ਮੋਬਾਈਲ ਫੋਨ ਵੀ ਦਿੱਤੇ ਜਾਣਗੇ। ਬਿਨਾਂ ਵਿਅਕਤੀ ਵਾਲੇ ਫਾਟਕਾਂ ਨੂੰ ਖਤਮ ਕੀਤਾ ਜਾਵੇਗਾ ਅਤੇ ਤਜਰਬੇ ਦੇ ਤੌਰ 'ਤੇ ਗੱਡੀ ਚੱਲਣ 'ਤੇ ਆਪਣੇ-ਆਪ ਦਰਵਾਜ਼ੇ ਬੰਦ ਹੋਣ ਵਾਲੀ ਰੇਲ ਗੱਡੀ ਵੀ ਚਲਾਈ ਜਾਵੇਗੀ।

ਸਾਫ਼-ਸਫ਼ਾਈ

ਸਾਫ-ਸਫਾਈ ਨੂੰ ਬਜਟ ਦਾ ਅਹਿਮ ਹਿੱਸਾ ਬਣਾਉਂਦਿਆਂ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਦੇ ਬਜਟ '40 ਫੀਸਦੀ ਵਾਧਾ ਕੀਤਾ ਗਿਆ ਹੈ। ਨਾ ਸਿਰਫ ਸਾਫ਼-ਸਫ਼ਾਈ ਸਗੋਂ ਖਾਣੇ ਦੀ ਕਵਾਲਿਟੀ 'ਤੇ ਵੀ ਖਾਸਾ ਧਿਆਨ ਦਿੱਤਾ ਜਾਵੇਗਾ। ਖਾਣਾ ਵਧੀਆ ਨਾ ਹੋਣ 'ਤੇ ਲਾਇਸੰਸ ਰੱਦ ਕੀਤਾ ਜਾ ਸਕਦਾ ਹੈ। ਪਾਇਲਟ ਪ੍ਰਾਜੈਕਟ ਵਜੋਂ ਨਵੀਂ ਦਿੱਲੀ-ਅੰਮ੍ਰਿਤਸਰ ਅਤੇ ਨਵੀਂ ਦਿੱਲੀ-ਜੰਮੂ ਤਵੀ ਸਟੇਸ਼ਨਾਂ 'ਤੇ ਫੂਡ ਕੋਰਟ ਦੀ ਸਥਾਪਨਾ ਕੀਤੀ ਜਾਵੇਗੀ।

