arrow

ਰੇਲ ਬਜਟ 'ਚ ਪੰਜਾਬ ਨੂੰ ਨਜ਼ਰਅੰਦਾਜ ਕੀਤਾ ਗਿਆ- ਬਾਜਵਾ

ਚੰਡੀਗੜ੍ਹ, 8 ਜੁਲਾਈ-

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਅੱਜ ਲੋਕ ਸਭਾ 'ਚ ਪੇਸ਼ ਕੀਤੇ ਗਏ ਰੇਲ ਬਜਟ 'ਚ ਬਾਰਡਰ ਸੂਬੇ ਪੰਜਾਬ ਨੂੰ ਪਟੜੀ ਤੋਂ ਉਤਾਰ ਦਿੱਤਾ ਗਿਆ। ਉਨ੍ਹਾਂ ਨੇ ਇਸ ਸੱਚਾਈ 'ਤੇ ਗੰਭੀਰ ਨੋਟਿਸ ਲਿਆ ਹੈ ਕਿ ਬਾਰਡਰ ਸੂਬੇ ਲਈ ਕਿਸੇ ਨਵੀਂ ਰੇਲ ਲਾਈਨ ਦਾ ਐਲਾਨ ਨਹੀਂ ਕੀਤਾ ਗਿਆ। ਇਸ ਬਜਟ 'ਚ ਨਰਿੰਦਰ ਮੋਦੀ ਸਰਕਾਰ ਦੀ ਕੋਈ ਨਵੀਂ ਸੋਚ ਨਹੀਂ ਦੇਖਣ ਨੂੰ ਮਿਲੀ ਹੈ।

ਬਾਜਵਾ ਨੇ ਰੇਲ ਬਜਟ 'ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਕਿਹਾ ਕਿ ਪੰਜਾਬ ਨੂੰ ਟ੍ਰੇਨ ਕੁਨੈਕਟੀਵਿਟੀ ਦੀ ਬਹੁਤ ਜ਼ਰੂਰਤ ਹੈ, ਪਰ ਸਮੱਸਿਆ ਇਹ ਹੈ ਕਿ ਅਕਾਲੀ ਭਾਜਪਾ ਸਰਕਾਰ ਨੇ ਕਦੇ ਵੀ ਗੰਭੀਰਤਾ ਨਾਲ ਇਹ ਮੁੱਦਾ ਕੇਂਦਰ ਕੋਲ ਨਹੀਂ ਚੁੱਕਿਆ, ਜਿਸ ਲਈ ਕਈ ਕਾਰਨ ਹਨ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਦਾ ਸੂਬੇ ਦੇ ਪ੍ਰਾਈਵੇਟ ਟਰਾਂਸਪੋਰਟ 'ਤੇ ਪੂਰੀ ਤਰ੍ਹਾਂ ਕੰਟਰੋਲ ਹੈ। ਸਿਰਫ ਇਹੋ ਨਹੀਂ, ਸਾਰੇ ਪ੍ਰਮੁੱਖ ਰੂਟ 'ਤੇ ਚੱਲਣ ਵਾਲੀਆਂ ਲਗਜ਼ਰੀ ਬੱਸਾਂ 'ਤੇ ਬਾਦਲ ਪਰਿਵਾਰ ਦਾ ਪੂਰੀ ਤਰ੍ਹਾਂ ਏਕਾਧਿਕਾਰ ਹੈ। ਅਜਿਹੇ 'ਚ ਵਧੀਆ ਰੇਲ ਸੰਪਰਕ ਬਾਦਲ ਪਰਿਵਾਰ ਦੇ ਟਰਾਂਸਪੋਰਟ ਬਿਜਨੇਸ ਨੂੰ ਵੱਡਾ ਨੁਕਸਾਨ ਪਹੁੰਚਾਏਗਾ।

ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਨੂੰ ਰਾਜਪੁਰਾ ਨਾਲ ਜੋੜਨ ਦੀ ਗੱਲ ਕਰੀਏ, ਤਾਂ ਇਹ ਦੂਰੀ ਕਰੀਬ 40 ਕਿਲੋਮੀਟਰ ਦੀ ਹੈ। ਜਿਹੜੀ ਪੂਰੇ ਮਾਲਵਾ ਖੇਤਰ ਨੂੰ ਸਿੱਧਾ ਰੇਲ ਸੰਪਰਕ ਪ੍ਰਦਾਨ ਕਰੇਗੀ ਅਤੇ ਇਸ ਨਾਲ ਕਰੀਬ ਅੱਧਾ ਸੂਬਾ ਕਵਰ ਹੋ ਜਾਵੇਗਾ। ਇਸੇ ਤਰ੍ਹਾਂ ਯੂ.ਪੀ.ਏ ਸਰਕਾਰ ਵੱਲੋਂ ਐਲਾਨ ਕੀਤੇ ਗਏ ਬਿਆਸ-ਕਾਦੀਆਂ ਰੇਲ ਲਿੰਕ ਦੇ ਭਵਿੱਖ ਵੱਲ ਕੋਈ ਇਸ਼ਾਰਾ ਨਾ ਦਿੱਖਿਆ।

