arrow

ਰਣਜੀਤ ਸਿੰਘ ਬ੍ਰਹਮਪੁਰਾ ਨੂੰ ਨੋਟਿਸ ਜਾਰੀ

ਜਲੰਧਰ , 8 ਜੁਲਾਈ-

ਲੋਕ ਸਭਾ ਚੋਣਾਂ ਦੌਰਾਨ ਧਾਰਮਿਕ ਚਿੰਨ੍ਹਾਂ ਦੇ ਇਸਤੇਮਾਲ ਦੇ ਮਾਮਲੇ 'ਚ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਖਡੂਰ ਸਾਹਿਬ ਸੀਟ ਤੋਂ ਲੋਕ ਸਭਾ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਨੋਟਿਸ ਜਾਰੀ ਕੀਤਾ ਹੈ।

ਇਸ ਮਾਮਲੇ 'ਚ ਅਗਲੀ ਸੁਣਵਾਈ 20 ਅਗਸਤ ਨੂੰ ਹੋਵੇਗੀ। ਇਸ ਤੋਂ ਪਹਿਲਾਂ ਫਿਰੋਜਪੁਰ ਤੋਂ ਲੋਕ ਸਭਾ ਮੈਂਬਰ ਸ਼ੇਰ ਸਿੰਘ ਘੁਬਾਇਆ ਨੂੰ ਵੀ ਇਸ ਮਾਮਲੇ 'ਚ ਮਾਣਯੋਗ ਹਾਈਕੋਰਟ ਨੇ ਨੋਟਿਸ ਜਾਰੀ ਕੀਤਾ ਸੀ। ਘੁਬਾਇਆ ਖਿਲਾਫ ਇਹ ਪਟੀਸ਼ਨ ਮਲੋਟ ਦੇ ਰਹਿਣ ਵਾਲੇ ਭੁਪਿੰਦਰ ਸਿੰਘ ਨਾਂ ਦੇ ਵਿਅਕਤੀ ਨੇ ਦਾਇਰ ਕੀਤੀ ਹੈ ਅਤੇ ਘੁਬਾਇਆ ਨੂੰ 15 ਅਗਸਤ ਤੱਕ ਮਾਣਯੋਗ ਅਦਾਲਤ 'ਚ ਆਪਣਾ ਪੱਖ ਰੱਖਣ ਲਈ ਕਿਹਾ ਗਿਆ ਹੈ।

ਸ਼ੇਰ ਸਿੰਘ ਘੁਬਾਇਆ 'ਤੇ ਧਾਰਮਿਕ ਚਿੰਨ੍ਹਾਂ ਦੀ ਚੋਣ ਪ੍ਰਚਾਰ ਲਈ ਵਰਤੋਂ ਕਰਨ ਅਤੇ ਚੋਣ ਖਰਚੇ 'ਤੇ ਖਰਚ ਕੀਤੇ ਗਏ 17,60,000 ਰੁਪਏ ਛੁਪਾਉਣ ਦੇ ਦੋਸ਼ ਲਗਾਏ ਗਏ ਹਨ। ਇਸ ਤੋਂ ਇਲਾਵਾ 11 ਜੁਲਾਈ ਨੂੰ ਗੁਰਦਾਸਪੁਰ ਤੋਂ ਭਾਜਪਾ ਸੰਸਦੀ ਮੈਂਬਰ ਵਿਨੋਦ ਖੰਨਾ ਖਿਲਾਫ ਨੀਰਜ ਸਲੋਤਰਾ ਵਲੋਂ ਦਾਇਰ ਪਟੀਸ਼ਨ 'ਤੇ, 15 ਜੁਲਾਈ ਨੂੰ ਸ਼੍ਰੀ ਆਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੰਸਦੀ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਖਿਲਾਫ ਕਾਂਗਰਸੀ ਆਗੂ ਹਰਭਾਗ ਸਿੰਘ ਵਲੋਂ ਦਾਇਰ ਪਟੀਸ਼ਨ 'ਤੇ ਸੁਣਵਾਈ ਕੀਤੀ ਜਾਣੀ ਹੈ।