ਰੇਲਵੇ ਯੂਨੀਵਰਸਿਟੀ

ਰੇਲ ਮੰਤਰੀ ਨੇ ਤਕਨੀਕੀ ਅਤੇ ਗ਼ੈਰ-ਤਕਨੀਕੀ ਵਿਸ਼ਿਆਂ ਬਾਰੇ ਰੇਲਵੇ ਯੂਨੀਵਰਸਿਟੀ ਸਥਾਪਿਤ ਕਰਨ ਦਾ ਵਾਅਦਾ ਕੀਤਾ ਹੈ। ਇਸ ਤੋਂ ਇਲਾਵਾ ਗਰੈਜੂਏਸ਼ਨ ਅਤੇ ਹੁਨਰ ਵਿਕਾਸ ਲਈ ਰੇਲਵੇ ਸਬੰਧਿਤ ਵਿਸ਼ੇ ਸ਼ੁਰੂ ਕਰਵਾਉਣ ਲਈ ਤਕਨੀਕੀ ਸੰਸਥਾਵਾਂ ਨਾਲ ਵੀ ਰਾਬਤਾ ਕਰੇਗਾ। ਕੁਝ ਰੇਲ ਗੱਡੀਆਂ 'ਚ ਪੈਸੇ ਦੇ ਕੇ ਕੰਪਿਊਟਰ ਵਰਕ ਸਟੇਸ਼ਨ ਦੀ ਸਹੂਲਤ ਵੀ ਹਾਸਲ ਕੀਤੀ ਜਾ ਸਕਦੀ ਹੈ। ਆਪਣੇ ਪਹਿਲੇ ਰੇਲ ਬਜਟ 'ਚ ਅੰਤਰਰਾਸ਼ਟਰੀ ਪੱਧਰ ਦੇ ਰੇਲਵੇ ਸਟੇਸ਼ਨ ਅਤੇ ਰੇਲ ਗੱਡੀਆਂ ਦਾ ਖਾਕਾ ਖਿੱਚਣ ਵਾਲੇ ਸਦਾਨੰਦ ਗੌੜਾ ਰੇਲਵੇ ਨੂੰ ਸਿਰਫ 'ਸੇਵਾ' ਦਾ ਜ਼ਰੀਆ ਹੀ ਨਹੀਂ, ਸਗੋਂ ਮੁਨਾਫੇ ਦਾ ਸਾਧਨ ਵੀ ਬਣਾਉਣਾ ਚਾਹੁੰਦੇ ਹਨ। ਸ੍ਰੀ ਗੌੜਾ ਨੇ ਕਿਹਾ ਕਿ ਫਿਲਹਾਲ ਜੇ ਰੇਲਵੇ 1 ਰੁਪਏ ਦੀ ਆਮਦਨ ਕਰਦੀ ਹੈ ਤਾਂ ਉਸ 'ਚੋਂ 94 ਪੈਸੇ ਖਰਚ ਹੋ ਜਾਂਦੇ ਹਨ ਅਤੇ 6 ਪੈਸੇ 'ਚ ਇਹ ਸਾਰੀਆਂ ਸੁਵਿਧਾਵਾਂ ਹਾਸਲ ਨਹੀਂ ਹੋ ਸਕਦੀਆਂ। ਨਾ ਹੀ ਉਹ ਇਸ ਰੇਲ ਸੁਧਾਰ ਦਾ ਸਾਰਾ ਭਾਰ ਕਿਰਾਏ ਵਧਾ ਕੇ ਜਨਤਾ 'ਤੇ ਪਾਉਣਾ ਚਾਹੁੰਦੇ ਹਨ। ਪਿਛਲੇ 30 ਸਾਲਾਂ 'ਚ ਸ਼ੁਰੂ ਕੀਤੇ 630 ਪ੍ਰਾਜੈਕਟਾਂ 'ਚੋਂ ਸਿਰਫ 370 ਪ੍ਰਾਜੈਕਟ ਹੀ ਹਾਲੇ ਤੱਕ ਪੂਰੇ ਹੋ ਪਾਏ ਹਨ ਅਤੇ ਬਾਕੀ ਪ੍ਰਾਜੈਕਟਾਂ ਦੇ ਪੂਰੇ ਕਰਨ ਦਾ ਜ਼ਿੰਮਾ ਵੀ ਸਰਕਾਰ 'ਤੇ ਹੈ। ਸ੍ਰੀ ਗੌੜਾ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ 100 ਫੀਸਦੀ ਆਮਦਨ ਐਡਵਾਂਸ 'ਚ ਮਿਲਣ ਦੇ ਬਾਵਜੂਦ ਰੇਲਵੇ ਘਾਟੇ 'ਚ ਚੱਲ ਰਿਹਾ ਹੈ।

