arrow

ਮੱਛੀ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਨਾਇਡੂ ਦੇ ਸਹਿਯੋਗ ਦੀ ਮੰਗ

ਚੰਡੀਗੜ੍ਹ, 8 ਜੁਲਾਈ-

ਸੂਬੇ ਵਿੱਚ ਮੱਛੀ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਆਂਧਰਾ ਪ੍ਰਦੇਸ਼ ਵਿੱਚ ਆਪਣੇ ਹਮਰੁਤਬਾ ਸ੍ਰੀ ਚੰਦਰ ਬਾਬੂ ਨਾਇਡੂ ਨੂੰ ਆਖਿਆ ਕਿ ਸੂਬੇ ਵਿੱਚ ਮਾਹਿਰਾਂ ਦੀ ਇਕ ਟੀਮ ਭੇਜੀ ਜਾਵੇ ਜੋ ਸੂਬੇ ਵਿਚ ਮੱਛੀ ਪਾਲਣ ਅਤੇ ਇਸ ਦੇ ਉਤਪਾਦਨ ਦੀ ਢੁਕਵੀਂ ਸੰਭਾਲ ਬਾਰੇ ਆਪਣੀ ਸਲਾਹ ਦੇਵੇ।

ਸ੍ਰੀ ਨਾਇਡੂ ਨੂੰ ਭੇਜੇ ਇਕ ਪੱਤਰ ਵਿਚ ਮੁੱਖ ਮੰਤਰੀ ਨੇ ਆਂਧਰਾ ਪ੍ਰਦੇਸ਼ ਵੱਲੋਂ ਮੱਛੀ ਪਾਲਣ ਦੇ ਕਿੱਤੇ ਵਿੱਚ ਕੀਤੀਆਂ ਵਿਲਖਣ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਦੱਸਿਆ ਕਿ ਪ੍ਰਤੀ ਹੈਕਟੇਅਰ ਮੱਛੀ ਦੀ ਪੈਦਾਵਾਰ ਵਿੱਚ ਪੰਜਾਬ ਮੋਹਰੀ ਸੂਬਿਆਂ ਵਿੱਚੋਂ ਇਕ ਹੈ। ਉਨ੍ਹਾਂ ਆਖਿਆ ਕਿ ਸੂਬਾ ਸਰਕਾਰ ਨੇ ਹਾਲ ਹੀ ਵਿਚ 600 ਏਕੜ ਦੇ ਖੇਤਰ ਵਿਚ ਆਧੁਨਿਕ ਮੱਛੀ ਫਾਰਮ ਸਥਾਪਤ ਕਰਨ ਦਾ ਇਕ ਪਾਇਲਟ ਪ੍ਰਾਜੈਕਟ ਆਰਭਿੰਆ ਹੈ। ਉਨ੍ਹਾਂ ਆਖਿਆ ਕਿ ਇਹ ਉਪਰਾਲਾ ਮੱਛੀ ਪਾਲਣ ਦੇ ਕਿੱਤੇ ਨੂੰ ਅਪਨਾਉਣ ਵਾਲੇ ਕਿਸਾਨਾਂ ਲਈ ਇਕ ਮਾਡਲ ਤੇ ਪ੍ਰਦਰਸ਼ਨੀ ਫਾਰਮ ਵਜੋਂ ਉਭਰੇਗਾ। ਸੂਬੇ ਵਿਚ ਨੀਲੀ ਕ੍ਰਾਂਤੀ ਲਿਆਉਣ ਵਿਚ ਆਂਧਰਾ ਪ੍ਰਦੇਸ਼ ਸਰਕਾਰ ਦੀ ਮਦਦ ਤੇ ਸਹਿਯੋਗ ਦੀ ਮੰਗ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਆਂਧਰਾ ਪ੍ਰਦੇਸ਼ ਦੇ ਸਹਿਯੋਗ ਦਾ ਪੰਜਾਬ ਨੂੰ ਬਹੁਤ ਵੱਡਾ ਲਾਭ ਮਿਲੇਗਾ।

ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ਸੂਬੇ ਵਿੱਚ ਰਵਾਇਤੀ ਖੇਤੀ ਹਾਸ਼ੀਏ 'ਤੇ ਪਹੁੰਚ ਗਈ ਹੈ ਜਿਸ ਕਰਕੇ ਮੁੱਖ ਮੰਤਰੀ ਨੇ ਡੇਅਰੀ ਤੇ ਮੱਛੀ ਪਾਲਣ ਜਿਹੇ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨ ਲਈ ਫਸਲੀ ਵੰਨ-ਸੁਵੰਨਤਾ 'ਤੇ ਜ਼ੋਰ ਦਿੱਤਾ। ਸ. ਬਾਦਲ ਨੇ ਦੱਖਣ-ਪਛੱਮੀ ਪੰਜਾਬ ਦੇ ਸੇਮਗ੍ਰਸਤ ਜ਼ਿਲ੍ਹਿਆਂ ਵਿੱਚ ਵਿਸ਼ੇਸ ਤੌਰ 'ਤੇ ਮੱਛੀ ਪਾਲਣ ਦੇ ਕਿੱਤੇ ਨੂੰ ਪ੍ਰਫੁੱਲਤ ਕਰਨ ਲਈ ਧਿਆਨ ਕੇਂਦਰਤ ਕੀਤਾ ਹੈ ਕਿਉਂ ਜੋ ਖਾਰੇ ਪਾਣੀ ਨੂੰ ਖੇਤੀ ਉਤਪਾਦਨ ਤੇ ਬਹੁਤ ਬੁਰਾ ਅਸਰ ਪਾਇਆ ਹੈ ਅਤੇ ਮੱਛੀ ਪਾਲਣ ਦੇ ਕਿੱਤੇ ਨਾਲ ਕਿਸਾਨਾਂ ਦੀ ਆਮਦਨ ਵਧਾਈ ਜਾ ਸਕੇਗੀ। ਇਸੇ ਸਬੰਧ ਵਿੱਚ ਸ. ਬਾਦਲ ਨੇ ਸੂਬੇ ਵਿਚ ਨਵੇਂ ਮੱਛੀ ਫਾਰਮ ਸਥਾਪਤ ਕਰਨ ਲਈ ਸਬਸਿਡੀ 40 ਫੀਸਦੀ ਤੋਂ ਵਧਾ ਕੇ 50 ਫੀਸਦੀ ਕਰਨ ਦਾ ਐਲਾਨ ਕੀਤਾ ਹੈ।