arrow

ਰੇਲ ਬਜਟ 'ਚ ਪੰਜਾਬ ਨੂੰ ਮਿਲਿਆ 5 ਰੇਲ ਗੱਡੀਆਂ ਦਾ ਤੋਹਫ਼ਾ

ਚੰਡੀਗੜ੍ਹ, 8 ਜੁਲਾਈ-

ਕੇਂਦਰ ਦੀ ਭਾਜਪਾ ਸਰਕਾਰ ਦਾ ਪਹਿਲਾ ਰੇਲਵੇ ਬਜਟ ਪੰਜਾਬ ਲਈ ਫ਼ਾਇਦੇਮੰਦ ਸਾਬਤ ਹੋਇਆ ਹੈ। ਰੇਲ ਮੰਤਰੀ ਵੱਲੋਂ ਬਜਟ ਦੌਰਾਨ ਪੰਜਾਬ ਨੂੰ 5 ਰੇਲ ਗੱਡੀਆਂ ਦਾ ਤੋਹਫ਼ਾ ਦਿੱਤਾ ਗਿਆ ਹੈ। ਜਿੱਥੇ ਰੇਲ ਮੰਤਰੀ ਨੇ ਪੰਜਾਬ ਦਾ ਮਾਣ ਰੱਖਿਆ ਹੈ ਓਥੇ ਪਹਿਲੇ ਰੇਲ ਬਜਟ 'ਚ ਚੰਡੀਗੜ੍ਹ ਨੂੰ ਵੀ ਤੋਹਫ਼ਾ ਦਿੱਤਾ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਹੁਣ ਚੰਡੀਗੜ੍ਹ ਤੋਂ ਦਿੱਲੀ ਤਕ ਬੁਲੇਟ ਟ੍ਰੇਨ ਸ਼ੁਰੂ ਹੋਵੇਗੀ। ਰੇਲਵੇ ਵੱਲੋਂ ਸ਼ੁਰੂ ਕੀਤੀਆਂ ਜਾਣ ਵਾਲੀਆਂ ਬੁਲੇਟ ਰੇਲ ਗੱਡੀਆਂ 'ਚੋਂ ਇਕ ਟਰੇਨ ਰਾਜਧਾਨੀ ਚੰਡੀਗੜ੍ਹ ਦੇ ਹਿੱਸੇ ਆਈ ਹੈ। ਇਹ ਬੁਲੇਟ ਟਰੇਨ ਚੰਡੀਗੜ੍ਹ ਤੋਂ ਦਿੱਲੀ ਤਕ ਚੱਲੇਗੀ ਤੇ ਇਸਦੀ ਸਪੀਡ 160 ਤੋਂ ਲੈ ਕੇ 200 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਇਹ ਬੁਲਟ ਟ੍ਰੇਨ ਸੋਨੀਪਤ, ਕਰਨਾਲ ਤੇ ਪਾਨੀਪਤ ਦੇ ਰਸਤੇ ਅੰਬਾਲਾ ਹੁੰਦੇ ਹੋਏ ਚੰਡੀਗੜ੍ਹ ਤੇ ਦਿੱਲੀ ਨੂੰ ਆਪਸ 'ਚ ਜੋੜੇਗੀ ਜੋ ਦਿੱਲੀ ਤੋਂ ਚੰਡੀਗੜ੍ਹ ਤੇ ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੇ ਯਾਤਰੀਆਂ ਲਈ ਕਾਫ਼ੀ ਲਾਹੇਵੰਦ ਸਾਬਤ ਹੋਵੇਗੀ।

ਰੇਲ ਬਜਟ 'ਚ ਕੀਤੇ ਐਲਾਨ ਅਨੁਸਾਰ ਰੇਲਵੇ ਵੱਲੋਂ ਦਿੱਲੀ-ਕਾਨਪੁਰ, ਦਿੱਲੀ ਚੰਡੀਗੜ੍ਹ, ਦਿੱਲੀ-ਆਗਰਾ ਸਮੇਤ 9 ਰੂਟਾਂ 'ਤੇ ਹਾਈ ਸਪੀਡ ਟ੍ਰੇਨਾਂ ਚਲਾਉਣ ਦੀ ਯੋਜਨਾ ਹੈ। ਨਵੀਂ ਸਰਕਾਰ ਦਾ ਪਹਿਲਾ ਰੇਲ ਬਜਟ ਪੇਸ਼ ਕਰਦਿਆਂ ਰੇਲਵੇ ਮੰਤਰੀ ਸ਼੍ਰੀ ਸਦਾਨੰਦ ਗੌੜਾ ਨੇ ਅੱਜ ਪੰਜਾਬ ਲਈ 5 ਨਵੀਆਂ ਰੇਲਾਂ ਚਲਾਉਣ ਦਾ ਐਲਾਨ ਕੀਤਾ ਤੇ ਚੰਡੀਗੜ੍ਹ ਵਾਸੀਆਂ ਲਈ ਬੁਲਟ ਟ੍ਰੇਨ ਦਾ ਵੱਡਾ ਤੋਹਫ਼ਾ ਦਿੱਤਾ।

ਦੱਸਣਯੋਗ ਹੈ ਕਿ ਪੰਜਾਬ ਨੂੰ ਦਿੱਤੀਆਂ ਰੇਲ ਗੱਡੀਆਂ 'ਚ ਅੰਮ੍ਰਿਤਸਰ-ਸਹਰਸਾ ਜਨਸਧਾਰਨ ਐਕਸਪ੍ਰੈਸ, ਪਠਾਨਕੋਟ ਤੋਂ ਦਿੱਲੀ ਤਕ ਹਾਈ ਸਪੀਡ ਟਰੇਨ, ਬਠਿੰਡਾ-ਦਿੱਲੀ ਸ਼ਤਾਬਦੀ ਐਕਸਪ੍ਰੈਸ (ਹਫ਼ਤੇ ਚ ਦੋ ਦਿਨ), ਚੰਡੀਗੜ੍ਹ-ਫਿਰੋਜਪੁਰ ਐਕਸਪ੍ਰੈਸ (ਹਫ਼ਤੇ ਚ 6 ਦਿਨ) ਚਲਾਈਆਂ ਜਾਣਗੀਆਂ। ਇਸ ਤੋਂ ਇਲਾਵਾ ਅੰਮ੍ਰਿਤਸਰ ਤੋਂ ਨਾਗਪੁਰ ਤਕ ਇਕ ਹਫ਼ਤਾਵਾਰੀ ਰੇਲ ਗੱਡੀ ਦਾ ਤੋਹਫ਼ਾ ਵੀ ਰੇਲ ਮੰਤਰੀ ਨੇ ਪੰਜਾਬ ਨੂੰ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਸ਼੍ਰੀ ਹਜ਼ੂਰ ਸਾਹਿਬ ਦੇ ਨਾਲ ਹੋਰ ਧਾਰਮਿਕ ਸਿੱਖ ਸਥਾਨਾਂ ਲਈ ਵੀ ਸਪੈਸ਼ਲ ਟਰੇਨਾਂ ਚਲਾਉਣ ਦਾ ਐਲਾਨ ਕੀਤਾ ਗਿਆ ਹੈ।