ਹੁਣ ਡਾਕਘਰਾਂ ਤੋਂ ਵੀ ਮਿਲੇਗੀ ਰੇਲ ਟਿਕਟ

ਨਵੀਂ ਦਿੱਲੀ- ਰੇਲ ਗੱਡੀ ਵਿਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਆਪਣਾ ਟਿਕਟ ਬੁਕ ਕਰਵਾਉਣ ਲਈ ਰੇਲਵੇ ਸਟੇਸ਼ਨ ਜਾਣ ਦੀ ਜਰੂਰਤ ਨਹੀਂ ਹੈ। ਹੁਣ ਤੁਸੀਂ ਘਰ ਦੇ ਨੇੜੇ ਕਿਸੇ ਵੀ ਡਾਕਖਾਨੇ ਤੋਂ ਰੇਲ ਗੱਡੀ ਦਾ ਟਿਕਟ ਬੁਕ ਕਰਵਾ ਸਕੋਗੇ। ਪਲੇਟਫਾਰਮ ਟਿਕਟ ਲੈਣ ਲਈ ਵੀ ਸਟੇਸ਼ਨ ਜਾਣ ਦੀ ਲੋੜ ਨਹੀਂ ਪਵੇਗੀ। ਤੁਸੀਂ ਇੰਟਰਨੈਟ ਤੋਂ ਪਲੇਟਫਾਰਮ ਟਿਕਟ ਲੈ ਸਕੋਗੇ। ਗੈਰ-ਰਾਖਵਾਂਕਰਨ ਟਿਕਟ ਲਈ ਵੀ ਟਿਕਟ ਖਿੜਕੀ 'ਤੇ ਲੰਬੀ ਕਤਾਰ ਵਿਚ ਲੱਗਣ ਦੀ ਲੋੜ ਨਹੀਂ ਹੈ। ਤੁਸੀਂ ਇੰਟਰਨੈਟ ਨਾਲ ਗੈਰ-ਰਾਖਵੀਂ ਟਿਕਟ ਬੁਕ ਕਰਵਾ ਸਕਦੇ ਹੋ। ਹੁਣ ਤੁਸੀਂ ਰਿਟਾਇਰਿੰਗ ਰੂਮ ਦੀ ਆਨ ਲਾਈਨ ਬੁਕਿੰਗ ਕਰਵਾ ਸਕੋਗੇ। ਮੋਦੀ ਸਰਕਾਰ ਵੱਲੋਂ ਪੇਸ਼ ਕੀਤੇ ਰੇਲ ਬਜਟ ਵਿਚ ਉਕਤ ਐਲਾਨ ਕੀਤੇ ਗਏ। ਰੇਲ ਮੰਤਰੀ ਸਦਾਨੰਦ ਗੌੜਾ ਨੇ ਕਿਹਾ ਕਿ ਈ-ਟਿਕਟਿੰਗ ਪ੍ਰਣਾਲੀ ਸ਼ੁਰੂ ਕਰਕੇ ਰੇਲਵੇ ਰਾਖਵਾਂਕਰਨ ਪ੍ਰਣਾਲੀ ਵਿਚ ਸੁਧਾਰ ਕੀਤਾ ਜਾਵੇਗਾ। ਮੋਬਾਈਲ ਫੋਨ ਤੇ ਡਾਕਘਰਾਂ ਜ਼ਰੀਏ ਟਿਕਟ ਬੁਕਿੰਗ ਨੂੰ ਪ੍ਰਚਲਿਤ ਕੀਤਾ ਜਾਵੇਗਾ। ਸਿੱਕੇ ਪਾ ਕੇ ਚੱਲਣ ਵਾਲੀਆਂ ਆਟੋਮੈਟਿਕ ਟਿਕਟ ਵੈਡਿੰਗ ਮਸ਼ੀਨਾਂ ਦੀ ਸਹੂਲਤ ਦਾ ਪ੍ਰੀਖਣ ਵੀ ਕੀਤਾ ਜਾਵੇਗਾ। ਪਾਰਕਿੰਗ ਦਾ ਟਿਕਟ ਪਲੇਟਫਾਰਮ ਲਈ ਵੀ ਕੰਮ ਕਰੇਗਾ।

ਪਾਰਕਿੰਗ ਦਾ ਟਿਕਟ ਪਲੇਟਫਾਰਮ ਦਾ ਕੰਮ ਵੀ ਕਰੇਗਾ

ਰਿਸ਼ਤੇਦਾਰਾਂ ਨੂੰ ਛੱਡਣ ਜਾਂ ਕਿਸੇ ਹੋਰ ਕੰਮ ਤੁਸੀਂ ਰੇਲਵੇ ਸਟੇਸ਼ਨ ਜਾਂਦੇ ਹੋ ਤਾਂ ਤੁਹਾਨੂੰ ਪਲੇਟਫਾਰਮ ਦੇ ਇਲਾਵਾ ਵੱਖਰਾ ਟਿਕਟ ਵੀ ਲੈਣਾ ਪੈਂਦਾ ਹੈ ਪਰ ਹੁਣ ਪਾਰਕਿੰਗ ਅਤੇ ਪਲੇਟਫਾਰਮ ਲਈ ਇਕੋ ਟਿਕਟ ਹੋਵੇਗਾ। ਯਾਤਰੀਆਂ ਦੀ ਸਹੂਲਤ ਤੇ ਉਨ੍ਹਾਂ ਦਾ ਸਮਾਂ ਬਚਾਉਣ ਲਈ 'ਪਾਰਕਿੰਗ-ਸਹਿ-ਪਲੇਟਫਾਰਮ ਕੰਬੋ ਟਿਕਟ' ਸ਼ੁਰੂ ਕੀਤੀ ਜਾਵੇਗੀ।

