arrow

ਦੋ ਭਾਜਪਾ ਮੰਤਰੀਆਂ 'ਤੇ ਕਿਸੇ ਸਮੇਂ ਵੀ ਡਿੱਗ ਸਕਦੀ ਹੈ ਗਾਜ

ਚੰੜੀਗੜ੍ਹ , 8 ਜੁਲਾਈ-

ਪੰਜਾਬ ਸਰਕਾਰ ਵਿਚ ਸ਼ਾਮਲ ਭਾਜਪਾਈ ਮੰਤਰੀਆਂ ਦੇ ਬਦਲਾਅ ਨਾਲ ਸਬੰਧਤ ਪ੍ਰਕਿਰਿਆ ਆਖਰੀ ਪੜਾਅ 'ਤੇ ਪਹੁੰਚ ਚੁੱਕੀ ਹੈ। ਸੂਤਰਾਂ ਅਨੁਸਾਰ ਪਾਰਟੀ ਦੇ ਰਾਸ਼ਟਰੀ ਅਗਵਾਈ ਨੇ ਅਹੁਦੇ ਤੋਂ ਹਟਾਏ ਜਾਣ ਵਾਲੇ ਅਤੇ ਨਵੇਂ ਨਿਯੁਕਤ ਕੀਤੇ ਜਾਣ ਵਾਲੇ ਮੰਤਰੀਆਂ ਦੇ ਨਾਵਾਂ 'ਤੇ ਕੁਝ ਦਿਨ ਪਹਿਲਾਂ ਹੀ ਫੈਸਲਾ ਲੈ ਲਿਆ ਹੈ। ਹੁਣ ਇਸ ਦਾ ਰਿਵਾਇਤੀ ਤੌਰ 'ਤੇ ਸਿਰਫ ਐਲਾਨ ਹੀ ਬਾਕੀ ਹੈ। ਮੌਜੂਦਾ ਮੰਤਰੀਆਂ ਦੇ ਅਸਤੀਫੇ ਤੇ ਉਨ੍ਹਾਂ ਦੀ ਨਵੀਂ ਜਗ੍ਹਾ ਨਵੇਂ ਨਾਵਾਂ ਦੀ ਸੂਚੀ ਕਿਸੇ ਵੀ ਸਮੇਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸੌਂਪੀ ਜਾ ਸਕਦੀ ਹੈ।

ਮੌਜੂਦਾ ਹਾਲਾਤ ਵਿਚ ਪਾਰਟੀ ਦੀ ਪੰਜਾਬ ਇਕਾਈ ਦੇ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਸੂਬਾ ਵਿਧਾਇਕ ਦਲ ਦੇ ਸਾਬਕਾ ਆਗੂ ਮਨੋਰੰਜਨ ਕਾਲੀਆ ਦਾ ਕੈਬਨਿਟ ਵਿਚ ਸ਼ਾਮਲ ਹੋਣਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ। ਜਾਣਕਾਰਾਂ ਅਨੁਸਾਰ ਇਨ੍ਹਾਂ ਦੋਵਾਂ ਦੇ ਨਾਵਾਂ 'ਤੇ ਕਾਫੀ ਵਿਚਾਰ ਵਿਟਾਂਦਰੇ ਤੋਂ ਬਾਅਦ ਸਹਿਮਤੀ ਬਣੀ ਹੈ। ਇਸ ਵਿਚ ਸਵਾਲ ਇਹ ਹੈ ਕਿ ਜੇ ਇਨ੍ਹਾਂ ਦੋਵਾਂ ਦੀ ਐਂਟਰੀ ਕੈਬਨਿਟ ਵਿਚ ਹੁੰਦੀ ਹੈ ਤਾਂ ਫਿਰ ਬਾਹਰ ਕੌਣ ਜਾਏਗਾ?

ਕੀ ਮੰਤਰੀ ਦਾ ਇਹ ਵਿਸਥਾਰ ਸਿਰਫ ਅਸ਼ਵਨੀ ਕਾਲੀਆ ਤਕ ਹੀ ਸੀਮਿਤ ਹੋ ਕੇ ਰਹਿ ਜਾਵੇਗਾ ਜਾਂ ਕੋਈ ਹੋਰ ਮੰਤਰੀ ਵੀ ਬਦਲਿਆ ਜਾਵੇਗਾ? ਇਸ, ਸਮੇਂ ਚਰਚਾ ਦਾ ਵਿਸ਼ਾ ਇਹ ਹੈ । ਫਿਲਹਾਲ ਪਾਰਟੀ ਸੂਤਰ ਇਹੀ ਕਹਿ ਰਹੇ ਹਨ ਕਿ ਸਿਰਫ ਦੋ ਮੰਤਰੀ ਹੀ ਬਦਲੇ ਜਾਣੇ ਹਨ, ਜਿਨ੍ਹਾਂ ਦੀ ਜਗ੍ਹਾ ਅਸ਼ਵਨੀ ਤੇ ਕਾਲੀਆ ਕੈਬਨਿਟ ਵਿਚ ਸਾਮਲ ਹੋਣ ਜਾ ਰਹੇ ਹਨ। ਹਟਾਏ ਜਾਣ ਵਾਲੇ ਮੰਤਰੀਆਂ ਦੇ ਨਾਂ ਅਜੇ ਸਪੱਸ਼ਟ ਨਹੀਂ ਹਨ, ਹਾਲਾਂਕਿ ਫੈਸਲਾ ਹੋ ਚੁੱਕਾ ਹੈ। ਵੈਸੇ ਪਹਿਲਾਂ ਚਰਚਾ ਇਹ ਸੀ ਕਿ ਚਾਰੇ ਮੰਤਰੀਆਂ ਨੂੰ ਬਦਲ ਕੇ ਉਨ੍ਹਾਂ ਦੀ ਜਗ੍ਹਾ ਨਵੇਂ ਚੇਹਰੇ ਸ਼ਾਮਲ ਕੀਤੇ ਜਾਣਗੇ। ਨਵੇਂ ਚੇਹਰਿਆਂ ਵਿਚ ਅਸ਼ਵਨੀ, ਕਾਲੀਆ, ਕੇ.ਡੀ. ਭੰਡਾਰੀ ਤੇ ਸੋਮ ਪ੍ਰਕਾਸ਼ ਦੇ ਨਾਂ ਮੁੱਖ ਹਨ ਪਰ ਤਾਜ਼ਾ ਜਾਣਕਾਰੀ ਮੁਤਾਬਕ ਹੁਣ ਇਹ ਅੰਕੜਾ ਸਿਰਫ ਦੋ ਮੰਤਰੀਆਂ ਤਕ ਹੀ ਸੀਮਿਤ ਹੋ ਕੇ ਰਹਿ ਗਿਆ ਹੈ।