arrow

ਫਾਈਨਲ ਦੀ ਟਿਕਟ ਲਈ ਭਿੜਨਗੇ ਅਰਜਨਟੀਨਾ ਤੇ ਹਾਲੈਂਡ

ਸਾਓ ਪਾਓਲੋ , 9 ਜੁਲਾਈ-

ਤਿੰਨ ਵਾਰ ਫੁੱਟਬਾਲ ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚ ਕੇ ਵੀ ਖਾਲੀ ਹੱਥ ਰਹਿਣ ਵਾਲੀ ਹਾਲੈਂਡ ਬੁੱਧਵਾਰ ਨੂੰ ਤੀਸਰੀ ਵਾਰ ਜਿੱਤਣ ਦਾ ਸੁਪਨਾ ਦੇਖ ਰਹੀ ਅਰਜਨਟੀਨਾ  ਸਾਹਮਣੇ ਹਾਈ ਵੋਲਟੇਜ ਸੈਮੀਫਾਈਨਲ 'ਚ ਆਪਣੀ ਚੁਣੌਤੀ ਪੇਸ਼ ਕਰੇਗੀ।

ਅਰਜਨਟੀਨਾ ਨੇ 1978 ਤੇ 1986 'ਚ ਵਿਸ਼ਵ ਕੱਪ ਖਿਤਾਬ ਆਪਣੇ ਨਾਂ ਕੀਤਾ ਹੈ, ਜਦਕਿ ਹਾਲੈਂਡ ਇਸ ਟੂਰਨਾਮੈਂਟ 'ਚ ਸਭ ਤੋਂ ਬਦਕਿਸਮਤ ਰਹੀ ਹੈ, ਜਿਸ ਨੇ 1974, 1978 ਅਤੇ 2012 'ਚ ਫਾਈਨਲ 'ਚ ਜਗ੍ਹਾ ਬਣਾਈ ਪਰ ਖਿਤਾਬ ਤੋਂ ਖੁੰਝ ਗਈ। ਉਹ ਹੁਣ ਫਿਰ ਵਿਸ਼ਵ ਕੱਪ ਫਾਈਨਲ 'ਚ ਪ੍ਰਵੇਸ਼ ਕਰਨ ਤੋਂ ਸਿਰਫ ਇਕ ਕਦਮ ਦੂਰ ਹੈ ਅਤੇ ਖਿਤਾਬ ਦੀ ਪ੍ਰਬਲ ਦਾਅਵੇਦਾਰ ਵੀ ਹੈ।

ਆਖਰੀ 4 ਦੀ ਜੰਗ 'ਚ ਹੋਰ ਟੀਮਾਂ ਦੀ ਤਰ੍ਹਾਂ ਇਹ ਦੋਵੇਂ ਟੀਮਾਂ ਵੀ ਆਪਣੇ ਸਟਾਰ ਖਿਡਾਰੀਆਂ 'ਤੇ ਸਭ ਤੋਂ ਜ਼ਿਆਦਾ ਨਿਰਭਰ ਦਿਖ ਰਹੀਆਂ ਹਨ, ਜਿਨ੍ਹਾਂ 'ਚ ਜਿਥੇ ਇਕ ਪਾਸੇ ਆਪਣੀ ਟੀਮ ਦੇ 8 'ਚੋਂ 4 ਗੋਲ ਕਰਨ ਵਾਲਾ ਅਰਜਨਟੀਨਾ ਦਾ ਲਿਓਨਿਲ ਮੇਸੀ ਹੈ ਤਾਂ ਦੂਸਰੇ ਪਾਸੇ ਹਾਲੈਂਡ ਦਾ ਆਰਜੇਨ ਰੋਬੇਨ ਅਤੇ ਰਾਬਿਨ ਵੈਨ ਪਰਸੀ ਹਨ, ਜਿਨ੍ਹਾਂ ਨੇ 3-3 ਗੋਲ ਕੀਤੇ ਹਨ।

ਰੀਓ ਡੀ ਜਨੇਰੀਓ ਦੇ ਮਾਰਕਾਨਾ ਸਟੇਡੀਅਮ '13 ਜੁਲਾਈ ਨੂੰ ਹੋਣ ਵਾਲੀ ਖਿਤਾਬੀ ਜੰਗ ਲਈ ਟਿਕਟਾਂ ਬੁੱਕ ਕਰਾਉਣ ਲਈ ਦੋਵੇਂ ਹੀ ਟੀਮਾਂ ਇਕ-ਦੂਸਰੇ ਨੂੰ ਸਖਤ ਚੁਣੌਤੀ ਦੇਣ ਲਈ ਤਿਆਰ ਦਿਖ ਰਹੀਆਂ ਹਨ।