ਰੇਲ ਬਜਟ ਨੂੰ ਮਿਲਿਆ-ਜੁਲਿਆ ਹੁੰਗਾਰਾ

ਨਵੀਂ ਦਿੱਲੀ-ਕੇਂਦਰੀ ਰੇਲ ਮੰਤਰੀ ਸਦਾਨੰਦ ਗੌੜਾ ਵੱਲੋਂ ਪੇਸ਼ ਕੀਤੇ ਰੇਲ ਬਜਟ ਨੂੰ ਰਲਿਆ-ਮਿਲਿਆ ਹੁੰਗਾਰਾ ਮਿਲਿਆ ਹੈ। ਜਿਥੇ ਸਰਕਾਰ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਇਸ ਬਜਟ ਨੂੰ ਸੰਤੁਲਿਤ ਅਤੇ ਲੋਕ ਪੱਖੀ ਬਜਟ ਕਰਾਰ ਦੇ ਰਹੀਆਂ ਹਨ ਉਥੇ ਵਿਰੋਧੀ ਧਿਰ ਇਸ ਨੂੰ ਇਸ ਖੇਤਰ 'ਚ ਵਿਦੇਸ਼ੀ ਨਿਵੇਸ਼ ਦੀ ਆਮਦ ਲਈ ਤਿਆਰ ਕੀਤਾ ਮੰਚ ਮੰਨ ਰਹੀ ਹੈ।

ਸਾਲਾਂ ਦੀ ਮੰਗ ਅੱਜ ਪੂਰੀ ਹੋਈ-ਹਰਸਿਮਰਤ

ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਸ ਨੂੰ ਇਕ ਸੰਤੁਲਿਤ ਬਜਟ ਦੱਸਿਆ, ਜਿਸ 'ਚ ਕਿਸੇ ਰਾਜ ਨੂੰ ਕੋਈ ਤਰਜੀਹ ਨਹੀਂ ਦਿੱਤੀ ਗਈ। ਨਵੀਆਂ ਰੇਲ ਗੱਡੀਆਂ 'ਚ ਪੰਜਾਬ ਨੂੰ ਮਿਲੇ ਵਿਸ਼ੇਸ਼ ਪੈਕੇਜ਼ 'ਤੇ ਰੇਲ ਮੰਤਰੀ ਦਾ ਧੰਨਵਾਦ ਕਰਦਿਆਂ ਸ੍ਰੀਮਤੀ ਬਾਦਲ ਨੇ ਕਿਹਾ ਪਿਛਲੇ 10 ਸਾਲਾਂ ਤੋਂ ਪੰਜਾਬ ਨਾਲ ਮਤਰੇਵਾਂ ਵਿਵਹਾਰ ਹੋਣ ਤੋਂ ਬਾਅਦ ਪਹਿਲੀ ਵਾਰ ਸਰਕਾਰ ਨੇ ਪੰਜਾਬ ਨਾਲ ਨਰਮ ਰਵੱਈਆ ਅਪਣਾਇਆ ਹੈ। ਉਨ੍ਹਾਂ ਹਫ਼ਤੇ 'ਚ ਦੋ ਵਾਰ ਚੱਲਣ ਵਾਲੀ ਨਵੀਂ ਦਿੱਲੀ ਤੋਂ ਬਠਿੰਡਾ ਲਈ ਨਵੀਂ ਸ਼ਤਾਬਦੀ 'ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਸਾਲਾਂ ਦੀ ਮੰਗ ਅੱਜ ਪੂਰੀ ਹੋਈ ਹੈ।

