arrow

ਬ੍ਰਾਜ਼ੀਲ 'ਤੇ ਗੋਲਾਂ ਦਾ ਮੀਂਹ ਵਰ੍ਹਾ ਕੇ ਜਰਮਨੀ ਫਾਈਨਲ 'ਚ

ਬੇਲੋ ਹੋਰਿਜੇਂਟੋ , 9 ਜੁਲਾਈ-

ਜਰਮਨੀ ਨੇ ਅੱਜ ਇੱਥੇ ਮੇਜ਼ਬਾਨ ਬ੍ਰਾਜ਼ੀਲ ਵਿਰੁੱਧ ਗੋਲਾਂ ਦਾ ਮੀਂਹ ਵਰ੍ਹਾਉਂਦੇ ਹੋਏ ਸੈਮੀਫਾਈਨਲ ਮੁਕਾਬਲਾ 7-1 ਨਾਲ ਆਪਣੇ ਨਾਂ ਕਰਦੇ ਹੋਏ  ਫਾਈਨਲ ਵਿਚ ਧਮਾਕੇਦਾਰ ਐਂਟਰੀ ਕੀਤੀ ਜਿੱਥੇ ਉਸਦਾ ਮੁਕਾਬਲਾ ਐਤਵਾਰ ਨੂੰ ਦੂਜੇ ਸੈਮੀਫਾਈਨਲ ਅਰਜਨਟੀਨਾ ਤੇ ਹਾਲੈਂਡ ਵਿਚਾਲੇ ਹੋਣ ਵਾਲੇ ਮੈਚ ਦੀ ਜੇਤੂ ਟੀਮ ਨਾਲ ਹੋਵੇਗਾ।

ਜਰਮਨੀ ਦੇ ਸਟ੍ਰਾਈਕਰ ਥਾਮਸ ਮਿਊਲਰ ਨੇ 11ਵੇਂ ਮਿੰਟ ਵਿਚ ਹੀ ਗੋਲ ਕਰਕੇ ਟੀਮ ਨੂੰ 1-0 ਨਾਲ ਬੜ੍ਹਤ ਦਿਵਾ ਦਿੱਤੀ ਸੀ। 23ਵੇਂ ਮਿੰਟ ਵਿਚ ਮਿਰੋਸਲਾਵ ਕਲੋਸ ਨੇ ਗੋਲ ਕਰਕੇ ਬੜ੍ਹਤ 2-0 ਦੀ ਕੀਤੀ। ਮਿਡਫੀਲਡਰ ਟੋਨੀ ਕਰੂਸ ਨੇ 24ਵੇਂ ਤੇ 26ਵੇਂ ਮਿੰਟ ਵਿਚ ਲਗਾਤਾਰ 2 ਗੋਲ ਕਰਕੇ ਬ੍ਰਾਜ਼ੀਲ ਦੇ ਖੇਮੇ ਵਿਚ  ਖਲਬਲੀ ਮਚਾ ਦਿੱਤੀ। ਇਸ ਤੋਂ ਬਾਅਦ 5ਵਾਂ ਗੋਲ ਸੈਮੀ ਖੇਦਿਰਾ ਨੇ 29ਵੇਂ ਮਿੰਟ ਵਿਚ ਕੀਤਾ  ਤੇ ਟੀਮ ਦੀ ਬੜ੍ਹਤ ਨੂੰ ਪਹਿਲੇ ਹੀ ਹਾਫ ਵਿਚ 5-0 ਕਰ ਦਿੱਤਾ।

ਦੂਜੇ ਹਾਫ ਵਿਚ ਵੀ ਜਰਮਨੀ ਨੇ ਆਪਣਾ ਦਬਾਅ ਬਣਾਈ ਰੱਖਿਆ ਤੇ ਬ੍ਰਾਜ਼ੀਲ ਨੂੰ ਗੋਲ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ। ਜਰਮਨੀ ਵਲੋਂ ਆਂਦ੍ਰੇ ਸ਼ਰਲੇ ਨੇ ਮੈਚ ਦੇ 69ਵੇਂ ਤੇ 79ਵੇਂ ਮਿੰਟ ਵਿਚ  ਗੋਲ ਕਰਕੇ ਟੀਮ ਦੀ ਬੜ੍ਹਤ 7-0 ਕਰ ਦਿੱਤੀ। ਮੈਚ ਦੇ 90ਵੇਂ ਮਿੰਟ ਵਿਚ ਜਾ ਕੇ ਬ੍ਰਾਜ਼ੀਲ ਵਲੋਂ ਇਕੋ-ਇਕ ਗੋਲ ਓਸਕਰ ਨੇ ਕੀਤਾ  ਪਰ ਉਹ ਟੀਮ ਨੂੰ ਹਾਰ ਤੋਂ ਨਹੀਂ ਬਚਾ ਸਕਿਆ।

ਇਸ ਮੈਚ ਵਿਚ ਬ੍ਰਾਜ਼ੀਲ ਬੇਰੰਗ ਨਜ਼ਰ ਆਇਆ ਤੇ ਉਸਦਾ 6ਵੀਂ ਵਾਰ ਖਿਤਾਬ ਜਿੱਤਣ ਦਾ ਸੁਪਨਾ ਟੁੱਟ ਗਿਆ। ਮੈਚ ਦੇਖਣ ਆਏ ਪ੍ਰਸ਼ੰਸਕਾਂ ਦੀਆਂ ਅੱਖਾਂ ਵਿਚੋਂ ਅੱਥਰੂ ਵਗ ਰਹੇ ਸਨ।