ਏਲੇਜਾਂਦਰੋ ਸਾਬੇਲਾ ਅਤੇ ਲੂਈਸ ਵੈਨ ਗਾਲ ਕੋਰਿਨਥਿਆਸ ਏਰੀਨਾ 'ਚ ਆਪਣੀਆਂ-ਆਪਣੀਆਂ ਟੀਮਾਂ ਲਈ ਕਿਸ ਤਰ੍ਹਾਂ ਦੀਆਂ ਰਣਨੀਤੀਆਂ ਨਾਲ ਉਤਰਨਗੇ, ਇਸ 'ਤੇ ਸਭ ਦੀਆਂ ਨਜ਼ਰਾਂ ਲੱਗੀਆਂ ਹਨ।  ਦੋਵਾਂ ਟੀਮਾਂ ਦੇ ਮਿਡਫੀਲਡ 'ਚ ਜ਼ਿਆਦਾ ਮਜ਼ਬੂਤੀ ਨਾਲ ਖੇਡਣ ਤੋਂ ਇਲਾਵਾ ਮੇਸੀ ਅਤੇ ਰੋਬੇਨ ਤੋਂ ਰੋਮਾਂਚਕ ਪਲਾਂ ਦੀ ਉਮੀਦ ਹੋਵੇਗੀ। ਇਸ ਗੱਲ 'ਚ ਕੋਈ ਦੋ ਰਾਏ ਨਹੀਂ ਕਿ ਚਾਰ ਵਾਰ ਦੇ ਵਰਲਡ ਪਲੇਅਰ ਆਫ ਦਿ ਯੀਅਰ ਰਹੇ 27 ਸਾਲਾ ਮੇਸੀ 'ਤੇ ਆਪਣੇ ਦੇਸ਼ ਲਈ 24 ਸਾਲਾਂ ਦਾ ਸੋਕਾ ਖਤਮ ਕਰਨ ਅਤੇ ਉਸ ਨੂੰ ਰੀਓ ਤਕ ਲਿਜਾਣ ਦੀ ਸਭ ਤੋਂ ਜ਼ਿਆਦਾ ਜ਼ਿੰਮੇਵਾਰੀ ਹੈ।

ਵਿੰਗ ਏਂਜੇਲ ਡੀ ਮਾਰੀਆ ਦੀ ਸੱਟ ਕਾਰਨ ਉਸ ਦੇ ਟੂਰਨਾਮੈਂਟ ਤੋਂ ਬਾਹਰ ਹੋਣ ਨਾਲ ਵੀ ਅਰਜਨਟੀਨਾ ਨੂੰ ਵੱਡਾ ਝਟਕਾ ਲੱਗਿਆ ਹੈ, ਅਜਿਹੇ 'ਚ ਕੋਚ ਸਾਬੇਲਾ 'ਤੇ ਨਿਰਭਰ ਕਰਦਾ ਹੈ ਕਿ ਉਹ ਡਿਫੈਂਸ ਐਕਸਪਰਟ ਏਂਜੋ ਪੇਰੇਜ਼ ਨੂੰ ਉਤਾਰਦਾ ਹੈ, ਜਿਸ ਨੇ ਬੈਲਜੀਮਅ ਖਿਲਾਫ ਮਾਰੀਆ ਦੀ ਜਗ੍ਹਾ ਲਈ ਸੀ ਜਾਂ ਫਿਰ ਹਮਲੇ 'ਤੇ ਕੇਂਦ੍ਰਿਤ ਰਹੇਗਾ। ਉਧਰ ਹਾਲੈਂਡ ਦੀ ਗੱਲ ਕਰੀਏ ਤਾਂ ਕੋਚ ਗਾਲ ਟੀਮ ਦੇ ਹਰ ਮੈਚ ਦੇ ਨਾਲ ਆਪਣੀ ਲਾਈਨਅੱਪ 'ਚ ਬਦਲਾਅ ਕਰਦਾ ਹੈ ਪਰ ਵਿਰੋਧੀ ਟੀਮ ਦੇ ਡਿਫੈਂਸ ਵਿਚ ਸੰਨ੍ਹ ਲਾਉਣ  ਲਈ ਉਸ ਦੀ ਰੋਬੇਨ 'ਤੇ ਨਿਰਭਰਤਾ ਬਣੀ ਹੋਈ ਹੈ।

ਹਾਲੈਂਡ ਨੇ ਟੂਰਨਾਮੈਂਟ 'ਚ ਪਿਛਲੇ ਚੈਂਪੀਅਨ ਸਪੇਨ 'ਤੇ 5-1 ਨਾਲ ਜਿੱਤ ਦਰਜ ਕਰਕੇ ਜ਼ਬਰਦਸਤ ਸ਼ੁਰੂਆਤ ਕੀਤੀ ਸੀ ਪਰ ਕੁਆਰਟਰ ਫਾਈਨਲ 'ਚ ਕੋਸਟਾਰਿਕਾ 'ਤੇ ਰੋਕ ਲਗਾਉਣ ਦੇ ਬਾਵਜੂਦ ਪੈਨਲਟੀ ਸ਼ੂਟਆਊਟ 'ਚ ਜਾ ਕੇ ਉਸ ਨੂੰ ਜਿੱਤ ਮਿਲੀ। ਤਿੰਨ ਵਾਰ ਦੀ ਚੈਂਪੀਅਨ ਹਾਲੈਂਡ ਜੇਕਰ ਇਸ ਵਾਰ ਖਿਤਾਬ ਜਿੱਤਣਾ ਚਾਹੁੰਦੀ ਹੈ ਤਾਂ ਉਸ ਨੂੰ ਆਖਰੀ ਸਮੇਂ ਤੱਕ ਹਮਲੇ ਨੂੰ ਬਣਾ ਕੇ ਰੱਖਣਾ ਪਵੇਗਾ। ਇਸ ਲਈ ਸਟ੍ਰਾਈਕਰ ਪਰਸੀ ਨੂੰ ਗਰੁੱਪ ਦੌਰ ਵਾਲੀ ਆਪਣੀ ਫਾਰਮ ਨੂੰ ਦੁਹਰਾਉਣਾ ਪਵੇਗਾ ਤਾਂ ਕਿ ਅਰਜਨਟੀਨਾ ਦੇ ਡਿਫੈਂਸ ਨੂੰ ਭੇਦਿਆ ਜਾ ਸਕੇ।