ਰੇਲ ਬਜਟ ਲੋਕ ਪੱਖੀ-ਚੰਦੂਮਾਜਰਾ

ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਰੇਲ ਬਜਟ ਦਾ ਸਵਾਗਤ ਕਰਦਿਆਂ ਇਸ ਨੂੰ ਵਿਕਾਸ-ਪੱਖੀ ਬਜਟ ਦੱਸਿਆ, ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਸਿੱਖਾਂ ਦੇ ਪੰਜੇ ਤਖ਼ਤਾਂ ਨੂੰ ਜੋੜਨ ਲਈ ਵੀ ਰੇਲਵੇ ਸੰਪਰਕ ਦੀ ਸਥਾਪਨਾ ਕੀਤੀ ਜਾਵੇ।

ਰੇਲਵੇ ਵੱਲੋਂ ਵਪਾਰੀਆਂ ਤੇ ਬਜ਼ੁਰਗਾਂ ਨੂੰ ਤੋਹਫ਼ਾ

ਨਵੀਂ ਦਿੱਲੀ- ਹੁਣ ਰੇਲ ਗੱਡੀ ਵਿਚ ਬੈਠੇ ਹੋਏ ਵੀ ਤੁਸੀਂ ਆਪਣੇ ਵਪਾਰ ਦੀ ਦੇਖ-ਰੇਖ ਕਰ ਸਕਦੇ ਹੋ। ਇਸ ਦੇ ਲਈ ਰੇਲ ਗੱਡੀਆਂ ਵਿਚ ਜਲਦੀ ਹੀ 'ਵਰਕ ਸਟੇਸ਼ਨਾਂ' ਦੀ ਵਿਵਸਥਾ ਕੀਤੀ ਜਾਵੇਗੀ। ਰੇਲ ਮੰਤਰੀ ਸਦਾਨੰਦ ਗੌੜਾ ਨੇ ਕਿਹਾ ਕਿ ਰੇਲ ਗੱਡੀ ਵਿਚ ਵੱਡੀ ਗਿਣਤੀ ਵਿਚ ਵਪਾਰੀ ਸਫ਼ਰ ਕਰਦੇ ਹਨ ਤੇ ਸਫਰ ਦੌਰਾਨ ਸਮਾਂ ਵੀ ਲੱਗਦਾ ਹੈ। ਇਸ ਦੇ ਚੱਲਦਿਆਂ ਜਲਦੀ ਹੀ ਇਕ ਪਾਇਲਟ ਯੋਜਨਾ ਸ਼ੁਰੂ ਕੀਤੀ ਜਾਵੇਗੀ ਜਿਸ ਦੇ ਤਹਿਤ ਨਿਸ਼ਚਿਤ ਫੀਸ ਦੇ ਕੇ ਕੁਝ ਚੋਣਵੀਆਂ ਗੱਡੀਆਂ ਵਿਚ ਦਫ਼ਤਰ ਵਰਗੀਆਂ ਸਹੂਲਤਾਂ ਮਿਲਣਗੀਆਂ। ਇਸ ਦੇ ਨਾਲ ਜ਼ਰੂਰਤਮੰਦਾਂ ਤੇ ਬੁਜ਼ਰਗ ਵਿਅਕਤੀਆਂ ਦੀ ਮਦਦ ਲਈ ਬੈਟਰੀ ਨਾਲ ਚੱਲਣ ਵਾਲਾ ਵਹੀਕਲ ਮੁਹੱਈਆ ਕਰਵਾਇਆ ਜਾਵੇਗਾ।

