arrow

ਪਾਕਿਸਤਾਨੀ ਤੋਂ ਆਈ 25 ਕਰੋੜ ਦੀ ਹੈਰੋਇਨ ਬਰਾਮਦ

ਅੰਮ੍ਰਿਤਸਰ, 8 ਜੁਲਾਈ-

ਸਟੇਟ ਸਪੈਸ਼ਲ ਅਪ੍ਰੇਸ਼ਨ ਸੈਲ ਨੇ ਪਾਕਿਸਤਾਨ ਤੋਂ ਆਈ 5 ਕਿਲੋਗ੍ਰਾਮ ਹੈਰੋਇਨ ਸਮੇਤ ਇਕ ਤਸਕਰ ਨੂੰ ਗ੍ਰਿਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ, ਜਦਕਿ ਦੂਜ਼ਾ ਮੌਕੇ ਤੋਂ ਭੱਜਣ 'ਚ ਕਾਮਯਾਬ ਹੋ ਗਿਆ। ਬਰਾਮਦ ਹੋਈ ਹੈਰੋਇਨ ਦੀ ਕੌਮਾਂਤਰੀ ਮੰਡੀ 'ਚ ਕੀਮਤ 25 ਕਰੋੜ ਰੁਪਏ ਦੱਸੀ ਗਈ ਹੈ।

ਇਹ ਪ੍ਰਗਟਾਵਾ ਅੱਜ ਇਥੇ ਸਹਾਇਕ ਇੰਸਪੈਕਟਰ ਜਨਰਲ ਸਪੈਸ਼ਲ ਸੈਲ ਸ: ਮਨਮੋਹਨ ਸਿੰਘ ਨੇ ਕਰਵਾਏ ਪੱਤਰਕਾਰ ਸੰਮੇਲਨ 'ਚ ਕਰਦਿਆਂ ਦੱਸਿਆ ਕਿ ਉਕਤ ਤਸਕਰ ਤੋਂ ਇੰਸਪੈਕਟਰ ਬਲਬੀਰ ਸਿੰਘ 'ਤੇ ਅਧਾਰਿਤ ਪੁਲਿਸ ਪਾਰਟੀ ਵੱਲੋਂ ਖੁਫ਼ੀਆ ਇਤਲਾਹ ਦੇ ਅਧਾਰ 'ਤੇ ਨਹਿਰ ਪੁੱਲ ਕੋਹਾਲੀ (ਲੋਪੋਕੇ) ਚੋਗਾਵਾਂ ਰੋਡ ਅੰਮ੍ਰਿਤਸਰ ਤੋਂ ਕਾਬੂ ਕੀਤਾ ਗਿਆ ਹੈ। ਜਿਸ ਦੀ ਸ਼ਨਾਖਤ ਪਲਵਿੰਦਰ ਸਿੰਘ ਭਿੰਦਾ ਵਾਸੀ ਪਿੰਡ ਮੰਝ ਥਾਣਾ ਲੋਪੋਕੇ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ। ਜਦਕਿ ਉਸਦਾ ਦੂਜ਼ਾ ਸਾਥੀ, ਜੋ ਕਿ ਮੋਟਰਸਾਇਕਲ 'ਤੇ ਸਵਾਰ ਹੋ ਕੇ ਭੱਜ ਨਿਕਲਿਆ ਦੀ ਸ਼ਨਾਖਤ ਗੁਰਜੀਤ ਸਿੰਘ ਵਾਸੀ ਪਿੰਡ ਕੱਕੜ ਜਿਲ੍ਹਾ ਅੰਮ੍ਰਿਤਸਰ ਵਜੋਂ ਦੱਸੀ ਗਈ ਹੈ।

ਉਨ੍ਹਾਂ ਦੱਸਿਆ ਕਿ ਉਕਤ ਤਸਕਰਾਂ ਦੇ ਪਾਕਿਸਤਾਨ 'ਚ ਰਹਿੰਦੇ ਅਬਾਦ ਅਲੀ ਉਰਫ਼ ਬਾਦੀ ਨਾਮਕ ਤੇ ਹੋਰ ਪਾਕਿਸਤਾਨੀ ਤਸਕਰਾਂ ਨਾਲ ਸਬੰਧ ਸਨ, ਜਿਨ੍ਹਾਂ ਪਾਸੋਂ ਇਹ ਹੈਰੋਇਨ ਮੰਗਵਾਉਂਦੇ ਸਨ। ਉਕਤ ਹੈਰੋਇਨ ਕੱਕੜ ਸੈਕਟਰ ਰਾਹੀਂ ਕਰੀਬ ਹਫ਼ਤਾ ਪਹਿਲਾਂ ਹੀ ਭਾਰਤ 'ਚ ਦਾਖ਼ਲ ਹੋਈ ਸੀ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਵਿਅਕਤੀ ਦਾ ਪੁਲਿਸ ਰਿਮਾਂਡ ਲੈ ਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਤੇ ਭਗੌੜੇ ਵਿਅਕਤੀ ਦੀ ਗ੍ਰਿਫ਼ਤਾਰੀ ਲਈ ਪੁਲਿਸ ਪਾਰਟੀ ਛਾਪੇਮਾਰੀ ਕਰ ਰਹੀ ਹੈ।