arrow

ਵੱਖਰੀ ਕਮੇਟੀ ਦਾ ਮਤਾ ਪਾਸ ਹੋਣ 'ਤੇ ਸੜਕਾਂ 'ਤੇ ਉਤਰੇਗਾ ਸਿੱਖ ਸਮਾਜ- ਜਥੇ. ਜਗੀਰ ਸਿੰਘ

ਕੁਰੂਕਸ਼ੇਤਰ/ਸ਼ਾਹਬਾਦ, 9 ਜੁਲਾਈ-

ਸ਼ੋ੍ਰਮਣੀ ਅਕਾਲੀ ਦਲ ਹਰਿਆਣਾ (ਬਾਦਲ) ਦੇ ਬਲਾਕ ਸ਼ਾਹਬਾਦ ਦੀ ਬੈਠਕ ਇਤਿਹਾਸਕ ਗੁਰਦੁਆਰਾ ਸ੍ਰੀ ਮਸਤਗੜ੍ਹ ਸਾਹਿਬ 'ਚ ਹੋਈ | ਬੈਠਕ ਦੀ ਪ੍ਰਧਾਨਗੀ ਜਥੇ. ਜਗੀਰ ਸਿੰਘ ਮੱਦੀਪੁਰ ਨੇ ਕੀਤੀ |

ਬੈਠਕ 'ਚ ਹਰਬੰਸ ਸਿੰਘ ਗਿਲ, ਹਰਚਰਨ ਸਿੰਘ ਲੰਡੀ, ਜਸਬੀਰ ਸਿੰਘ ਸ਼ਿੰਗਾਰੀ, ਜਰਨੈਲ ਸਿੰਘ ਅਰੂਪ ਨਗਰ, ਕੁਲਦੀਪ ਸਿੰਘ, ਜਸਪਾਲ ਸਿੰਘ ਮੈਨੇਜਰ, ਭੂਪਿੰਦਰ ਸਿੰਘ ਕਲਸੀ, ਬਲਬੀਰ ਸਿੰਘ ਨਲਵੀ, ਗੁਰਪ੍ਰੀਤ ਸਿੰਘ ਚੱਠਾ, ਸੁਰਜੀਤ ਸਿੰਘ ਨੰਬਰਦਾਰ, ਗੁਰਪ੍ਰਤਾਪ ਸਿੰਘ, ਅਜੈਬ ਸਿੰਘ, ਬਲਦੇਵ ਸਿੰਘ ਮੱਦੀਪੁਰ, ਪ੍ਰਦੀਪ ਸਿੰਘ ਸ਼ਰੀਫਗੜ੍ਹ, ਪ੍ਰੇਮ ਸਿੰਘ ਯਾਰੀ, ਸੁਖਦੇਵ ਸਿੰਘ, ਗੁਰਦੀਪ ਸਿੰਘ ਮੈਨੇਜਰ, ਬੀਬੀ ਹਰਪਾਲ ਕੌਰ, ਬੀਬੀ ਪਰਪਿੰਦਰ ਕੌਰ, ਬੀਬੀ ਸੁਖਦੇਵ ਕੌਰ, ਬੀਬੀ ਪਰਮਜੀਤ ਕੌਰ ਤੇ ਬੀਬੀ ਪਰਮੀਤ ਕੌਰ ਮੌਜੂਦ ਰਹੇ |

ਬੈਠਕ ਦੌਰਾਨ ਜਗੀਰ ਸਿੰਘ ਨੇ ਮੁੱਖ ਮੰਤਰੀ ਵੱਲੋਂ ਹਰਿਆਣਾ 'ਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਸਬੰਧੀ ਐਲਾਨ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ | ਉਨ੍ਹਾਂ ਚਿਤਾਇਆ ਕਿ ਜੇਕਰ 11 ਜੁਲਾਈ ਨੂੰ ਵਿਧਾਨ ਸਭਾ ਸੈਸ਼ਨ 'ਚ ਮੁੱਖ ਮੰਤਰੀ ਨੇ ਇਸ ਸਬੰਧੀ ਮਤਾ ਪਾਸ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਿੱਖ ਸਮਾਜ ਸੜਕਾਂ 'ਤੇ ਆਉਣ ਲਈ ਮਜ਼ਬੂਰ ਹੋਵੇਗਾ | ਜਗੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਉਨ੍ਹਾਂ ਦੇ ਸਬਰ ਦੀ ਪ੍ਰੀਖਿਆ ਲੈ ਰਹੇ ਹਨ ਜਦਕਿ ਉਹ ਸੂਬੇ 'ਚ ਅਮਨ ਤੇ ਸ਼ਾਂਤੀ ਬਣਾਈ ਰੱਖਣ ਲਈ ਆਪਣਾ ਪੱਖ ਰੱਖ ਰਹੇ ਹਨ |

ਬੈਠਕ 'ਚ ਹਰਬੰਸ ਸਿੰਘ ਗਿਲ ਨੇ ਕਿਹਾ ਕਿ ਜੇਕਰ ਵੱਖਰੀ ਕਮੇਟੀ ਬਣਾਉਣ ਦਾ ਕਾਨੂੰਨ ਪਾਸ ਕੀਤਾ ਗਿਆ ਤਾਂ ਪਿੰਡ ਪੱਧਰ 'ਤੇ ਅੰਦੋਲਨ ਸ਼ੁਰੂ ਹੋਣਗੇ, ਜਿਨ੍ਹਾਂ ਨਾਲ ਨਜਿੱਠਣਾ ਸਰਕਾਰ ਲਈ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਹੋਵੇਗਾ | ਬੈਠਕ ਤੋਂ ਬਾਅਦ ਵਰਕਰਾਂ ਨੇ ਗੁਰਦੁਆਰਾ ਕੰਪਲੈਕਸ ਦੇ ਬਾਹਰ ਸਰਕਾਰ ਵਿਰੋਧੀ ਨਾਅਰੇ ਲਗਾਏ |