ਰੇਲਵੇ '4 ਹਜ਼ਾਰ ਔਰਤ ਕਾਂਸਟੇਬਲਾਂ ਦੀ ਹੋਵੇਗੀ ਭਰਤੀ

ਨਵੀਂ ਦਿੱਲੀ- ਰੇਲ ਬਜਟ ਵਿਚ ਸੁਰੱਖਿਆ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਰੇਲ ਮੰਤਰੀ ਸਦਾ ਨੰਦ ਗੌੜਾ ਨੇ ਰੇਲ ਗੱਡੀਆਂ ਅਤੇ ਰੇਲਵੇ ਸਟੇਸ਼ਨਾਂ ਦੀ ਸੁਰੱਖਿਆ ਲਈ 17 ਹਜ਼ਾਰ ਆਰ. ਪੀ. ਐਫ਼. ਜਵਾਨਾਂ ਦੀ ਭਰਤੀ ਅਤੇ ਇਸ ਦੇ ਨਾਲ ਹੀ ਔਰਤਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ 4 ਹਜ਼ਾਰ ਔਰਤ ਆਰ. ਪੀ. ਐਫ਼. ਕਾਂਸਟੇਬਲ ਭਰਤੀ ਕਰਨ ਦਾ ਐਲਾਨ ਕੀਤਾ ਹੈ। ਕਿਸੇ ਵੀ ਡੱਬੇ ਵਿਚ ਇਕੱਲਿਆਂ ਯਾਤਰਾ ਕਰਨ ਵਾਲੀਆਂ ਔਰਤਾਂ ਦੀ ਸੁਰੱਖਿਆ ਲਈ ਵਿਸ਼ੇਸ਼ ਨਿਰਦੇਸ਼ ਦਿੱਤੇ ਹਨ। ਔਰਤਾਂ ਦੀ ਸੁਰੱਖਿਆ ਲਈ ਗੱਡੀਆਂ ਵਿਚ 'ਲੇਡੀਜ਼ ਕੋਚ' ਜੋੜੇ ਜਾਣਗੇ। ਰੇਲ ਮੰਤਰੀ ਨੇ ਗੱਡੀਆਂ ਵਿਚ ਮੌਜੂਦ ਆਰ. ਪੀ. ਐਫ਼. ਐਸਕਾਰਟ ਟੀਮਾਂ ਨੂੰ ਮੋਬਾਈਲ ਫੋਨ ਦੇਣ ਦਾ ਐਲਾਨ ਵੀ ਕੀਤਾ ਹੈ ਤਾਂ ਜੋ ਯਾਤਰੀ ਲੋੜ ਪੈਣ 'ਤੇ ਇਨ੍ਹਾਂ ਜਵਾਨਾਂ ਨਾਲ ਸੰਪਰਕ ਕੀਤਾ ਜਾ ਸਕੇ। ਸੁਰੱਖਿਆ ਹੈਲਪ ਲਾਈਨ ਵੀ ਮੁਹੱਈਆ ਕਰਵਾਈ ਜਾਵੇਗੀ।

ਰੇਲ ਬਜਟ ਭਵਿੱਖਵਾਦੀ ਤੇ ਵਿਕਾਸ ਵਾਲਾ-ਮੋਦੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਲਵੇ ਬਜਟ ਨੂੰ 'ਭਵਿੱਖਵਾਦੀ ਤੇ ਵਿਕਾਸ ਆਧਾਰਿਤ' ਕਰਾਰ ਦਿੰਦਿਆਂ ਇਸ ਦੀ ਸ਼ਲਾਘਾ ਕੀਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਰੇਲਵੇ ਬਜਟ ਵਿਚ ਦੇਸ਼ ਦੇ ਵਿਕਾਸ 'ਤੇ ਧਿਆਨ ਕੇਂਦਰਿਤ ਕਰਦਿਆਂ ਬਿਹਤਰ ਸੇਵਾ, ਰਫ਼ਤਾਰ ਅਤੇ ਸੁਰੱਖਿਆ 'ਤੇ ਜ਼ੋਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰੇਲ ਮੰਤਰੀ ਸਦਾਨੰਦ ਗੌੜਾ ਨੇ ਸੰਸਦ ਵਿਚ ਜੋ ਰੇਲ ਬਜਟ ਪੇਸ਼ ਕੀਤਾ ਹੈ, ਉਹ ਵਿਖਾਉਂਦਾ ਹੈ ਕਿ ਉਨ੍ਹਾਂ ਦੀ ਸਰਕਾਰ ਰੇਲਵੇ ਰਾਹੀਂ ਭਾਰਤ ਨੂੰ ਕਿਥੋਂ ਤੋਂ ਕਿਥੋਂ ਤੱਕ ਲਿਜਾਣਾ ਚਾਹੁੰਦੀ ਹੈ ਕਿਉਂਕਿ ਇਸ ਵਿਚ ਸੰਸਥਾਗਤ ਢਾਂਚੇ ਨੂੰ ਮਜ਼ਬੂਤ ਕਰਨ, ਪਾਰਦਰਸ਼ਿਤਤਾ ਤੇ ਭਰੋਸੇਯੋਗਤਾ 'ਤੇ ਜ਼ੋਰ ਦਿੱਤਾ ਗਿਆ ਹੈ। ਮੋਦੀ ਨੇ ਟਵੀਟ 'ਤੇ ਕਿਹਾ, 'ਰੇਲ ਮੰਤਰੀ ਨੂੰ ਇਕ ਭਵਿੱਖਵਾਦੀ ਤੇ ਵਿਕਾਸ ਆਧਾਰਿਤ ਬਜਟ ਪੇਸ਼ ਕਰਨ ਲਈ ਵਧਾਈ। ਇਹ ਆਮ ਆਦਮੀ ਦਾ ਬਜਟ ਹੈ।'