ਉਨ੍ਹਾਂ ਨੇ ਕਿਹਾ ਕਿ ਯੂ.ਪੀ.ਏ ਸਰਕਾਰ ਨੇ ਬੁਲੇਟ ਟ੍ਰੇਨ ਪ੍ਰੋਜੈਕਟ ਹੇਠ ਅੰਮ੍ਰਿਤਸਰ-ਚੰਡੀਗੜ੍ਹ-ਦਿੱਲੀ ਸਰਕਟ ਨੂੰ ਸ਼ਾਮਿਲ ਕੀਤਾ ਸੀ, ਪਰ ਵਰਤਮਾਨ ਸਰਕਾਰ ਨੇ ਸਿਰਫ ਮੁੰਬਈ-ਅਹਿਮਦਾਬਾਦ ਸੈਕਟਰ ਸ਼ਾਮਿਲ ਕੀਤਾ ਹੈ, ਜਿਸਦਾ ਕਾਰਨ ਦੇਸ਼ ਚੰਗੀ ਤਰ੍ਹਾਂ ਜਾਣਦਾ ਹੈ। ਹਾਲਾਂਕਿ ਉਹ ਇਸਦਾ ਵਿਰੋਧ ਨਹੀਂ ਕਰਦੇ, ਪਰ ਦਿੱਲੀ-ਅੰਮ੍ਰਿਤਸਰ ਬੁਲੇਟ ਟ੍ਰੇਨ ਪ੍ਰੋਜੈਕਟ ਨੂੰ ਅੱਗੇ ਵਧਾਇਆ ਜਾਣਾ ਚਾਹੀਦਾ ਸੀ।

ਇਸ ਲੜੀ ਹੇਠ ਨਾ ਸਿਰਫ ਬੁਲੇਟ ਟ੍ਰੇਨ ਪੋਜੈਕਟ 'ਚ ਪੰਜਾਬ ਨੂੰ ਨਜ਼ਰਅੰਦਾਜ ਕੀਤਾ ਗਿਆ ਹੈ, ਬਲਕਿ ਨਵੀਆਂ ਹਾਈ ਸਪੀਡ ਟ੍ਰੇਨਾਂ ਦੇ ਮਾਮਲੇ 'ਚ ਵੀ ਇਹੋ ਰਵੱਈਆ ਅਪਣਾਇਆ ਗਿਆ ਹੈ। ਇਹੋ ਹਾਲ ਫ੍ਰੇਟ ਕੋਰੀਡੋਰ ਨੂੰ ਲੁਧਿਆਣਾ ਤੋਂ ਅਟਾਰੀ ਤੱਕ ਵਧਾਉਣ ਦੀ ਮੰਗ ਨਾਲ ਹੋਇਆ ਹੈ। ਪਹਿਲਾਂ ਬਾਦਲ ਸਰਕਾਰ ਵੀ ਇਹੋ ਮੰਗ ਕਰ ਰਹੀ ਸੀ, ਪਰ ਉਹ ਬਜਟ 'ਚ ਇਸ ਲਿੰਕ ਨੂੰ ਸ਼ਾਮਿਲ ਕਰਵਾਉਣ 'ਚ ਅਸਫਲ ਰਹੀ।

ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਮੋਦੀ ਸਰਕਾਰ ਦੇ ਪਹਿਲੇ ਟੈਸਟ 'ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਕਿਹਾ ਕਿ ਇਸ ਤੋਂ ਇਨ੍ਹਾਂ ਕੋਲ ਨਵੀਂ ਸੋਚ ਦੀ ਕਮੀ ਦਾ ਪਤਾ ਚੱਲਦਾ ਹੈ, ਕਿਉਂਕਿ ਬਜਟ ਭਾਸ਼ਣ 'ਚ ਓਹੀ ਸੱਭ ਕੁਝ ਦੁਹਰਾਇਆ ਗਿਆ, ਜਿਸਨੂੰ ਬੀਤੇ ਸਾਲ ਦੇ ਬਜਟ ਨੂੰ ਯੂ.ਪੀ.ਏ ਸਰਕਾਰ ਨੇ ਕਿਹਾ ਤੇ ਪ੍ਰਸਤਾਵਿਤ ਕੀਤਾ ਸੀ।

ਉਨ੍ਹਾਂ ਨੇ ਆਪਣੇ ਪਰਿਵਾਰ ਦੇ ਹਿੱਤਾਂ ਕਾਰਨ ਪੰਜਾਬ ਦੀਆਂ ਜ਼ਰੂਰਤਾਂ ਨੂੰ ਜ਼ੋਰਦਾਰ ਤਰੀਕੇ ਨਾਲ ਪੇਸ਼ ਨਾ ਕਰਨ ਵਾਲੇ ਬਾਦਲ ਦੀ ਨਿੰਦਾ ਕੀਤੀ ਹੈ, ਬਾਵਜੂਦ ਇਸਦੇ ਕਿ ਬਾਦਲ ਪਰਿਵਾਰ ਦੀ ਇਕ ਮੈਂਬਰ ਹਰਸਿਮਰਤ ਕੌਰ ਬਾਦਲ ਮੋਦੀ ਕੈਬਿਨੇਟ ਦਾ ਹਿੱਸਾ ਹਨ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਪਿਛਲੇ ਬਜਟ 'ਚ ਪੰਜਾਬ ਲਈ ਐਲਾਨੇ ਗਏ ਚੰਡੀਗੜ੍ਹ-ਰਾਜਪੁਰਾ ਲਿੰਕ ਤੇ ਨਵੀਆਂ ਲਾਈਨਾਂ ਨੂੰ ਪ੍ਰਾਥਮਿਕਤਾ ਮਿਲਣੀ ਚਾਹੀਦੀ ਹੈ।