arrow

'ਰੇਲਵੇ ਨੂੰ ਨਿੱਜੀ ਅਤੇ ਵਿਦੇਸ਼ੀ ਹੱਥਾਂ 'ਚ ਦੇਣ ਦੀ ਕੋਸ਼ਿਸ਼'

ਪਟਨਾ , 8 ਜੁਲਾਈ-

ਰਾਸ਼ਟਰੀ ਜਨਤਾ ਦਲ (ਰਾਜਦ) ਦੇ ਪ੍ਰਧਾਨ ਅਤੇ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਰੇਲ ਬਜਟ ਨੂੰ ਜਨਤਾ ਨਾਲ ਧੋਖਾ ਦੱਸਿਆ ਅਤੇ ਕਿਹਾ ਕਿ ਰੇਲਵੇ ਨੂੰ ਨਿੱਜੀ ਅਤੇ ਵਿਦੇਸ਼ੀ ਹੱਥਾਂ 'ਚ ਦੇਣ ਦੀ ਤਿਆਰੀ ਹੋ ਰਹੀ ਹੈ ਜਿਸ ਦਾ ਵਿਰੋਧ ਕੀਤਾ ਜਾਵੇਗਾ।

ਯਾਦਵ ਨੇ ਮੰਗਲਵਾਰ ਨੂੰ ਇੱਥੇ ਰੇਲ ਬਜਟ 'ਤੇ ਪ੍ਰਤੀਕਿਰਿਆ ਵਿਅਕਤ ਕਰਦੇ ਹੋਏ ਕਿਹਾ ਕਿ ਰੇਲ ਬਜਟ ਤੋਂ ਪਹਿਲਾਂ ਹੀ ਯਾਤਰੀ ਅਤੇ ਮਾਲਭਾੜੇ 'ਚ ਵਾਧਾ ਕਰਕੇ ਜਨਤਾ ਨਾਲ ਧੋਖਾ ਕੀਤਾ ਗਿਆ ਹੈ। ਹੁਣ ਜਨਤਾ ਦੇ ਗੁੱਸੇ ਨੂੰ ਘੱਟ ਕਰਨ ਲਈ ਹਾਈ ਸਪੀਡ ਅਤੇ ਬੁਲੇਟ ਟਰੇਨ ਦੀ ਗੱਲ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਬਜਟ ਤੋਂ ਸਾਫ ਲੱਗਦਾ ਹੈ ਕਿ ਚੋਣ ਸਮੇਂ ਕਾਰਪੋਰੇਟ ਘਰਾਨਿਆਂ ਨੇ ਭਾਜਪਾ 'ਚ ਜੋ ਨਿਵੇਸ਼ ਕੀਤਾ ਸੀ ਉਸ ਦੀ ਕੀਮਤ ਹੁਣ ਉਹ ਵਸੂਲ ਰਹੇ ਹਨ।

ਰਾਜਦ ਪ੍ਰਧਾਨ ਨੇ ਕਿਹਾ ਕਿ ਉਹ ਪੱਕੇ ਤੌਰ 'ਤੇ ਕਹਿ ਸਕਦੇ ਹਨ ਕਿ ਰੇਲਵੇ ਨੂੰ ਹੁਣ ਉਨ੍ਹਾਂ ਹੀ ਉਦਯੋਗਿਕ ਘਰਾਨਿਆਂ ਦੇ ਹੱਥਾਂ 'ਚ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਬਜਟ 'ਚ ਡਾਇਰੈਕਟ ਵਿਦੇਸ਼ੀ ਨਿਵੇਸ਼ ਦੀ ਗੱਲ ਕਹੀ ਗਈ ਹੈ ਇਸ ਨਾਲ ਸੰਕੇਤ ਸਾਫ ਹੈ ਕਿ ਰੇਲਵੇ ਨੂੰ ਵਿਦੇਸ਼ੀ ਹੱਥਾਂ 'ਚ ਵੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਅਜਿਹਾ ਹੋਇਆ ਤਾਂ ਰੇਲਵੇ ਦੇ 14 ਲੱਖ ਕਰਮਚਾਰੀਆਂ ਦਾ ਭਵਿੱਖ ਹਨੇਰੇ 'ਚ ਚਲਾ ਜਾਵੇਗਾ।

ਸਾਬਕਾ ਰੇਲ ਮੰਤਰੀ ਨੇ ਕਿਹਾ ਕਿ ਬਜਟ 'ਚ ਵਰਲਡ ਕਲਾਸ ਸਟੇਸ਼ਨ ਬਣਾਉਣ ਦੀ ਗੱਲ ਕਹੀ ਗਈ ਹੈ। ਉਨ੍ਹਾਂ ਦੇ ਸਮੇਂ 'ਚ ਵੀ ਅਤੇ ਉਨ੍ਹਾਂ ਤੋਂ ਬਾਅਦ ਮਮਤਾ ਬੈਨਰਜੀ ਨੇ ਵੀ ਇਸ ਕੰਮ ਨੂੰ ਅੱਗੇ ਵਧਾਇਆ ਸੀ। ਉਨ੍ਹਾਂ ਨੇ ਕਿਹਾ ਕਿ ਬਜਟ 'ਚ ਬਿਹਾਰ ਦੀ ਪੂਰੀ ਤਰ੍ਹਾਂ ਨਾਲ ਅਣਦੇਖੀ ਕੀਤੀ ਗਈ ਹੈ।