ਰੇਲਵੇ ਬਜਟ 'ਚ ਦੂਰਦ੍ਰਿਸ਼ਟੀ ਦੀ ਘਾਟ-ਰਾਹੁਲ ਗਾਂਧੀ

ਨਵੀਂ ਦਿੱਲੀ- ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਨੇ ਰੇਲ ਮੰਤਰੀ ਸਦਾਨੰਦ ਗੌੜਾ ਵੱਲੋਂ ਪੇਸ਼ ਕੀਤੇ ਰੇਲ ਬਜਟ ਦੀ ਆਲੋਚਨਾ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਸਾਲ 2014-15 ਲਈ ਪੇਸ਼ ਕੀਤੇ ਰੇਲਵੇ ਬਜਟ ਵਿਚ ਕੋਈ ਦੂਰਦ੍ਰਿਸ਼ਟੀ ਨਜ਼ਰ ਨਹੀਂ ਆਉਂਦੀ। ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਲੱਗਦਾ ਕਿ ਰੇਲ ਮੰਤਰੀ ਵੱਲੋਂ ਜੋ ਵਾਅਦੇ ਕੀਤੇ ਗਏ ਹਨ, ਉਹ ਪੂਰੇ ਹੋ ਜਾਣਗੇ। ਉਨ੍ਹਾਂ ਨੇ ਮੋਦੀ ਸਰਕਾਰ ਵੱਲੋਂ ਪੇਸ਼ ਕੀਤੇ ਰੇਲ ਬਜਟ ਨੂੰ 'ਨਿਰਾਸ਼ਾਜਨਕ' ਕਰਾਰ ਦਿੰਦਿਆਂ ਕਿਹਾ ਕਿ ਬਜਟ ਵਿਚ ਕਈ ਸੂਬਿਆਂ ਨੂੰ ਅੱਖੋਂ-ਪਰੋਖੇ ਕੀਤਾ ਗਿਆ ਹੈ।

6 ਮਹੀਨੇ 'ਚ ਇਕ ਵਾਰ ਯਾਤਰੀ ਕਿਰਾਏ 'ਚ ਵਾਧੇ ਦਾ ਅਮਲ ਜਾਰੀ ਰਹੇਗਾ

ਨਵੀਂ ਦਿੱਲੀ- ਰੇਲਵੇ ਨੇ ਅੱਜ ਸਪਸ਼ਟ ਕੀਤਾ ਹੈ ਕਿ ਉਹ ਹਰ 6 ਮਹੀਨੇ ਬਾਅਦ ਯਾਤਰੀ ਕਿਰਾਏ ਵਿਚ ਸੋਧ ਲਈ ''ਫਿਊਲ ਐਡਜਸਟਮੈਂਟ ਕੰਪੋਨੈਂਟ (ਐਫ.ਏ.ਸੀ) ਦਾ ਅਮਲ ਜਾਰੀ ਰਖੇਗਾ। ਆਪਣਾ ਪਲੇਠਾ ਬਜਟ ਪੇਸ਼ ਕਰਨ ਤੋਂ ਬਾਅਦ ਰੇਲ ਮੰਤਰੀ ਸਦਾਨੰਦ ਗੌੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਐਫ.ਏ. ਸੀ ਜਾਰੀ ਰਖਾਂਗੇ ਜੋ 2013-14 ਵਿਚ ਵੀ ਲਾਗੂ ਸੀ।

ਉਨ੍ਹਾਂ ਕਿਹਾ ਕਿ 6 ਮਹੀਨਿਆਂ ਵਿਚ ਇਕ ਵਾਰ ਕਿਰਾਏ ਵਿਚ ਵਾਧੇ ਦਾ ਸਿਲਸਲਾ ਜਾਰੀ ਰਹੇਗਾ ਜੋ ਪਹਿਲਾਂ ਵੀ ਹੁੰਦਾ ਆਇਆ ਹੈ। ਫੰਡਾਂ ਦੀ ਘਾਟ ਤੇ ਭਾਰੀ ਤਾਦਾਦ ਵਿਚ ਅਧੂਰੇ ਪ੍ਰਾਜੈਕਟਾਂ ਦੇ ਮੱਦੇਨਜਰ ਉਨ੍ਹਾਂ ਕਿਹਾ ਕਿ ਗੰਭੀਰ ਵਿੱਤੀ ਸਥਿੱਤੀ ਵਿਚ ਸੁਧਾਰ ਲਈ ਸਰਕਾਰ ਦੀ ਨਿੱਜੀ ਤੇ ਵਿਦੇਸ਼ੀ ਨਿਵੇਸ਼ ਖਿਚਣ ਦੀ ਤਜਵੀਜ਼ ਹੈ। ਸਿੱਧੇ ਵਿਦੇਸ਼ੀ ਨਿਵੇਸ਼ ਦੀ ਤਜਵੀਜ਼ ਨੂੰ ਜਾਇਜ ਦਸਦਿਆਂ ਰੇਲਵੇ ਮੰਤਰੀ ਨੇ ਕਿਹਾ ਕਿ ਸਾਨੂੰ ਬੁਲਟ ਗੱਡੀਆਂ ਚਲਾਉਣ ਲਈ ਬਹੁਤ ਵੱਡੇ ਵਿਦੇਸ਼ੀ ਨਿਵੇਸ਼ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਰੇਲਵੇ ਵਿਚ ਸਿੱਧੇ ਵਿਦੇਸ਼ੀ ਨਿਵੇਸ਼ ਉਪਰ ਪਾਬੰਦੀ ਹੈ। ਹੁਣ ਅਸੀਂ ਇਹ ਪਾਬੰਦੀ ਹਟਾਉਣ ਲਈ ਕਹਾਂਗੇ ਤਾਂ ਜੋ ਬੁਨਿਆਦੀ ਸਹੂਲਤਾਂ ਦੇ ਵਿਕਾਸ ਵਿਚ ਸਿੱਧਾ ਵਿਦੇਸ਼ੀ ਨਿਵੇਸ਼ ਹੋ ਸਕੇ।

ਉਨ੍ਹਾਂ ਕਿਹਾ ਕਿ ਰੇਲਵੇ ਦੇ ਮੁਖ ਖੇਤਰਾਂ ਵਿਚ ਸਿੱਧੇ ਵਿਦੇਸ਼ੀ ਨਿਵੇਸ਼ ਦੀ ਇਜਾਜਤ ਨਹੀਂ ਹੋਵੇਗੀ ਤੇ ਇਹ ਖੇਤਰ ਰੇਲਵੇ ਕੋਲ ਹੀ ਰਹਿਣਗੇ। ਉਨ੍ਹਾਂ ਕਿਹਾ ਕਿ ਨਿੱਜੀ ਨਿਵੇਸ਼ਕਾਰਾਂ ਨੂੰ ਖਿਚਣ ਲਈ ਸਾਨੂੰ ਕੁਝ ਵਿਸ਼ੇਸ਼ ਨੀਤੀਆਂ ਨੂੰ ਬਦਲਣਾ ਪਵੇਗਾ ਕਿਉਂਕਿ ਨਿੱਜੀ ਨਿਵੇਸ਼ਕਾਰਾਂ ਨੂੰ ਭਰੋਸਾ ਨਹੀਂ ਹੈ। ਉਹ ਸੋਚਦੇ ਹਨ ਕਿ ਰੇਲਵੇ ਵਿਚ ਨਿਵੇਸ਼ ਦਾ ਕੋਈ ਫਾਇਦਾ ਨਹੀਂ ਹੋਵੇਗਾ।